ਫਰੀਦਕੋਟ/ਚੰਡੀਗੜ੍ਹ: ਸਾਕਾ ਬਹਿਬਲ ਕਲਾਂ 2015 ਨਾਲ ਜੁੜੇ ਫੌਜਦਾਰੀ ਮਾਮਲੇ ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਮੋਗੇ ਦੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਨੂੰ ਬੀਤੇ ਕੱਲ੍ਹ ਫਰੀਦਕੋਟ ਵਿਖੇ ਜਸਟਿਸ ਚੇਤਨ ਸ਼ਰਮਾਂ ਦੀ ਅਦਾਲਤ ਚ ਪੇਸ਼ੀ ਲਈ ਲਿਆਂਦਾ ਗਿਆ।
ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਉਨ੍ਹਾਂ ਨੂੰ ਮੁੜ 14 ਮਈ ਨੂੰ ਪੇਸ਼ ਕਰਨ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਸਾਕਾ ਬਹਿਬਲ ਕਲਾਂ ਮਾਮਲੇ ਸਬੰਧੀ ਚਰਨਜੀਤ ਸ਼ਰਮਾ ਨੂੰ 2 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਸਪੈਸ਼ਲ ਇਵੈਸਟੀਗੇਸ਼ਨ ਟੀਮ (ਸਿ.ਇ.ਟੀ) ਵੱਲੋਂ ਸ਼ਰਮਾ ਖਿਲਾਫ ਚਲਾਨ ਪੇਸ਼ ਕੀਤੇ ਜਾਣ ਮਗਰੋਂ ਅੱਜ ਉਸ ਨੂੰ ਫ਼ਰੀਦਕੋਟ ਅਦਾਲਤ ਲਿਆਂਦਾ ਗਿਆ। ਦੱਸਣਯੋਗ ਹੈ ਕਿ ਸ਼ਰਮਾ ਪਟਿਆਲਾ ਜੇਲ੍ਹ ਵਿਚ ਨਜ਼ਰਬੰਦ ਹੈ।
ਪਤਾ ਲੱਗਾ ਹੈ ਕਿ ਚਰਨਜੀਤ ਸ਼ਰਮਾ ਨੇ ਸਾਕਾ ਬਹਿਬਲ ਮਾਮਲੇ ਵਿਚ ਜਮਾਨਤ ਲੈਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਹੁੰਚ ਕੀਤੇ ਹੈ। ਹਾਈਕੋਰਟ ਵਿਚ ਉਸ ਵਲੋਂ ਦਾਇਰ ਕੀਤੀ ਗਈ ਜਮਾਨਤ ਦੀ ਅਰਜੀ ਉੱਤੇ 9 ਮਈ ਨੂੰ ਸੁਣਵਾਈ ਹੋਣ ਦੇ ਅਸਾਰ ਹਨ।
ਜ਼ਿਕਰਯੋਗ ਹੈ ਕਿ 14 ਅਕਤੂਬਰ 2015 ਨੂੰ ਚਰਨਜੀਤ ਸ਼ਰਮਾ ਦੀ ਅਗਵਾਈ ਵਿਚ ਪੰਜਾਬ ਪੁਲਿਸ ਨੇ ਬਹਿਬਲਕਲਾਂ ਵਿਚ ਗੋਲੀਬਾਰੀ ਕਰਕੇ ਦੋ ਸਿੱਖਾਂ – ਭਾਈ ਕ੍ਰਿਸ਼ਨ ਭਗਵਾਨ ਸਿੰਘ (ਨਿਆਮੀਵਾਲਾ) ਅਤੇ ਭਾਈ ਗੁਰਜੀਤ ਸਿੰਘ (ਸਰਾਵਾਂ) ਨੂੰ ਸ਼ਹੀਦ ਕਰ ਦਿੱਤਾ ਸੀ।