Site icon Sikh Siyasat News

ਬਰਤਾਨਵੀ ਸਿੱਖ ਆਗੂਆਂ ਵਲੋਂ ਕਸ਼ਮੀਰੀਆਂ ਦੇ ਹੱਕ ‘ਚ ਹੁੰਦੇ ਪ੍ਰੋਟੈਸਟਾਂ ਵਿੱਚ ਸ਼ਾਮਲ ਹੋਣ ਦਾ ਸੱਦਾ

ਲੰਡਨ: ਬਰਤਾਨਵੀ ਸਿੱਖ ਜਥੇਬੰਦੀਆਂ ਵਲੋਂ ਕਸ਼ਮੀਰ ਵਿੱਚ ਹੋ ਰਹੇ ਅਣਮਨੁੱਖੀ ਜ਼ੁਲਮਾਂ ਖਿਲਾਫ ਜਲੰਧਰ ਅਤੇ ਬਰਮਿੰਘਮ ਵਿੱਚ ਹੋ ਰਹੇ ਰੋਸ ਮੁਜਾਹਰਿਆਂ ਵਿੱਚ ਸ਼ਾਮਲ ਹੋਣ ਲਈ ਸਿੱਖ ਕੌਮ ਨੂੰ ਸਨਿਮਰ ਅਪੀਲ ਕੀਤੀ ਗਈ ਹੈ।

ਪੰਜਾਬ ਵਿਚ ਹੋਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਸਿੱਖ ਅਤੇ ਮੁਸਲਮਾਨ ਇਕੱਠੇ ਰੋਸ ਪ੍ਰਗਟ ਕਰਦੇ ਹੋਏ {ਫਾਈਲ ਫੋਟੋ}

ਜਿ਼ਕਰਯੋਗ ਹੈ ਕਿ ਦਲ ਖਾਲਸਾ ਵਲੋਂ 22 ਜੁਲਾਈ ਨੂੰ ਜਲੰਧਰ ਸ਼ਹਿਰ ਵਿੱਚ ਕਸ਼ਮੀਰੀ ਭਰਾਵਾਂ ਦੇ ਨਾਲ ਖੜਦਿਆਂ ਉਹਨਾਂ ‘ਤੇ ਹੋ ਰਹੇ ਸਰਕਾਰੀ ਜ਼ੁਲਮਾਂ ਖਿਲਾਫ ਵਿਸ਼ਾਲ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਇਸੇ ਤਰ੍ਹਾਂ 24 ਜੁਲਾਈ ਐਤਵਾਰ ਨੂੰ ਕਸਮ਼ੀਰੀ ਅਤੇ ਇਨਸਾਫ ਪਸੰਦ ਜਥੇਬੰਦੀਆਂ ਵਲੋਂ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿੱਚ ਬੁਲਰਿੰਗ ਸ਼ਾਪਿੰਗ ਸੈਂਟਰ ਦੇ ਸਾਹਮਣੇ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ।

ਬਰਤਾਨਵੀ ਸਿੱਖ ਆਗੂਆਂ ਵਲੋਂ ਇਹਨਾਂ ਦੋਵਾਂ ਰੋਸ ਅਤੇ ਰੋਹ ਭਰਪੂਰ ਪ੍ਰੋਗਰਾਮਾਂ ਦੀ ਡੱਟ ਕੇ ਹਿਮਾਇਤ ਕਰਦਿਆਂ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ। ਯੂਨਾਈਟਿਡ ਖਾਲਸਾ ਦਲ ਯੂ.ਕੇ. ਦੇ ਜਨਰਲ ਸਕੱਤਰ ਲਵਸਿੰ਼ਦਰ ਸਿੰਘ ਡੱਲੇਵਾਲ ਅਤੇ ਪੰਥਕ ਆਗੂ ਜਥੇਦਾਰ ਜੋਗਾ ਸਿੰਘ ਵਲੋਂ ਆਖਿਆ ਗਿਆ ਕਸ਼ਮੀਰ ਵਿੱਚ ਹੋ ਰਹੇ ਜ਼ੁਲਮ ਨੂੰ ਦੇਖਦਿਆਂ ਹਰ ਇਨਸਾਫ ਪਸੰਦ ਵਿਆਕਤੀ ਵਿਸ਼ੇਸ਼ ਅਤੇ ਜਥੇਬੰਦੀਆਂ ਨੂੰ ਕਾਰਜਸ਼ੀਲ ਹੋਣ ਦੀ ਜ਼ਰੂਰਤ ਹੈ।

ਗੌਰਤਲਬ ਹੈ ਕਸ਼ਮੀਰ ਵਿੱਚ ਖਾੜਕੂ ਬੁਰਹਾਨ ਵਾਨੀ ਦੀ ਸ਼ਹਾਦਤ ਤੋਂ ਬਾਅਦ ਜਿਸ ਤਰ੍ਹਾਂ ਭਾਰਤੀ ਸੈਨਿਕ ਦਲਾਂ, ਅਰਧ ਸੈਨਿਕ ਦਲਾਂ ਅਤੇ ਸਥਾਨਕ ਪੁਲਿਸ ਵਲੋਂ ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਉਸ ਨਾਲ ਇਹ ਸਾਬਤ ਹੋ ਰਿਹਾ ਹੈ ਕਿ ਭਾਰਤ ਸਰਕਾਰ ਅਤੇ ਹਿਟਲਰ ਦੇ ਜ਼ੁਲਮਾਂ ਵਿੱਚ ਬਹੁਤਾ ਅੰਤਰ ਨਹੀਂ ਹੈ। ਨਿਰਦੋਸ਼ ਬੀਬੀਆਂ ਦੀਆਂ ਫੌਜ ਵਲੋਂ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਹਨ, ਬੱਚਿਆਂ ਅਤੇ ਬਜ਼ੁਰਗਾਂ ਨੂੰ ਕੋਹ ਕੋਹ ਕੇ ਮਾਰਿਆ ਜਾ ਰਿਹਾ ਹੈ।

ਭਾਰਤੀ ਫੌਜ ਦਾ ਇਸ ਤੋਂ ਕਈ ਗੁਣਾਂ ਵੱਧ ਕਰੂਪ ਅਤੇ ਜ਼ੁਲਮੀ ਚਿਹਰਾ ਸਿੱਖ ਕੌਮ ਨੇ ਜੂਨ 1984 ਦੇ ਖੂਨੀ ਘੱਲੂਘਾਰੇ ਦੌਰਾਨ ਦੇਖਿਆ ਹੈ ਜਦੋਂ ਹਜ਼ਾਰਾਂ ਸਿੱਖਾਂ ਨੂੰ ਭਾਰਤੀ ਫੌਜ ਵਲੋਂ ਘਰਾਂ ਤੋਂ ਫੜ ਫੜ ਕੇ ਸ਼ਹੀਦ ਕੀਤਾ ਗਿਆ। ਘੱਲੂਘਾਰੇ ਦੌਰਾਨ ਭਾਰਤੀ ਫੌਜ ਵਲੋਂ ਸ੍ਰੀ ਦਰਬਾਰ ਸਾਹਿਬ ਵਿੱਚ ਦੁੱਧ ਚੁੰਘਦੇ ਹੋਏ ਬੱਚਿਆਂ, ਬਜ਼ੁਰਗਾਂ ਅਤੇ ਬੀਬੀਆਂ ਨੂੰ ਸ਼ਹੀਦ ਕੀਤਾ ਗਿਆ ਸੀ। ਕਸ਼ਮੀਰ ਵਿੱਚ ਮੁਕਾਬਲੇ ਵਿੱਚ ਸ਼ਹੀਦ ਹੋਏ ਬੁਰਹਾਨ ਵਾਨੀ ਦੀ ਮ੍ਰਿਤਕ ਦੇਹ ਦਾ ਵਰਦੀ ਧਾਰੀਆਂ ਵਲੋਂ ਜਿਸ ਕਦਰ ਅਪਮਾਨ ਕੀਤਾ ਗਿਆ ਉਹ ਇਨਸਾਨੀਅਤ ਅਤੇ ਭਾਰਤ ਦੇ ਅਖੌਤੀ ਲੋਕਤੰਤਰ ਦੇ ਮੱਥੇ ‘ਤੇ ਬਹੁਤ ਵੱਡਾ ਕਲੰਕ ਹੈ।

ਸਿੱਖ ਆਗੂਆਂ ਵਲੋਂ ਜਿੱਥੇ ਕਸ਼ਮੀਰ ਦੇ ਲੋਕਾਂ ਨਾਲ ਪੂਰਨ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਉੱਥੇ ਨੀਂਦ ਦੀਆਂ ਗੋਲੀਆਂ ਖਾ ਕੇ ਸੁੱਤੀ ਹੋਈ ਭਾਰਤ ਦੀ ਸੁਪਰੀਮ ਕੋਰਟ ਨੂੰ ਜਾਗ ਜਾਣ ਅਤੇ ਕਸ਼ਮੀਰੀਆਂ ਅਤੇ ਪੰਜਾਬੀਆਂ (ਸਿੱਖਾਂ) ‘ਤੇ ਹੋ ਰਹੇ ਸਰਕਾਰੀ ਧੱਕਿਆਂ ਨੂੰ ਰੋਕਣ ਦੀ ਅਪੀਲ ਕੀਤੀ ਗਈ ਹੈ। ਯਾਦ ਰਹੇ ਜਦੋਂ ਸਰਕਾਰੀ ਸ਼ਹਿ ਨਾਲ ਅਤੇ ਯੋਜਨਾਬੱਧ ਤਰੀਕੇ ਨਾਲ ਨਵੰਬਰ 1984 ਦੌਰਾਨ ਦਿੱਲੀ, ਕਾਨਪੁਰ ਬੇਕਾਰੋ ਵਰਗੇ ਹਿੰਦੂ ਬਹੁਗਿਣਤੀ ਵਸੋਂ ਵਾਲੇ ਇਲਾਕਿਆਂ ਵਿੱਚ ਸਿੱਖਾਂ ਦਾ ਲਗਾਤਾਰ ਤਿੰਨ ਦਿਨ ਕਤਲੇਆਮ ਹੁੰਦਾ ਰਿਹਾ, ਸਿੱਖ ਬੀਬੀਆਂ ਨੂੰ ਬੇਪੱਤ ਕੀਤਾ ਗਿਆ, ਸਿੱਖਾਂ ਦੀ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਫੂਕ ਦਿੱਤੀਆਂ ਗਈਆਂ ਤਾਂ ਇਸ ਸੁਪਰੀਮ ਕੋਰਟ ਦੀ ਜਾਗ ਨਹੀਂ ਖੁੱਲੀ। ਪਰ ਅਫਜ਼ਲ ਗੁਰੁ ਨੂੰ ਫਾਂਸੀ ਦੇਣ ਲਈ ਤੜਕੇ ਢਾਈ ਵਜੇ ਵੀ ਜਾਗ ਖੁੱਲ ਗਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version