Site icon Sikh Siyasat News

ਇਤਿਹਾਸ ਦੀਆਂ ਪਾਠ ਪੁਸਤਕਾਂ ਦਾ ਵਿਵਾਦ; ਜਾਰੀ ਤੁਲਨਾਤਮਕ ਵੇਰਵੇ ਸਰਕਾਰ ਨੂੰ ਹੀ ਪੁੱਠੇ ਪਏ

ਜਲੰਧਰ, (ਮੇਜਰ ਸਿੰਘ): ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਇਤਿਹਾਸ ਵਿਸ਼ੇ ਦੀਆਂ ਨਵੀਆਂ ਪੁਸਤਕਾਂ ਤਿਆਰ ਕਰਨ ਸਮੇਂ ਨਾ ਤਾਂ ਪੰਜਾਬ ਤੇ ਸਿੱਖ ਧਰਮ ਸਬੰਧੀ ਪਹਿਲਾਂ ਤੋਂ ਸ਼ਾਮਿਲ ਚੈਪਟਰਾਂ ਨੂੰ ਬਾਹਰ ਕੱਢਿਆ ਹੈ, ਤੇ ਨਾ ਹੀ ਵਿਸ਼ਾ ਸੂਚੀ ਨਾਲ ਕੋਈ ਛੇੜ-ਛਾੜ ਹੀ ਕੀਤੀ ਗਈ ਹੈ, ਪਰ ਸਰਕਾਰ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਇਕ ਨਵਾਂ ਸਪੱਸ਼ਟੀਕਰਨ ਇਹ ਦਿੱਤਾ ਕਿ ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਪਾਠਕ੍ਰਮ ਵਿਚੋਂ ਕੱਢੇ ਗਏ ਕੁਝ ਚੈਪਟਰ 9ਵੀਂ ਤੇ 10ਵੀਂ ਜਮਾਤ ਦੀ ਕਿਤਾਬ ਵਿਚ ਸ਼ਾਮਿਲ ਕੀਤੇ ਗਏ ਹਨ।

ਸਿੱਖਿਆ ਬੋਰਡ ਵੱਲੋਂ ਛਪਾਈ ਅਧੀਨ ਇਤਿਹਾਸ ਦੀ ਪਾਠ ਪੁਸਤਕ ਦਾ ਸਰਵਰਕ।

ਸਰਕਾਰ ਦੇ ਨਵੇਂ ਸਪੱਸ਼ਟੀਕਰਨ ਤੋਂ ਇਹ ਗੱਲ ਤਾਂ ਸਾਬਤ ਹੋ ਹੀ ਗਈ ਹੈ ਕਿ ਪੰਜਾਬ ਤੇ ਸਿੱਖ ਧਰਮ ਬਾਰੇ ਬਹੁਤ ਸਾਰੇ ਅਹਿਮ ਚੈਪਟਰ ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਪਾਠਕ੍ਰਮ ਵਿਚੋਂ ਕੱਢ ਦਿੱਤੇ ਗਏ ਹਨ। ਸਰਕਾਰ ਵਲੋਂ ਜਾਰੀ ਕੀਤੇ ਗਏ ਤੁਲਨਾਤਮਿਕ ਵੇਰਵੇ ਨੂੰ ਗਹੁ ਨਾਲ ਵਾਚਿਆਂ ਇਹ ਵੇਰਵਾ ਤਿਆਰ ਕਰਨ ਵਾਲੀ ਚਲਾਕੀ ਭਰੀ ਸੋਚ ਨੂੰ ਦਾਦ ਦੇਣੀ ਬਣਦੀ ਹੈ। ਇਸ ਵੇਰਵੇ ਵਿਚ ਇਹ ਨਹੀਂ ਦਿੱਤਾ ਗਿਆ ਕਿ ਬਾਰ੍ਹਵੀਂ ਦੇ ਪਾਠਕ੍ਰਮ ਵਿਚੋਂ ਪੰਜਾਬ ਅਤੇ ਸਿੱਖ ਧਰਮ ਬਾਰੇ ਅਹਿਮ ਚੈਪਟਰ ਕੱਢ ਦਿੱਤੇ ਗਏ ਹਨ, ਸਗੋਂ ਬਾਰ੍ਹਵੀਂ ਦੇ ਪਾਠਕ੍ਰਮ ਵਿਚੋਂ ਕੱਢੇ ਗਏ ਚੈਪਟਰਾਂ ਨੂੰ 9ਵੀਂ, 10ਵੀਂ ਤੇ 11ਵੀਂ ਦੇ ਪਾਠਕ੍ਰਮ ‘ਚ ਸ਼ਾਮਿਲ ਹੋਣ ਦਾ ਛਲਾਵੇ ਭਰਿਆ ਵਿਖਿਆਨ ਕੀਤਾ ਗਿਆ ਹੈ। ਵਿਸ਼ਾ ਮਾਹਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਵਿਸ਼ੇ ਖ਼ਾਸ ਕਰ ਇਤਿਹਾਸ ਨਾਲ ਸਬੰਧਿਤ ਪਾਠਕ੍ਰਮ ਵਿਚ ਇਹ ਨਹੀਂ ਹੁੰਦਾ ਕਿ ਹਰ ਜਮਾਤ ਦਾ ਪਾਠਕ੍ਰਮ ਦੂਜੀ ਜਮਾਤ ਦੇ ਪਾਠਕ੍ਰਮ ਤੋਂ ਬਿਲਕੁਲ ਅੱਡਰਾ ਹੋਵੇਗਾ। ਸਗੋਂ ਵੱਖ-ਵੱਖ ਜਮਾਤਾਂ ਦੇ ਪੱਧਰ ਨੂੰ ਦੇਖਦਿਆਂ ਇਤਿਹਾਸ ਸਬੰਧੀ ਪਾਠਕ੍ਰਮ ਬਣਾਏ ਜਾਂਦੇ ਹਨ।

ਕਈ ਮਾਹਿਰਾਂ ਨੇ ਇਸ ਗੱਲ ਉੱਪਰ ਹੈਰਾਨੀ ਵੀ ਪ੍ਰਗਟ ਕੀਤੀ ਹੈ ਕਿ ਦਿੱਤੇ ਗਏ ਵੇਰਵੇ ਵਿਚ 12ਵੀਂ ਦੇ ਪੁਰਾਣੇ ਪਾਠਕ੍ਰਮ ਦੇ ਕੁਝ ਚੈਪਟਰ 9ਵੀਂ ਜਾਂ 10ਵੀਂ ਦੇ ਪਾਠਕ੍ਰਮ ‘ਚ ਸ਼ਾਮਿਲ ਕੀਤੇ ਦੱਸੇ ਹਨ। ਤੁਲਨਾਤਮਿਕ ਵੇਰਵੇ ਦੇਣ ਲੱਗਿਆਂ 12ਵੀਂ ਦੀ ਪੁਰਾਣੀ ਤੇ ਹੁਣ ਛਾਪੀ ਜਾ ਰਹੀ ਕਿਤਾਬ ਦੀ ਤੁਲਨਾ ਨਹੀਂ ਕੀਤੀ ਗਈ। ਸਗੋਂ ਇਸ ਦੇ ਉਲਟ 12ਵੀਂ ਦੀ ਪੁਰਾਣੀ ਕਿਤਾਬ ਦੀ ਤੁਲਨਾ 11ਵੀਂ ਦੀ ਨਵੀਂ ਕਿਤਾਬ ਨਾਲ ਕੀਤੀ ਗਈ ਹੈ। ਇਸ ਤਰ੍ਹਾਂ ਸਰਕਾਰ ਤੇ ਸਿੱਖਿਆ ਵਿਭਾਗ ਨੇ ਇਕ ਨਵਾਂ ਭੰਬਲਭੂਸਾ ਖੜ੍ਹਾ ਕਰਨ ਦਾ ਯਤਨ ਕੀਤਾ ਹੈ, ਜਦਕਿ ਹਕੀਕਤ ਇਹ ਹੈ ਕਿ ਬਾਰ੍ਹਵੀਂ ਦੇ ਪਾਠਕ੍ਰਮ ਵਿਚਲੇ ਪੰਜਾਬ ਦੇ ਇਤਿਹਾਸ ਨਾਲ ਸਬੰਧਿਤ ਅਹਿਮ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਦੇ 6 ਪਾਠ ਨਵੀਂ ਤਿਆਰ ਕੀਤੀ ਪਾਠਕ੍ਰਮ ਪੁਸਤਕ ਵਿਚੋਂ ਕੱਢ ਦਿੱਤੇ ਗਏ ਹਨ। ਇਹ ਵਿਸ਼ੇ ਗਿਆਰ੍ਹਵੀਂ ਦੇ ਪਾਠਕ੍ਰਮ ‘ਚ ਸ਼ਾਮਿਲ ਕਰਨ ਦੀ ਗੱਲ ਵੀ ਬੇਬੁਨਿਆਦ ਹੈ। ਅਸਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸਿੱਖ ਧਰਮ ਦੀ ਸਥਾਪਨਾ ਤੇ ਸਮਾਜਿਕ, ਧਾਰਮਿਕ ਲਹਿਰਾਂ ਦੇ ਚੈਪਟਰ ਪਹਿਲਾਂ ਹੀ ਇਸ ਪਾਠਕ੍ਰਮ ਵਿਚ ਸ਼ਾਮਿਲ ਸਨ। ਗਿਆਰ੍ਹਵੀਂ ਦੇ ਪੁਰਾਣੇ ਪਾਠਕ੍ਰਮ ਵਿਚ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਤੇ ਬਰਤਾਨਵੀ ਸ਼ਾਸਨਕਾਲ ਬਾਰੇ ਚੈਪਟਰ ਸ਼ਾਮਿਲ ਸਨ। ਉਹ ਚੈਪਟਰ ਕੱਢ ਦਿੱਤੇ ਗਏ ਹਨ ਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਚੈਪਟਰ 12ਵੀਂ ਦੇ ਪਾਠਕ੍ਰਮ ਵਿਚ ਸ਼ਾਮਿਲ ਕਰ ਦਿੱਤਾ ਹੈ।

ਨਵੀਂ ਸਰਕਾਰ ਅਧੀਨ ਬਣੀ ਰਚਨਾ ਕਮੇਟੀ
ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਇਤਿਹਾਸ ਦੀਆਂ ਪਾਠ ਪੁਸਤਕਾਂ ਤਿਆਰ ਕਰਨ ਲਈ ਬਣਾਈ ਵਿਸ਼ਾ ਰਚਨਾ ਕਮੇਟੀ ਵਿਚ ਸ਼ਾਮਿਲ ਕੀਤੇ ਗਏ ਪੰਜੇ ਮੈਂਬਰ ਪੰਜਾਬੋਂ ਬਾਹਰਲੇ ਹਨ। ਇਨ੍ਹਾਂ ਵਿਚ ਸ੍ਰੀ ਸੰਦੀਪਨ ਵਰਮਾ ਫੈਕਲਟੀ ਮਹਾਤਮਾ ਗਾਂਧੀ ਸੰਸਥਾ ਚੰਡੀਗੜ੍ਹ, ਡਾ: ਆਸ਼ੀਸ਼ ਕੁਮਾਰ, ਡਾ: ਪ੍ਰਿਆਤੋਸ਼ ਸ਼ਰਮਾ ਤੇ ਡਾ: ਜਸਬੀਰ ਸਿੰਘ ਸਾਰੇ ਸਹਾਇਕ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਰਾਮ ਮੂਰਤੀ ਸ਼ਰਮਾ ਸਹਾਇਕ ਪ੍ਰੋਫੈਸਰ ਦਿੱਲੀ ਯੂਨੀਵਰਸਿਟੀ ਸ਼ਾਮਿਲ ਹਨ। ਬਾਰ੍ਹਵੀਂ ਦੀ ਨਵੀਂ ਛਪੀ ‘ਇਤਿਹਾਸ’ ਦੇ ਨਾਂਅ ਹੇਠਲੀ ਇਸ ਪੁਸਤਕ ਦੇ ਮੁੱਖਬੰਦ ‘ਆਭਾਰ’ ਜਤਾਉਂਦਿਆਂ ਲਿਖਿਆ ਗਿਆ ਹੈ ਕਿ ‘ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੈ, ਜਿਸ ਦੀ ਪਹਿਲ ਸ੍ਰੀ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਵਲੋਂ ਕੀਤੀ ਗਈ, ਜੋ ਕਿ ਸਕੂਲ ਸਿੱਖਿਆ ਵਿਚ ਇਕ ਸ਼ਲਾਘਾਯੋਗ ਕਦਮ ਹੈ।’ ਇਨ੍ਹਾਂ ਸਤਰਾਂ ਤੋਂ ਕੋਈ ਭੁਲੇਖਾ ਨਹੀਂ ਰਹਿੰਦਾ ਕਿ ਨਵੀਂ ਕਿਤਾਬ ਤਿਆਰ ਕਰਨ ‘ਚ ਕਿਸ ਦੇ ਦਿਮਾਗ ਦਾ ਅਹਿਮ ਯੋਗਦਾਨ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਾਬਕਾ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਧਾਲੀਵਾਲ ਨੇ ਦੱਸਿਆ ਕਿ ਫਰਵਰੀ 2017 ਤੱਕ ਉਨ੍ਹਾਂ ਕੇ ਕਾਰਜਕਾਲ ਦੌਰਾਨ ਪੰਜਾਬ ‘ਚ ਸੈਕੰਡਰੀ ਸਿੱਖਿਆ ਦੇ ਇਤਿਹਾਸ ਦੇ ਪਾਠਕ੍ਰਮ ‘ਚ ਤਬਦੀਲੀ ਕਰਨ ਦਾ ਕੋਈ ਵਿਚਾਰ ਨਹੀਂ ਸੀ। ਉਨ੍ਹਾਂ ਕਿਹਾ ਕਿ ਸਾਡਾ ਉਸ ਵੇਲੇ ਵਿਚਾਰ ਇਹੀ ਸੀ ਕਿ ਹਿਸਾਬ, ਰਸਾਇਣਕ ਵਿਗਿਆਨ, ਭੌਤਿਕ ਵਿਗਿਆਨ, ਜੀਵ ਵਿਗਿਆਨ ਤੇ ਹੋਰ ਵਿਸ਼ਿਆਂ ਦਾ ਪਾਠਕ੍ਰਮ ਤਾਂ ਭਾਵੇਂ ਕੌਮੀ ਪੱਧਰ ‘ਤੇ ਇਕੋ ਜਿਹਾ ਕਰ ਲਿਆ ਜਾਵੇ, ਪਰ ਵੱਖ-ਵੱਖ ਸੂਬਿਆਂ ਦੇ ਖੇਤਰੀ, ਸੱਭਿਆਚਾਰਕ ਤੇ ਇਤਿਹਾਸਕ ਵੰਨਗੀਆਂ ਵੱਖਰੀਆਂ ਹੋਣ ਕਾਰਨ ਇਤਿਹਾਸ ਦਾ ਪਾਠਕ੍ਰਮ ਸੂਬਿਆਂ ਮੁਤਾਬਿਕ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਵਿਚਾਰ ਨੂੰ ਪਤਾ ਨਹੀਂ ਕਿਉਂ ਬਦਲ ਦਿੱਤਾ ਗਿਆ ਹੈ।

ਸਿੱਖ ਧਰਮ ਬਾਰੇ ਪਹਿਲਾਂ ਵੀ ਵਿਵਾਦ ‘ਚ ਰਹੇ ਨੇ ਕ੍ਰਿਸ਼ਨ ਕੁਮਾਰ
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਪਿ੍ੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਪਹਿਲਾਂ ਵੀ ਸਿੱਖ ਧਰਮ ਬਾਰੇ ਛਪੀ ਕਿਤਾਬ ਦੇ ਵਿਵਾਦ ‘ਚ ਸ਼ਾਮਿਲ ਰਹੇ ਹਨ। ਅਕਾਲੀ-ਭਾਜਪਾ ਸਰਕਾਰ ਸਮੇਂ 2010 ‘ਚ ਉਹ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸਨ ਤੇ ਉਨ੍ਹਾਂ ਦੀ ਦੇਖ-ਰੇਖ ਹੇਠ ਪ੍ਰਾਇਮਰੀ ਜਮਾਤਾਂ ਲਈ ਵਿਸ਼ਵ-ਕੋਸ਼ ‘ਗਿਆਨ ਸਰੋਵਰ’ ਛਾਪਿਆ ਗਿਆ ਸੀ। ‘ਗਿਆਨ ਸਰੋਵਰ’ ਵਿਚ ਬੇਬੇ ਨਾਨਕੀ ਬਾਰੇ ਵਿਵਾਦਗ੍ਰਸਤ ਤੱਥ ਛਾਪੇ ਗਏ ਸਨ। ਜਦ ਵੱਡੀ ਪੱਧਰ ‘ਤੇ ਵਿਰੋਧ ਉੱਠਿਆ ਤਾਂ ਕ੍ਰਿਸ਼ਨ ਕੁਮਾਰ ਨੇ ਪੂਰੇ ਸੰਪਾਦਕੀ ਮੰਡਲ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਲਿਖਤੀ ਮੁਆਫੀ ਮੰਗੀ ਸੀ ਤੇ ਭਰੋਸਾ ਦੁਆਇਆ ਸੀ ਕਿ ਭਵਿੱਖ ਵਿਚ ਅਜਿਹੀ ਗਲਤੀ ਮੁੜ ਨਹੀਂ ਦੁਹਰਾਈ ਜਾਵੇਗੀ। ਮੌਜੂਦਾ ਕਿਤਾਬ ਦੀ ਰਚਨਾ ਕਮੇਟੀ ਵਿਚ ਸ਼ਾਮਿਲ ਡਾ: ਜਸਬੀਰ ਸਿੰਘ ਚੰਡੀਗੜ੍ਹ ਉਕਤ ਸੰਪਾਦਕੀ ਮੰਡਲ ‘ਚ ਵੀ ਸ਼ਾਮਿਲ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version