ਅੰਮ੍ਰਿਤਸਰ: ਦਲ ਖਾਲਸਾ ਨੇ ਜੂਨ 1984 ਦੇ ਘੱਲੂਘਾਰੇ ਦੌਰਾਨ ਜੂਝਕੇ ਸ਼ਹਾਦਤਾਂ ਪਾਉਣ ਵਾਲਿਆਂ ਸਿੰਘ-ਸਿੰਘਣੀਆਂ ਦੀ ‘ਸ਼ਹੀਦੀ ਡਾਇਰੈਟਕਟਰੀ’ ਦਾ ਚੌਥਾ ਐਡੀਸ਼ਨ ਛਾਪਣ ਦਾ ਫੈਸਲਾ ਕੀਤਾ ਹੈ। ਸ਼ਹੀਦੀ ਡਾਇਰੈਟਕਟਰੀ ਦੇ ਅਗਲੇ ਐਡੀਸ਼ਨ ਨੂੰ ਛਾਪਣ ਦਾ ਐਲਾਨ ਕਰਦਿਆਂ ਦਲ ਖਾਲਸਾ ਆਗੂ ਕੰਵਰਪਾਲ ਸਿੰਘ ਅਤੇ ਸਰਬਜੀਤ ਸਿੰਘ ਘੁਮਾਣ ਨੇ ਸਿੱਖ ਸੰਗਤਾਂ, ਸ਼ੋ੍ਰਮਣੀ ਕਮੇਟੀ ਮੈਂਬਰ ਅਤੇ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇੇ ਵਿੱਚ ਜੂਨ 84 ਦੇ ਉਹਨਾਂ ਸ਼ਹੀਦ ਪਰਿਵਾਰਾਂ ਤੱਕ ਪੁਹੰਚ ਕਰਨ ਜਿਨਾਂ ਦੇ ਪਰਿਵਾਰਿਕ ਮੈਂਬਰ ਦਰਬਾਰ ਸਾਹਿਬ ਵਿਖੇ ਸ਼ਹਾਦਤਾਂ ਪ੍ਰਾਪਤ ਕਰ ਗਏ ਸਨ। ਜਥੇਬੰਦੀ ਵਲੋਂ ਪਹਿਲਾਂ ਛਾਪੇ ਗਏ ਵੇਰਵਿਆਂ ਵਿਚ ਵੀ ਲੋੜੀਂਦੀ ਤਰਮੀਮ ਲਈ ਪਰਿਵਾਰਾਂ ਤੱਕ ਮੁੜ ਪਹੁੰਚ ਕਰਨ ਦੇ ਉਪਰਾਲੇ ਹੋ ਰਹੇ ਹਨ। ਉਹਨਾਂ ਸ਼ਹੀਦ ਪਰਿਵਾਰਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਜਥੇਬੰਦੀ ਦੇ ਅੰਮ੍ਰਿਤਸਰ ਸਥਿਤ ਦਫਤਰ ਤੱਕ ਸਿੱਧੀ ਪਹੁੰਚ ਕਰਨ।
ਇਹ ਸਵਾਲ ਬੇਹਦ ਅਹਿਮ ਹੈ ਕਿ ਆਖਿਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਨਾਲ ਮੋਢਾ ਜੋੜਕੇ ਜੂਝਣ ਵਾਲੇ ਕੁੱਲ ਕਿੰਨੇ ਕੁ ਸਿੰਘ-ਸਿੰਘਣੀਆਂ ਸਨ ਜਿੰਨਾਂ ਨੇ ਹਥਿਆਰਬੰਦ ਹੋਕੇ ਧਰਮ ਹੇਤ ਸੀਸ ਵਾਰੇ । ਇਸ ਮੰਤਵ ਦੀ ਪੂਰਤੀ ਲਈ ਦਲ ਖਾਲਸਾ ਨੇ 2005 ਵਿਚ ਇਕ ਮਤਾ ਪਾਕੇ ਉਨਾਂ ਸਿੰਘ-ਸਿੰਘਣੀਆਂ ਦਾ ਵੇਰਵਾ ਇਕੱਠਾ ਕਰਨ ਦਾ ਅਹਿਦ ਕੀਤਾ ਸੀ ਜਿਹੜੇ ਘੱਲੂਘਾਰੇ ਮੌਕੇ ਦਰਬਾਰ ਸਾਹਿਬ ਵਿਖੇ ਜੂਝਦੇ ਹੋਏ ਸ਼ਹਾਦਤਾਂ ਪਾ ਗਏ ਹਨ।ਦਲ ਖਾਲਸਾ ਦੀ ਇਕ ਟੀਮ ਨੇ ਪਿੰਡ-ਪਿੰਡ, ਘਰ-ਘਰ ਜਾਕੇ ਵੇਰਵੇ ਇਕਠੇ ਕੀਤੇ ਤੇ ਜਾਂਚ-ਪੜਤਾਲ ਮਗਰੋਂ ਸ਼ਹੀਦੀ ਡਾਇਰੈਕਟਰੀ ਛਾਪੀ ਗਈ।
ਪਹਿਲਾ ਐਡੀਸ਼ਨ ਵਿੱਚ 167 ਸ਼ਹੀਦਾਂ ਦੇ ਤਸਵੀਰਾਂ ਸਮੇਤ ਵੇਰਵੇ ਦਰਜ ਸਨ ਜੋ 2006 ਵਿੱਚ ਛਾਪਿਆ ਗਿਆ ਸੀ। ਦੂਜੇ ਐਡੀਸ਼ਨ ਵਿੱਚ 207 ਸ਼ਹੀਦਾਂ ਦੇ ਵੇਰਵੇ ਅਤੇ ਤੀਜਾ ਐਡੀਸ਼ਨ ਜੋ 2012 ਵਿੱਚ ਛਪਿਆ ਸੀ, ਉਸ ਵਿੱਚ 221 ਸ਼ਹੀਦਾਂ ਦੇ ਵੇਰਵੇ ਦਰਜ ਸਨ। ਪਹਿਲਾ ਅਤੇ ਦੂਜਾ ਐਡੀਸ਼ਨ ਦੀ ਸੇਵਾ ਜਥੇਬੰਦੀ ਵਲੋਂ ਆਪ ਕੀਤੀ ਗਈ ਸੀ ੳਤੇ ਤੀਜੇ ਭਾਗ ਦੀ ਸੇਵਾ ਦਮਦਮੀ ਟਕਸਾਲ ਵਲੋਂ ਕੀਤੀ ਗਈ ਸੀ। ਚੌਥੇ ਭਾਗ ਦੀ ਛਪਾਈ ਦੀ ਸੇਵਾ ਅਸਟ੍ਰੇਲੀਆ ਦੀ ਸੰਗਤ ਵਲੋਂ ਕੀਤੀ ਜਾਵੇਗੀ। ਉਹਨਾਂ ਦਸਿਆ ਕਿ ਹਜੂਰ ਸਾਹਿਬ ਵਾਲੇ ਸਵਰਗਵਾਸੀ ਬਾਬਾ ਸ਼ੀਸ਼ਾ ਸਿੰਘ ਨਾਲ ਸਬੰਧਤਿ 30 ਸਿੰਘ ਜੋ ਦਰਬਾਰ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ ਸ਼ਹੀਦੀਆਂ ਪਾ ਗਏ ਸਨ ਬਾਰੇ ਮੁਕੰਮਲ ਵੇਰਵੇ ਇੱਕਠੇ ਕਰਨ ਲਈ ਸਿਰਤੋੜ ਕੋਸ਼ਿਸ਼ਾਂ ਕਰ ਰਹੇ ਹਨ। ਉਹਨਾਂ ਅੱਗੇ ਦਸਿਆ ਕਿ ਸਾਕਾ ਦਰਬਾਰ ਸਾਹਿਬ ਵਿਖੇ ਸ਼ਹੀਦ ਹੋਣ ਵਾਲੇ ਸਿੰਘ-ਸਿੰਘਣੀਆਂ ਦਾ ਸਬੰਧ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਬਾਬਾ ਸ਼ੀਸ਼ਾ ਸਿੰਘ ਜਥਾ ਕਾਰ ਸੇਵਾ ਸੀ।
ਉਨਾਂ ਆਖਿਆ,”ਅਸੀਂ ਹਰੇਕ ਸੰਭਵ ਤਰੀਕੇ ਨਾਲ ਸ਼ਹੀਦਾਂ ਦੇ ਵਾਰਿਸਾਂ ਤੱਕ ਪਹੁੰਚਣ ਦਾ ਯਤਨ ਕਰ ਰਹੇ ਹਾਂ, ਚੌਥੇ ਐਡੀਸਨ ਵਿਚ ਤਕਰੀਬਨ ਸਾਰੇ ਸ਼ਹੀਦਾਂ ਦੀ ਮੁਕੰਮਲ ਜਾਣਕਾਰੀ ਛਪ ਜਾਵੇਗੀ। ਸ਼ਹੀਦੀ ਡਾਇਰੈਟਕਟਰੀ ਦਾ ਚੌਥਾ ਭਾਗ ਅਗਸਤ ਮਹੀਨੇ ਵਿਚ ਸਿੱਖ ਸੰਗਤਾਂ ਦੇ ਹੱਥਾਂ ਵਿਚ ਹੋਵੇਗਾ”।
ਉਹਨਾਂ ਕਿਹਾ ਕਿ ਇਹ ਸਵਾਲ ਸਦਾ ਹੀ ਚਰਚਾ ਵਿਚ ਰਹੇਗਾ ਕਿ ਜੂਨ 1984 ਨੂੰ ਘੱਲੂਘਾਰੇ ਮੌਕੇ ਕੁੱਲ ਕਿੰਨੇ ਸਿੱਖ ਦਰਬਾਰ ਸਾਹਿਬ ਕੰਪਲੈਕਸ ਵਿਚ ਭਾਰਤੀ ਫੌਜ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ? ਭਾਰਤ ਸਰਕਾਰ ਦੇ ਆਪਦੇ ਵਾਈਟ ਪੇਪਰ ਵਿਚ ਦਰਜ਼ ਹੈ ਕਿ ਕੁੱਲ਼ 492 ਵਿਅਕਤੀ ਮਾਰੇ ਗਏ ਸਨ ਜਿੰਨਾਂ ਵਿਚ 309 ਸਿਵਲੀਅਨ ਤੇ 83 ਮਿਲਟਰੀ ਦੇ ਬੰਦੇ ਸਨ।ਪਰ ਰਾਜੀਵ ਗਾਂਧੀ ਨੇ ਨੈਸ਼ਨਲ ਸਟੂਡੈਂਟਸ ਯੂਨੀਅਨ ਦੇ ਇਕ ਸਮਾਗਮ ਵਿਚ ਕਿਹਾ ਸੀ ਕਿ ਹਮਲੇ ਦੌਰਾਨ 700 ਸਿਪਾਹੀ ਤੇ ਅਫਸਰ ਮਾਰੇ ਗਏ।ਇੰਦਰਜੀਤ ਸਿੰਘ ਜੇਜੀ ਨੇ ਜੋ ‘ਨਸਲਕੁਸ਼ੀ ਦੀ ਰਾਜਨੀਤੀ’ ਨਾਮੀ ਰਿਪੋਰਟ ਯੂਨਾਈਟਡ ਨੇਸ਼ਨਸ ਕਮਿਸ਼ਨ ਔਨ ਹਿਊਮਨ ਰਾਈਟਸ” ਨੂੰ ਭੇਜੀ ਸੀ ਉਸ ਵਿਚ ਅੰਦਾਜ਼ੇ ਅਨੁਸਾਰ ਘੱਲੂਘਾਰੇ ਦੌਰਾਨ 10,000 ਵਿਅਕਤੀਆਂ ਦੇ ਮਾਰੇ ਜਾਣ ਦਾ ਅੰਕੜਾ ਦਿਤਾ ਗਿਆ ਹੈ। ਦਰਬਾਰ ਸਾਹਿਬ ਕੰਪਲੈਕਸ ਵਿਚ ਮਾਰੇ ਗਏ ਲੋਕਾਂ ਵਿਚ ਬਹੁਤੇ ਆਮ ਸ਼ਰਧਾਲੂ ਹੀ ਸਨ ਜਦਕਿ ਜੂਝਦੇ ਹੋਏ ਸ਼ਹੀਦ ਹੋਣ ਵਾਲੇ ਸਿੱਖ ਜੁਝਾਰੂ ਤਕਰੀਬਨ 300 ਹੋਣਗੇ।
ਡਾਇਰੈਟਕਟਰੀ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ “‘ਸ਼ਹੀਦੀ ਡਾਇਰੈਕਟਰੀ ਵਿਚ ਅਸੀਂ ਉਨਾਂ ਸਿਖਾਂ ਦੇ ਵੇਰਵੇ ਨਹੀ ਲਏ ਜਿਹੜੇ ਲੜੇ ਤਾਂ ਸੀ ਪਰ ਜਾਂ ਤੇ ਉਹ ਜੰਗ ਦੌਰਾਨ ਬਚਕੇ ਨਿਕਲ ਗਏ ਜਾਂ ਗ੍ਰਿਫਤਾਰ ਹੋ ਗਏ ਤੇ ਜੋਧਪੁਰ ਜੇਲ੍ਹ ਪਹੁੰਚ ਗਏ।ਅਸੀਂ ਸਿਰਫ ਜੂਝਣ ਵਾਲਿਆਂ ਦੇ ਵੇਰਵੇ ਹੀ ਇਕੱਠੇ ਕੀਤੇ ਤਾਂਕਿ ਦੁਨੀਆਂ ਜਾਣ ਸਕੇ ਕਿ ਕੁਲ਼ ਕਿੰਨੇ ਕੁ ਸਿੰਘਾਂ ਨੇ ਹਿੰਦੋਸਤਾਨ ਦੀ ਫੌਜ ਨਾਲ ਮੁਕਾਬਲਾ ਕੀਤਾ।