Site icon Sikh Siyasat News

6 ਜੂਨ ਦੇ ਪ੍ਰੋਗਰਾਮਾਂ ‘ਚ ਵਿਘਨ ਪਾਉਣ ਲਈ ਕੈਪਟਨ ਸਰਕਾਰ ਕਰ ਰਹੀ ਹੈ ਸਿੱਖਾਂ ਦੀਆਂ ਗ੍ਰਿਫ਼ਤਾਰੀਆਂ: ਮਾਨ

ਪ੍ਰਤੀਕਾਤਮਕ ਤਸਵੀਰ

ਫਤਿਹਗੜ੍ਹ ਸਾਹਿਬ: ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਵੀਰਵਾਰ (1 ਜੂਨ) ਨੂੰ ਅੰਮ੍ਰਿਤਸਰ, ਕਪੂਰਥਲਾ, ਹੁਸਿਆਰਪੁਰ, ਤਰਨਤਾਰਨ, ਜਲੰਧਰ, ਗੁਰਦਾਸਪੁਰ ਅਤੇ ਹੋਰ ਕਈ ਜ਼ਿਲ੍ਹਿਆਂ ਵਿਚ ਪੰਜਾਬ ਪੁਲਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ, ਮੈਬਰਾਂ ਅਤੇ ਸਮਰਥਕਾਂ ਦੇ ਘਰਾਂ ਵਿਚ ਛਾਪੇ ਮਾਰਨ ਅਤੇ ਗ੍ਰਿਫ਼ਤਾਰੀਆਂ ਕਰਨ ਨਿਖੇਧੀ ਕੀਤੀ। ਸ. ਮਾਨ ਨੇ ਇਨ੍ਹਾਂ ਗ੍ਰਿਫਤਾਰੀਆਂ ਬਾਰੇ ਕਿਹਾ ਕਿ ਹਿੰਦ ਹਕੂਮਤ ਨੇ ਰੂਸ ਅਤੇ ਬਰਤਾਨੀਆ ਨਾਲ ਮਿਲਕੇ 1984 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਫ਼ੌਜੀ ਹਮਲਾ ਕੀਤਾ ਸੀ ਜਿਸ ਵਿਚ ਕੋਈ 25 ਹਜ਼ਾਰ ਦੇ ਕਰੀਬ ਸਿੱਖ ਸ਼ਰਧਾਲੂ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਉਤੇ ਨਤਮਸਤਕ ਹੋਣ ਆਏ ਸਨ, ਉਨ੍ਹਾਂ ਨੂੰ ਹਿੰਦ ਦੀਆਂ ਫ਼ੌਜਾਂ ਨੇ ਅਣਮਨੁੱਖੀ ਜ਼ੁਲਮ ਕਰਕੇ ਕਤਲ ਕਰ ਦਿੱਤੇ।

ਸਿਮਰਨਜੀਤ ਸਿੰਘ ਮਾਨ (ਫਾਈਲ ਫੋਟੋ)

ਇਸ ਕਤਲੇਆਮ ਅਤੇ ਸਿੱਖ ਸੰਸਥਾਵਾਂ ਦੇ ਹੋਏ ਅਪਮਾਨ ਨੂੰ ਸਿੱਖ ਕੌਮ ਕਦੀ ਨਹੀਂ ਭੁੱਲ ਸਕਦੀ ਅਤੇ ਨਾ ਹੀ ਸਾਨੂੰ ਆਪਣੇ ਉਪਰੋਕਤ ਸ਼ਹੀਦਾਂ ਨੂੰ ਯਾਦ ਕਰਨ ਲਈ ਰੱਖੇ ਜਾਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਮਾਗਮ ਤੋਂ ਦੁਨੀਆਂ ਦੀ ਕੋਈ ਤਾਕਤ ਰੋਕ ਸਕਦੀ ਹੈ। ਅਸੀਂ ਇਹ ਅਰਦਾਸ ਸਮਾਗਮ ਪੁਰ-ਅਮਨ ਅਤੇ ਜਮਹੂਰੀ ਢੰਗਾਂ ਨਾਲ ਕਰਨ ਜਾ ਰਹੇ ਹਾਂ ਅਤੇ ਇਸ ਸਮਾਗਮ ਨੂੰ ਪੂਰਨ ਕਰਨ ਲਈ ਸ਼੍ਰੋਮਣੀ ਕਮੇਟੀ ਅਤੇ ਸਾਰੀਆਂ ਸਿੱਖ ਜਥੇਬੰਦੀਆਂ ਇਕਮਤ ਹਨ। ਕੈਪਟਨ ਅਮਰਿੰਦਰ ਸਿੰਘ ਅਤੇ ਮੋਦੀ ਹਕੂਮਤ ਵੱਲੋਂ ਸਿੱਖਾਂ ਦੀਆਂ ਬਿਨ੍ਹਾਂ ਵਜ੍ਹਾ ਗ੍ਰਿਫ਼ਤਾਰੀਆਂ ਕਰਕੇ ਜਾਂ ਛਾਪੇ ਮਾਰਕੇ ਦਹਿਸ਼ਤ ਪਾਈ ਜਾ ਰਹੀ ਹੈ। ਸ. ਮਾਨ ਨੇ ਜਾਰੀ ਬਿਆਨ ‘ਚ ਕਿਹਾ ਕਿ ਸਿੱਖ ਕੌਮ ਇਸ ਚੁਣੋਤੀ ਨੂੰ ਪ੍ਰਵਾਨ ਕਰਦੀ ਹੈ ਅਤੇ ਹਰ ਕੀਮਤ ‘ਤੇ 06 ਜੂਨ 2017 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਕੇ ਆਪਣੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੇਗੀ। ਜੇਕਰ ਕੈਪਟਨ ਜਾਂ ਮੋਦੀ ਹਕੂਮਤ ਇਹ ਸਮਝਦੇ ਹਨ ਕਿ ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਕਰਕੇ ਜਾਂ ਛਾਪੇ ਮਾਰਕੇ ਇਸ ਮਹਾਨ ਸ਼ਹੀਦੀ ਦਿਨ ਨੂੰ ਸਿੱਖ ਇਤਿਹਾਸ ‘ਚੋਂ ਮਨਫੀ ਕਰ ਦੇਣਗੇ, ਤਾਂ ਇਹ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵੱਡੇ ਭੁਲੇਖੇ ਵਿਚ ਹਨ। ਕਿਉਂਕਿ ਸਿੱਖ ਕੌਮ ਨਾ ਤਾਂ ਆਪਣੇ ਉਤੇ ਹੋਏ ਕਿਸੇ ਜ਼ਬਰ-ਜ਼ੁਲਮ ਨੂੰ ਭੁੱਲਦੀ ਹੈ ਅਤੇ ਨਾ ਹੀ ਜ਼ਾਬਰਾਂ ਨੂੰ ਕਦੀ ਮੁਆਫ਼ ਕਰਦੀ ਹੈ।

ਸ. ਮਾਨ ਨੇ ਕਿਹਾ ਕਿ 05 ਜੂਨ 2017 ਨੂੰ ਗੁਰਦੁਆਰਾ ਲੋਹਗੜ੍ਹ ਸਾਹਿਬ ਅੰਮ੍ਰਿਤਸਰ ਤੋਂ ਮਾਰਚ ਚੱਲਕੇ ਦੁਰਗਿਆਣਾ ਮੰਦਰ ਦੇ ਸ਼ਮਸਾਨਘਾਟ ਤੱਕ ਜਾਵੇਗਾ। ਇਹ ਮਾਰਚ ਉਨ੍ਹਾਂ ਲਈ ਹੋਵੇਗਾ ਜਿਨ੍ਹਾਂ ਨੂੰ ਸਮੇਂ ਦੀਆਂ ਹਕੂਮਤਾਂ ਨੇ ਦਰਿਆਵਾਂ, ਨਹਿਰਾਂ ਵਿਚ ਅਣਪਛਾਤੀਆਂ ਲਾਸ਼ਾਂ ਕਹਿਕੇ ਰੋੜ੍ਹ ਦਿੱਤਾ ਜਾਂ 25 ਹਜ਼ਾਰ ਉਨ੍ਹਾਂ ਸਰੀਰਾਂ ਜਿਨ੍ਹਾਂ ਨੂੰ ਹੁਕਮਰਾਨਾਂ ਨੇ ਜ਼ਬਰੀ ਗੈਰ-ਧਾਰਮਿਕ ਤਰੀਕੇ ਸੰਸਕਾਰ ਕਰ ਦਿੱਤੇ ਹਨ। ਜੇਕਰ ਸਰਕਾਰ ਨੇ ਸਾਡੇ 05 ਜੂਨ ਵਾਲੇ ਮਾਰਚ ਅਤੇ 06 ਜੂਨ ਵਾਲੇ ਸ਼ਹੀਦੀ ਸਮਾਗਮ ਵਿਚ ਕੋਈ ਵਿਘਨ ਪਾਉਣ ਦੀ ਕੋਸਿ਼ਸ਼ ਕੀਤੀ ਤਾਂ ਸਿੱਖ ਕੌਮ ਇਸ ਨੂੰ ਸਹਿਣ ਨਹੀਂ ਕਰੇਗੀ। ਇਸ ਲਈ ਹਰ ਗੁਰਸਿੱਖ 05 ਜੂਨ ਅਤੇ 06 ਜੂਨ ਦੇ ਕੌਮੀ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version