ਓਟਾਵਾ: ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ (ਡਬਲਯੂ. ਐਸ. ਓ.) ਨੇ “ਕੈਨੇਡਾ ਦੇ ਸਿੱਖਾਂ ਵਿਰੁੱਧ ਇੰਡੀਆ ਦੀ ਕੂੜ-ਪ੍ਰਚਾਰ ਮੁਹਿੰਮ: 2026 ਰਿਪੋਰਟ — ਤਰੀਕੇ, ਫੈਲਾਅ ਅਤੇ ਅਸਰ” ਨਾਂ ਦੀ ਨਵੀਂ ਰਿਪੋਰਟ ਜਾਰੀ ਕੀਤੀ ਹੈ।

ਰਿਪੋਰਟ ਵਿੱਚ ਘੋਖਿਆ ਗਿਆ ਹੈ ਕਿ ਕਿਵੇਂ ਕੈਨੇਡੀਅਨ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਝੂਠੇ ਅਤੇ ਗੁੰਮਰਾਹਕੁੰਨ ਬਿਰਤਾਂਤ ਇੰਡੀਆ ਵਿੱਚ ਘੜੇ ਜਾਂਦੇ ਹਨ, ਸ਼ੱਕੀ ਬੌਟ ਨੈੱਟਵਰਕਾਂ ਅਤੇ ਵੱਖ-ਵੱਖ ਮੀਡੀਆ ਮੰਚਾਂ ਰਾਹੀਂ ਫੈਲਾਏ ਜਾਂਦੇ ਹਨ ਅਤੇ ਬਾਅਦ ਵਿੱਚ ਕੈਨੇਡਾ ਦੀ ਜਨਤਕ ਅਤੇ ਸਿਆਸੀ ਚਰਚਾ ਦਾ ਹਿੱਸਾ ਬਣ ਜਾਂਦੇ ਹਨ।

ਡਬਲਯੂ. ਐਸ. ਓ. ਮੁਤਾਬਕ ਦਿੱਲੀ ਦਰਬਾਰ ਦਾ ਕੂੜ-ਪ੍ਰਚਾਰ ਅਕਸਰ ਬੇਨਾਮ ਜਾਂ ਸ਼ੱਕੀ ਵਸੀਲਿਆਂ ਤੋਂ ਸ਼ੁਰੂ ਹੁੰਦਾ ਹੈ। ਰਿਪੋਰਟ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੇ ਦੋਸ਼ੀਆਂ ਦੀ ਕਥਿਤ ਰਿਹਾਈ, ਸੀ ਬੀ ਐਸ ਏ ਦੇ ਸੁਪਰਡੈਂਟ ਸੰਦੀਪ “ਸੰਨੀ” ਸਿੰਘ ਸਿੱਧੂ ਨੂੰ ਅੱਤਵਾਦ ਨਾਲ ਜੋੜਨ, ਬਰੈਂਪਟਨ ਵਿੱਚ ਹੋਈ ਹਿੰਸਾ ਤੋਂ ਬਾਅਦ ਬੌਟ ਨੈੱਟਵਰਕਾਂ ਦੀ ਭੂਮਿਕਾ ਅਤੇ ਸਰੀ ਦੇ ਦੋ ਪੁਲਿਸ ਅਫਸਰਾਂ ਨੂੰ “ਖਾਲਿਸਤਾਨੀ ਪੁਲਿਸ ਵਾਲੇ” ਵਜੋਂ ਪੇਸ਼ ਕਰਨ ਵਰਗੇ ਮਾਮਲੇ ਦਰਜ ਕੀਤੇ ਗਏ ਹਨ।

ਰਿਪੋਰਟ ਸਿੱਖਾਂ ਵਿਰੁੱਧ ਕੂੜ-ਪ੍ਰਚਾਰ ਨੂੰ ਕੈਨੇਡਾ ਵਿੱਚ ਵਧ ਰਹੀ ਸਿੱਖ-ਵਿਰੋਧੀ ਨਫ਼ਰਤ ਨਾਲ ਵੀ ਜੋੜਦੀ ਹੈ। ਡਬਲਯੂ. ਐਸ. ਓ. ਵੱਲੋਂ 1,600 ਤੋਂ ਵੱਧ ਕੈਨੇਡੀਅਨ ਸਿੱਖਾਂ ’ਤੇ ਕੀਤੇ ਸਰਵੇਖਣ ਮੁਤਾਬਕ 80 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਸਿੱਖਾਂ ਵਿਰੁੱਧ ਨਫ਼ਰਤ ਅਤੇ ਵਿਤਕਰਾ ਵਧਿਆ ਹੈ।

ਡਬਲਯੂ. ਐਸ. ਓ. ਨੇ ਕੈਨੇਡੀਅਨ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਸਿੱਖਾਂ ਵਿਰੁੱਧ ਹੋ ਰਹੇ ਕੂੜ-ਪ੍ਰਚਾਰ ਨੂੰ ਵਿਦੇਸ਼ੀ ਦਖਲਅੰਦਾਜ਼ੀ ਦੀ ਵੱਡੀ ਚੁਣੌਤੀ ਦਾ ਹਿੱਸਾ ਮੰਨਿਆ ਜਾਵੇ ਅਤੇ ਝੂਠੀਆਂ ਵਿਦੇਸ਼ੀ ਖ਼ਬਰਾਂ ਦਾ ਤੁਰੰਤ ਖੰਡਨ ਕਰਨ ਲਈ ਢਾਂਚਾ ਤਿਆਰ ਕੀਤਾ ਜਾਵੇ।

ਡਬਲਯੂ. ਐਸ. ਓ. ਦੀ ਪੂਰੀ 2026 ਰਿਪੋਰਟ ਹੇਠਾਂ ਪੜ੍ਹੋ।

[gview file=”https://sikhsiyasatnews.info/wp-content/uploads/2026/10/WSO-Releases-Report-on-India-Linked-Disinformation-Targeting-Sikh-Canadians.pdf” height=”750px” width=”100%” save=”1″]

Comments

comments