Site icon Sikh Siyasat News

ਬਰਤਾਨੀਆਂ ਵਿੱਚ ਇਸਾਈ ਭਾਈਚਾਰੇ ਨੇ ਦਿੱਲੀ ‘ਚ ਹੋ ਰਹੇ ਚਰਚਾਂ ‘ਤੇ ਹਮਲਿਆਂ ਦੇ ਰੋਸ ਵਜੋਂ ਕੀਤਾ ਰੋਸ ਮੁਜ਼ਾਹਰਾ

ਲੰਡਨ (8 ਫਰਵਰੀ, 2015): ਬਰਤਾਨੀਆਂ ਵਿੱਚ ਵੱਸਦੇ ਇਸਾਈ ਭਾਈਚਾਰੇ ਨੇ ਭਾਰਤ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਭਾਜਪਾ ਸਰਕਾਰ ਬਨਣ ਤੋਂ ਬਾਅਦ ਵਿੱਚ ਚੱਲੇ ਜਬਰੀ ਧਰਮ ਪ੍ਰਵਰਤਨ ਪ੍ਰੋਗਰਾਮ, ਭਾਰਤ ਵਿੱਚ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਅਤੇ ਦਿੱਲ਼ੀ ਵਿੱਚ ਚਰਚਾ ‘ਤੇ ਹੋ ਰਹੇ ਹਮਲੇ ਅਤੇ ਹਮਲ਼ਿਆਂ ਦੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੇ 10 ਡਾਊਨਿੰਗ ਸਟਰੀਟ ਤੋਂ ਲੈ ਕੇ ਭਾਰਤੀ ਹਾਈ ਕਮਿਸ਼ਨ ਲੰਡਨ ਤੱਕ ਏਸ਼ੀਅਨ ਕਿ੍ਸਚੀਅਨ ਫਰੰਟ ਯੂ. ਕੇ. ਵੱਲੋਂ ਸਿੱਖਾਂ ਸਮੇਤ ਭਾਰਤ ਦੇ ਘੱਟ ਗਿਣਤੀ ਭਾਈਚਾਰਿਆਂ ਦੇ ਸਹਿਯੋਗ ਨਾਲ ਲੰਡਨ ਵਿਖੇ ਰੋਸ ਮਾਰਚ ਕੀਤਾ ਗਿਆ।

ਮੋਦੀ ਸ਼ਾਸਨ ਦੌਰਾਨ ਭਾਰਤ ਵਿਚ ਸ਼ੁਰੂ ਹੋਈ ਜਬਰੀ ਧਰਮ ਪ੍ਰੀਵਰਤਨ ਦੀ ਨਿਖੇਧੀ ਕਰਦਿਆਂ ਰੋਸ ਮਾਰਚ

ਇਸ ਮੌਕੇ ਫਰੰਟ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੇ ਦਫਤਰ ਵਿੱਚ ਰੋਸ ਪੱਤਰ ਦਿੱਤਾ, ਜਿਸ ਵਿਚ ਮੋਦੀ ਸ਼ਾਸਨ ਦੌਰਾਨ ਭਾਰਤ ਵਿਚ ਸ਼ੁਰੂ ਹੋਈ ਜਬਰੀ ਧਰਮ ਪ੍ਰੀਵਰਤਨ ਦੇ ਸ਼ੁਰੂ ਹੋਏ ਦੌਰ ਦੀ ਨਿਖੇਧੀ ਕਰਦਿਆਂ ਬਰਤਾਨਵੀ ਸਰਕਾਰ ਨੂੰ ਦਖ਼ਲ ਦੇਣ ਦੀ ਮੰਗ ਕੀਤੀ।

ਫਰੰਟ ਦੇ ਆਗੂ ਸ੍ਰੀ ਦਿਆਲ ਮਸੀਹ ਵੱਲੋਂ ਦਿੱਤੀ ਜਾਣਕਾਰੀ ਵਿੱਚ ਕਿਹਾ ਗਿਆ ਕਿ ਦਿੱਲੀ ਵਿਚ ਇਕ ਗਿਰਜਾ ਘਰ ‘ਤੇ ਕੀਤੇ ਗਏ ਹਮਲੇ ਨੂੰ ਦੁਰਘਟਨਾ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਇਹ ਜਾਣ-ਬੁੱਝ ਕੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਕਾਰਵਾਈ ਸੀ।

ਈਸਾਈ ਭਾਈਚਾਰੇ ਦੇ ਆਗੂਆਂ ਨੇ ਭਾਰਤੀ ਹਾਈ ਕਮਿਸ਼ਨ ਸਾਹਮਣੇ ਵੀ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version