ਫਰੀਦਕੋਟ/ਚੰਡੀਗੜ੍ਹ: ਸਾਕਾ ਬਹਿਬਲ ਕਲਾਂ 2015 ਚ ਦੋ ਸਿੱਖ ਨੌਜਵਾਨਾਂ ਨੂੰ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕਰਨ ਦੇ ਮਾਮਲੇ ਚ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਸਾਬਕਾ ਐਸ.ਐਸ.ਪੀ ਚਰਨਜੀਤ ਸ਼ਰਮਾ ਦੀ ਜਮਾਨਤ ਦੀ ਅਰਜੀ ਬੀਤੇ ਦਿਨ ਫਰੀਦਕੋਟ ਦੀ ਇਕ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ। ਚਰਨਜੀਤ ਸ਼ਰਮਾ ਨੂੰ ਪੰਜਾਬ ਪੁਲਿਸ ਦੇ ਖਾਸ ਜਾਂਚ ਦਲ (ਸਿੱਟ) ਵਲੋਂ 27 ਜਨਵਰੀ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਸੀ।
ਚਰਨਜੀਤ ਸ਼ਰਮਾ ਨੇ ਅਦਾਲਤ ਕੋਲ ਇਹ ਦਲੀਲ ਲਈ ਸੀ ਕਿ ਉਹ ਦਿਲ ਦਾ ਮਰੀਜ ਹੈ ਤੇ ਉਹ ਪੁਲਿਸ ਰਿਮਾਂਡ ਦੌਰਾਨ ਵੀ ਬਿਮਾਰ ਹੋ ਗਿਆ ਸੀ ਇਸ ਲਈ ਉਸ ਨੂੰ ਜਮਾਨਤ ਉੱਤੇ ਰਿਹਾਅ ਕਰ ਦਿੱਤਾ ਜਾਵੇ ਪਰ ਦੂਜੇ ਬੰਨੇ ਸਿੱਟ ਨੇ ਇਹ ਦਲੀਲ ਲਈ ਕਿ ਜੇਕਰ ਚਰਨਜੀਤ ਸ਼ਰਮਾ ਨੂੰ ਜਮਾਨਤ ਉੱਤੇ ਛੱਡਿਆ ਗਿਆ ਤਾਂ ਉਹ ਮਾਮਲੇ ਦੀ ਜਾਂਚ ਚ ਅੜਿੱਕਾ ਡਾਹ ਸਕਦਾ ਹੈ ਤੇ ਗਵਾਹਾਂ ਨੂੰ ਡਰਾ ਕੇ ਤੋੜ ਸਕਦਾ ਹੈ।
ਫਰੀਦਕੋਟ ਦੇ ਸੈਸ਼ਨ ਜੱਜ ਹਰਪ੍ਰੀਤ ਸਿੰਘ ਦੀ ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਚਰਨਜੀਤ ਸ਼ਰਮਾ ਦੀ ਜਮਾਨਤ ਦੀ ਅਰਜੀ ਰੱਦ ਕਰ ਦਿੱਤੀ। ਚਰਨਜੀਤ ਸ਼ਰਮਾ ਦੇ ਪਰਵਾਰ ਨੇ ਕਿਹਾ ਹੈ ਕਿ ਉਹ ਹੁਣ ਉਹਦੀ ਜਮਾਨਤ ਲਈ ਹਾਈ ਕੋਰਟ ਤੱਕ ਪਹੁੰਚ ਕਰਨਗੇ।
ਜ਼ਿਕਰਯੋਗ ਹੈ ਕਿ ਸਾਕਾ ਬਹਿਬਲ ਕਲਾਂ ਵੇਲੇ ਚਰਨਜੀਤ ਸ਼ਰਮਾ ਮੋਗੇ ਦਾ ਐਸ.ਐਸ.ਪੀ. ਸੀ। ਚਰਮਦੀਦ ਗਵਾਹਾਂ ਦਾ ਦੱਸਣਾ ਹੈ ਕਿ ਚਰਨਜੀਤ ਸ਼ਰਮਾ ਦੀ ਅਗਵਾਈ ਵਿਚ ਹੀ ਪੁਲਿਸ ਨੇ ਬਹਿਬਲ ਕਲਾਂ ਵਿਚ ਸ਼ਾਂਤ ਮਈ ਧਰਨੇ ਤੇ ਬੈਠੇ ਸਿੱਖਾਂ ਉੱਤੇ ਗੋਲੀਬਾਰੀ ਕੀਤੀ ਸੀ ਜਿਸ ਵਿਚ ਦੋ ਸਿੱਖ ਨੌਜਵਾਨ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਸ਼ਹੀਦ ਹੋ ਗਏ ਸਨ। ਦੱਸਣਾ ਬਣਦਾ ਹੈ ਕਿ ਸਿੱਖ ਸੰਗਤਾਂ ਦੀ ਸਿਰਫ ਇਹੀ ਮੰਗ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ। ਪਰਬੇਅਦਬੀ ਦੇ ਦੋਸ਼ੀਆਂ ਨੂੰ ਲੱਭਣ ਦੀ ਥਾਂ ਪੁਲਿਸ ਵਲੋਂ ਸਰਕਾਰੀ ਹਿਦਾਇਤਾਂ ਮੁਤਾਬਕ ਸਿੱਖ ਸੰਗਤਾਂ ਉੱਤੇ ਸਖਤੀ ਵਰਤਦਿਆਂ ਡਾਂਗਾਂ ਤੇ ਗੋਲੀਆਂ ਦੀ ਵਰਤੋਂ ਕਰਕੇ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ 14 ਅਕਤੂਬਰ 2015 ਨੂੰ ਮਾਰੂ ਸਾਕੇ ਵਰਤਾਏ ਗਏ।
ਹਾਲ ਵਿਚ ਹੀ ਅਖਬਾਰਾਂ ਵਿਚ ਨਸ਼ਰ ਹੋਈਆਂ ਖਬਰਾਂ ਮੁਤਾਬਕ ਸਿੱਟ ਦੀ ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗੋਲੀਬਾਰੀ ਤੋਂ ਬਾਅਦ ਪੁਲਿਸ ਵਲੋਂ ਸਬੂਤਾਂ ਨਾਲ ਭਾਰੀ ਛੇੜਖਾਨੀ ਕੀਤੀ ਗਈ ਅਤੇ ਪੁਲਿਸ ਦੀ ਗੋਲੀਬਾਰੀ ਨੂੰ ਬਚਾਅ ਵਿਚ ਕੀਤੀ ਗਈ ਕਾਰਵਾਈ ਦਰਸਾਉਣ ਲਈ ਝੂਠੇ ਸਬੂਤ ਤਿਆਰ ਕਰਨ ਦੀ ਵੀ ਕੋਸ਼ਿਸ਼ ਕੀਤੀ।
ਸੁਮੇਧ ਸੈਣੀ ਦੀ ਗ੍ਰਿਫਤਾਰੀ ਲਈ ਸਰਕਾਰ ਤੇ ਦਬਾਅ ਵਧਿਆ
ਚੰਡੀਗੜ੍ਹ: ਸਾਕਾ ਬਹਿਬਲ ਕਲਾਂ ਤੇ ਸਾਕਾ ਕੋਟਕਪੂਰਾ ਮਾਮਲੇ ਚ ਤਤਕਾਲੀ ਪੁਲਿਸ ਮੁਖੀ ਤੇ ਸੇਵਾ-ਮੁਕਤ ਡੀ.ਜੀ.ਪੀ. ਸੁਮੇਧ ਸੈਣੀ ਦੀ ਗ੍ਰਿਫਤਾਰੀ ਲਈ ਪੰਜਾਬ ਸਕਰਾਰ ਉੱਤੇ ਦਬਾਅ ਵਧ ਰਿਹਾ ਹੈ। ਸਿੱਖ ਜਥੇਬੰਦੀਆਂ ਇਸ ਗੱਲੋਂ ਸਰਕਾਰ ਦੀ ਨਿਖੇਧੀ ਕਰ ਰਹੀਆਂ ਹਨ ਕਿ ਸਰਕਾਰ ਕਥਿਤ ਤੌਰ ਤੇ ਸੁਮੇਧ ਸੈਣੀ ਵੱਲ ਨਰਮਾਈ ਵਾਲਾ ਵਿਹਾਰ ਕਰ ਰਹੀ ਹੈ। ਦਲ ਖਾਲਸਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਪੰਜਾਬ ਸਰਕਾਰ ਨੂੰ ਮੁੜ ਕਿਹਾ ਹੈ ਕਿ ਸੁਮੇਧ ਸੈਣੀ ਨੂੰ ਬਿਨਾ ਦੇਰੀ ਦੇ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।