ਪਟਿਆਲਾ (5 ਨਵੰਬਰ, 2009) ਨਵੰਬਰ 1984 ਦੇ ਸਿੱਖ ਕਤਲੇਆਮ ਵਿੱਚ ਮਾਰੇ ਗਏ ਨਿਰਦੋਸ਼ਾਂ ਦੀ ਯਾਦ ਅੰਦਰ ਪੰਜਾਬ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਮੁੱਖ ਲਾਇਬ੍ਰੇਰੀ ਤੋਂ ਯੂਨੀਵਰਸਿਟੀ ਸਥਿੱਤ ਗੁਰਦੁਆਰਾ ਸਾਹਿਬ ਤੱਕ ਸ਼ਾਂਤਮਈ ਮਾਰਚ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਵਿਦਿਆਰਥੀ ਭਾਵੁਕਤਾ ਦੇ ਮਾਹੌਲ ਵਿੱਚ ਹੱਥਾਂ ਵਿੱਚ ਜਗਦੀਆਂ ਮੋਮਬੱਤੀਆਂ ਫੜੀ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਨਿਸ਼ਾਨ ਸਾਹਿਬ ਕੋਲ ਉਨ੍ਹਾਂ ਹਜ਼ਾਰਾਂ ਬੇਗੁਨਾਹਾਂ ਦੀ ਯਾਦ ਵਿੱਚ ਮੋਮਬੱਤੀਆਂ ਜਗਾਈਆਂ ਜਿਨ੍ਹਾਂ ਨੂੰ ਨਵੰਬਰ 1984 ਵਿੱਚ ਦਿੱਲੀ ਸਮੇਤ ਭਾਰਤ ਦੇ 110 ਦੇ ਕਰੀਬ ਵੱਡੇ ਸ਼ਹਿਰਾਂ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਵਿਦਿਆਰਥੀਆਂ ਨੇ ਨਵੰਬਰ ’84 ਕਤਲੇਆਮ ਦੀਆਂ ਤਸਵੀਰਾਂ ਬਾਰੇ ਬੈਨਰ ਹੱਥਾਂ ਵਿੱਚ ਫੜੇ ਸਨ ਜਿਨ੍ਹਾਂ ਉੱਪਰ ‘ਨਵੰਬਰ 1984 ਤੋਂ ਨਵੰਬਰ 2009 – ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਅੰਦਰ ਬੇਇਨਸਾਫੀ ਅਤੇ ਜਬਰ ਦੇ 25 ਵਰ੍ਹੇ’ ਆਦਿ ਨਾਅਰੇ ਲਿਖੇ ਹੋਏ ਸਨ।
ਵਿਦਿਆਰਥੀਆਂ ਨੇ ਇਸ ਕਤਲੇਆਮ ਨੂੰ ਸਮੁੱਚੀ ਮਨੁੱਖਤਾ ਖਿਲਾਫ ਜੁਰਮ ਕਰਾਰ ਦਿੱਤਾ ਅਤੇ ਅਫਸੋਸ ਜਾਹਿਰ ਕੀਤਾ ਕਿ 25 ਸਾਲ ਬੀਤ ਜਾਣ ਉੱਤੇ ਵੀ ਨਾ ਤਾਂ ਪੀੜਤਾਂ ਨੂੰ ਕੋਈ ਇਨਸਾਫ ਮਿਲਿਆ ਹੈ ਅਤੇ ਨਾ ਹੀ ਅੱਜ ਇਸ ਦੀ ਕੋਈ ਆਸ ਬਾਕੀ ਹੈ।