ਲੰਡਨ: ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਪੱਸ਼ਟ ਕਰੇ ਕਿ ਉਸ ਵਲੋਂ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਕੋਲ ਪੇਸ਼ ਕਰਵਾਉਣ ਮਗਰੋਂ ਮਾਰ ਦਿੱਤੇ ਗਏ ਨੌਜਵਾਨ ਕੌਣ ਸਨ। ਕੈਪਟਨ ਨੂੰ ਭਾਰਤ ਦੀ ਸੁਪਰੀਮ ਕੋਰਟ ਵਿੱਚ ਇਕਬਾਲੀਆ ਬਿਆਨ ਦਰਜ ਕਰਵਾ ਕੇ ਇਹਨਾਂ ਸਿੱਖ ਨੌਜਵਾਨਾਂ ਦੇ ਕਾਤਲਾਂ ਖਿਲਾਫ ਮੁਕੱਦਮਾ ਦਰਜ ਕਰਵਉਣਾ ਚਾਹੀਦਾ ਹੈ। ਦਲ ਦੇ ਪ੍ਰਧਾਨ ਨਿਰਮਲ ਸਿੰਘ ਸੰਧੂ ਅਤੇ ਜਰਨਲ ਸਕੱਤਰ ਲਵਸਿ਼ੰਦਰ ਸਿੰਘ ਡੱਲੇਵਾਲ ਨੇ ਸਿੱਖ ਨੌਜਵਾਨਾਂ ਨਾਲ ਇਨੀ ਵੱਡੀ ਪੱਧਰ ‘ਤੇ ਧੋਖਾ ਕਰਨ ਦੇ ਦੋਸ਼ੀ ਕੈਪਟਨ ਅਮਰਿੰਦਰ ਸਿੰਘ ਨੂੰ ਮੌਕਾਪ੍ਰਸਤ ਕਰਾਰ ਦਿੰਦਿਆਂ ਇਸਦੀ ਸਖਤ ਨਿਖੇਧੀ ਕੀਤੀ ਹੈ।
ਯੁਨਾਈਟਿਡ ਖਾਲਸਾ ਦਲ ਯੂਕੇ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾਂ ਸਿੱਖ ਕੌਮ ਦੇ ਜਜ਼ਬਾਤਾਂ ਦਾ ਲਾਹਾ ਲਿਆ ਹੈ। ਜੂਨ 1984 ‘ਚ ਭਾਰਤੀ ਫੌਜ ਵਲੋਂ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਤੋਂ ਬਾਅਦ ਕਾਂਗਰਸ ਤਿਆਗਣ ਵਾਲੇ ਇਸ ਸ਼ਖਸ ਨੇ ਪੰਥਕ ਜਜ਼ਬਾਤਾਂ ਨੂੰ ਕੈਸ਼ ਕਰਦੇ ਹੋਏ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਬਥੇਰੇ ਹੱਥ ਪੈਰ ਮਾਰੇ ਪਰ ਸਫਲਤਾ ਪ੍ਰਾਪਤ ਨਾ ਹੋ ਸਕੀ। ਅੰਮ੍ਰਿਤਸਰ ਐਲਾਨਨਾਮੇ ਦੀ ਪੂਰਤੀ ਲਈ ਕਸਮਾਂ ਖਾਧੀਆਂ, ਅਕਾਲੀ ਦਲ (ਅੰਮ੍ਰਿਤਸਰ) ਦੀ ਕਾਰਜਕਰਨੀ ਦਾ ਮੈਂਬਰ ਬਣਿਆ। ਕੈਨੇਡਾ ਵਿੱਚ ਖਾਲਿਸਤਾਨ ਪੱਖੀ ਸਟੇਜਾਂ ਤੋਂ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ। ਅਖੀਰ ਉਸੇ ਕਾਂਗਰਸ ਵਿੱਚ ਜਾ ਰਲਿਆ ਜਿਸ ਨੂੰ ਛੱਡਿਆ ਸੀ।
ਸਬੰਧਤ ਖ਼ਬਰ:
ਬਾਦਲ ਦਲ ਦੀ ਮੰਗ: ਕੈਪਟਨ ਅਮਰਿੰਦਰ 21 ਸਿੱਖਾਂ ਦੇ ਕਤਲ ਬਾਰੇ ਪੂਰੀ ਜਾਣਕਾਰੀ ਜਨਤਕ ਕਰੇ …