ਖਾੜਕੂ ਸਿੱਖ ਸੰਘਰਸ਼ ਸਾਡਿਆਂ ਸਮਿਆਂ ਦੇ ਉਹ ਪਲ ਹਨ, ਜਿੱਥੇ ਖਲੋ ਕੇ ਤੁਸੀਂ ਦੇਖ ਸਕਦੇ ਓ ਕਿ ਆਧੁਨਿਕਤਾ ਤੇ ਪ੍ਰੰਪਰਾ ਇਕ ਭੇੜ ਵਿੱਚ ਵੀ ਚੱਲ ਰਹੀ ਆ ਅਤੇ ਨਾਲ ਨਾਲ ਵੀ ਤੁਰ ਰਹੀ ਆ। ਇਤਿਹਾਸ ਆਪਣਾ ਲਕੀਰੀ ਬਿਰਤਾਂਤ ਛੱਡ ਕੇ ਸਰਬ ਸਮਿਆਂ ਦੀ ਹੋਣੀ “ਚੜ੍ਹਦੀ ਕਲਾ” ਨਾਲ ਆਪਣੀ ਪਹਿਚਾਣ ਦਰਜ ਕਰਵਾ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਸੁਰੂ ਹੋਈ ਇਤਿਹਾਸਿਕ ਪੈੜ-ਚਾਲ ਨੇ ਇੱਥੇ ਵੀ ਆਪਣੀ ਉਹੀ ਅਲਬੇਲੀ ਚਾਲ ਬਣਾਈ ਹੋਈ ਹੈ। ਦਹਾਕਾ ਭਰ ਸਿੰਘਾਂ ਦੀਆਂ ਗਰਜਵੀਆਂ ਅਵਾਜਾਂ ਹਕੂਮਤੀ ਗਲਿਆਰਿਆਂ ਅੰਦਰ ਅਜੀਬ ਕਿਸਮ ਦੀ ਮਨੋਵਗਿਆਨਿਕ ਦਹਿਸ਼ਤ ਪੈਦਾ ਕਰਦੀਆਂ ਰਹੀਆਂ। ਗੁਰਬਾਣੀ ਤੇ ਸਿਮਰਨ ਦੀ ਪਵਿੱਤਰ ਤਰਜ ਲਗਾਤਾਰ ਜੰਗ ਦੇ ਮੈਦਾਨ ਦਾ ਅਨਿਖੜਵਾਂ ਅੰਗ ਬਣ ਕੇ ਚਲਦੀ ਰਹੀ। ਸ਼ਹਾਦਤਾਂ ਦਾ ਇਕ ਲੰਮਾ ਦੌਰ ਉਸ ਰੁੱਤੇ ਚੱਲਿਆ।
ਇਸ ਦੌਰ ਦੀ ਵਿਆਖਿਆ, ਇਸ ਦੌਰ ਨੂੰ ਦੇਖਣ ਦੀ ਨੀਝ ਦਾ ਸਿਲਸਲਾ ਉਦੋਂ ਤੋਂ ਹੀ ਲਗਾਤਾਰ ਅਖਬਾਰਾਂ, ਮੈਗਜੀਨਾਂ, ਕਿਤਾਬਾਂ ਆਦਿ ਰਾਹੀਂ ਵੱਖੋ ਵੱਖ ਅਦਾਰਿਆਂ ਜਾਂ ਵਿਅਕਤੀਆਂ ਵੋਲੋਂ ਚੱਲਦਾ ਆ ਰਿਹਾ ਹੈ। ਹਰ ਕਿਸੇ ਨੇ ਇਸਦੀ ਆਪਣੇ ਅਨੁਸਾਰ ਵਿਆਖਿਆ ਘੜਨ ਦੀ ਕੋਸਿਸ ਕੀਤੀ ਹੈ, ਨਤੀਜੇ ਕੱਢੇ ਹਨ। ਬਹੁਤੀ ਵਿਆਖਿਆ ਭਾਰਤੀ ਲੋਕਤੰਤਰ ਦੀ ਵੋਟ ਸਿਆਸਤ ਅਨੁਸਾਰ ਹੀ ਸਾਹਮਣੇ ਆਈ। ਕੋਈ ਵਿਰਲੀ ਟਾਂਵੀ ਲਿਖਤ ਹੋਏਗੀ ਜਿਸਨੇ ਇਸ ਸੰਘਰਸ਼ ਦੀਆਂ ਅੰਦਰਲੀਆਂ ਪਰਤਾਂ ਨੂੰ ਪੜਤਾਲਿਆ ਹੋਏ। ਸਰਕਾਰੀ ਪੱਖ ਦੀਆਂ ਲਿਖਤਾਂ ਨੇ ਤਾਂ ਇਸ ਤਰਾਂ ਦੀ ਪੇਤਲੀ ਵਿਆਖਿਆ ਦੇਣੀ ਹੀ ਸੀ ਬਲਕਿ ਸਿੱਖ ਪੱਖ ਦੀਆਂ ਵੀ ਬਹੁਤੀਆਂ ਲਿਖਤਾਂ ਇਸੇ ਕਾਣ ਦਾ ਸ਼ਿਕਾਰ ਰਹੀਆਂ। ਜਦਕਿ ਇਸ ਸਮੇਂ ਨੂੰ ਨਿਰੋਲ ਗਲਤ ਜਾਂ ਸਹੀ ਦੀ ਬਾਇਨਰੀ ਚੋਂ ਕੱਢ ਕੇ ਅਨਿਕ ਦ੍ਰਿਸ਼ਟੀਆਂ, ਅਨਿਕ ਕੋਣਾਂ ਤੋਂ ਵੇਖਿਆ ਪੜਤਾਲਿਆ ਜਾਣਾ ਬਣਦਾ ਸੀ। ਇਹ ਕੋਈ ਸਧਾਰਨ ਸਮਾਂ ਨਹੀਂ ਸੀ। ਕਿਵੇਂ ਸੀਮਤ ਸਾਧਨਾਂ ਤੇ ਬਿਨਾਂ ਕਿਸੇ ਜੰਗਲੀ ਲੁਕ ਦੇ ਨੌਜਵਾਨ ਸਟੇਟ ਦੀ ਅੱਖ ਵਿੱਚ ਅੱਖ ਪਾ ਕੇ ਦੇਖਦੇ ਰਹੇ। ਵੰਗਾਰਦੇ ਰਹੇ….ਤੇ ਚਾਅ ਅੰਦਰ ਸ਼ਹਾਦਤਾਂ ਦਿੰਦੇ ਰਹੇ।
ਇਹਨਾਂ ਲਿਖਤਾਂ ਦੀ ਲਗਾਤਾਰਤਾ ਅੰਦਰ ਪਿਛਲੇ ਵਰ੍ਹੇ ਖਾੜਕੂ ਸਿੱਖ ਸੰਘਰਸ਼ ਦਾ ਹਿੱਸਾ ਰਹੇ, ਭਾਈ ਦਲਜੀਤ ਸਿੰਘ ਹੋਰਾਂ ਨੇ ਉਸ ਸਮੇਂ ਦੀ ਬਾਤ ਪਾਈ। ਇਸ ਨੂੰ ਕਿਤਾਬੀ ਰੂਪ ਦਿੱਤਾ। ਸਾਖੀਆਂ ਦੇ ਰੂਪ ਵਿੱਚ ਉਹਨਾਂ ਪਵਿੱਤਰ ਪਲਾਂ ਦੀ ਗੱਲ ਕਹਿਣੀ ਸੁਰੂ ਕੀਤੀ। ਸੰਘਰਸ਼ ਦੀ ਨੀਂਹ ਰਹੇ “ਠਾਹਰਾਂ ਦੇਣ ਵਾਲੇ ਸਿੰਘਾਂ, ਪਰਿਵਾਰਾਂ” ਦੀਆਂ ਸਾਖੀਆਂ ਛੋਹੀਆਂ। ਜਿਹੜੀਆਂ ਕਿ ਪਹਿਲਾਂ ਕਿਸੇ ਵੀ ਇਤਿਹਾਸਿਕ ਬਿਰਤਾਂਤ ਦਾ ਹਿੱਸਾ ਨਹੀਂ ਬਣੀਆਂ ਸਨ। ਪਾਠਕਾਂ ਨੇ ਅੰਤਾਂ ਦਾ ਮੋਹ ਦਿਖਾਇਆ….ਤੇ ਹਰ ਤਰਾਂ ਦੇ ਪਾਠਕ ਵਰਗ ਨੇ ਉਸ ਕਿਤਾਬ ਨੂੰ ਪੜ੍ਹਿਆ, ਵਾਚਿਆ।
ਇਸੇ ਲੜੀ ਨੂੰ ਅੱਗੇ ਤੋਰਦਿਆਂ ਹਥਲੀ ਕਿਤਾਬ ਸਾਡੇ ਸਨਮੁੱਖ ਹੈ…“ਖਾੜਕੂ ਸੰਘਰਸ਼ ਦੀ ਸਾਖੀ ੨”। ਇਸ ਲਿਖਤ ਅੰਦਰ ਸੰਘਰਸ਼ ਦੌਰਾਨ ਜੋ ਜੋ ਸਾਧਨ ਕਿਸੇ ਵੀ ਰੂਪ ਵਿੱਚ ਉਪਲੱਭਧ ਸਨ, ਓਨਾਂ ਦਾ ਵਰਨਣ ਹੈ। ਸਟੇਟ ਮਸ਼ੀਨਰੀ ਨਾਲ ਭੇੜ ਦੇ ਬਣੇ ਅਚਾਨਕ ਸਬੱਬ ਜਿੱਥੇ ਸਿੰਘ ਬਹੁਤ ਵਾਰ ਸੁਰਖਰੂ ਹੋ ਨਿਕਲੇ, ਓਨਾਂ ਪਲਾਂ ਦਾ ਮਾਰਮਿਕ ਵਰਨਣ ਹੈ ਅਤੇ ਬਾਕੀ ਦੇ ਹਿੱਸੇ ਵਿੱਚ ਸਿੱਖ ਦੇ ਸਿਦਕ ਅਤੇ ਉਸਦੇ ਸ਼ਹਾਦਤ ਵੱਲ ਸਫਰ ਦੇ ਵਰਨਣ ਵੱਖੋ ਵੱਖ ਜਿਉਂਦੇ ਤੇ ਸ਼ਹੀਦ ਸਿੰਘਾਂ ਦੀਆ ਸਾਖੀਆਂ ਦੇ ਰੂਪ ਵਿੱਚ ਦਿੱਤੇ ਹੋਏ ਹਨ। ਪਿਛਲੀ ਜਿਲਦ ਵਾਂਗ ਇਸ ਜਿਲਦ ਵਿੱਚ ਵੀ ਲੇਖਕ ਆਪਣੀ ਬੌਧਿਕ ਇਮਾਨਦਾਰੀ ਬਣਾਈ ਰੱਖਦਾ ਹੈ। ਸਹੀ-ਗਲਤ, ਚੰਗਾ-ਮਾੜਾ, ਆਪਣਾ-ਪਰਾਇਆ ਸਭਨਾਂ ਬਾਰੇ ਗੱਲ ਕਰਦਿਆਂ ਲੇਖਕ ਨੈਤਿਕਤਾ ਦਾ ਪੱਲਾ ਨਹੀਂ ਛੱਡਦਾ। ਇਹੀ ਇਸ ਕਿਰਤ ਦੀ ਖੂਬਸੂਰਤੀ ਹੈ। ਕਿਤਾਬ ਦੀ ਬੋਲੀ, ਸ਼ੈਲੀ ਤੇ ਸਾਖੀ ਕਹਿਣ ਦੀ ਰਮਜ, ਸਾਰੇ ਹੀ ਇਕ ਹੁਸੀਨ ਤਰਜ ਵਿੱਚ ਚੱਲਦੇ ਪ੍ਰਤੀਤ ਹੁੰਦੇ ਹਨ। ਭਰਵੇਂ ਸੁਆਗਤ ਨਾਲ ਇਹੀ ਕਾਮਨਾ ਕਰਦਾ ਹਾਂ ਕਿ ਸਾਖੀਆਂ ਦੀ ਇਹ ਲਗਾਤਾਰਤਾ ਬਣੀ ਰਹੇ।
ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ -੨ ਮੰਗਵਾਉਣ ਲਈ ਸੁਨੇਹਾ ਭੇਜੋ