Site icon Sikh Siyasat News

ਭਾਜਪਾ ਦੀ ਅੱਖ ਵਿੱਚ ਰੜਕਦੀ ਹੈ ਧਾਰਾ 370, ਕਿਹਾ ਕਿ ਕਰਵਾਵਾਂਗੇ ਇਸਦੇ ਲਈ ਬਹਿਸ

ਨਵੀਂ ਦਿੱਲੀ( 27 ਮਈ 2014): ਭਾਰਤ ਵਿੱਚ ਮੌਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਅਜੇ ਕੁਝ ਹੀ ਦਿਨ ਹੋਏ ਹਨ ਅਤੇ ਇਸਦੇ ਜਿਮੇਵਾਰੀ ਵਾਲੇ ਅਹੁਦਿਆਂ ‘ਤੇ ਬੈਠੇ ਵਿਅਕਤੀਆਂ ਨੇ ਉਹ ਬਿਆਨ ਦੇਣੇ ਸ਼ੁਰੂ ਵੀ ਕਰ ਦਿੱਤੇ ਹਨ ਜਿਨ੍ਹਾਂ ਕਰਕੇ ਭਾਰਤ ਵਿੱਚਲੀਆਂ ਘੱਟ ਗਿਣਤੀਆਂ ਮੋਦੀ ਦੇ ਪ੍ਰਧਾਨ ਮੰਤਰੀ ਬਨਣ ਦੀ ਵਿਰੋਧਤਾ ਕਰ ਰਹੀਆਂ  ਸਨ।

 ਅੱਜ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜ਼ਾ ਦਿੰਦੀ ਧਾਰਾ 370 ਬਾਰੇ ਵਿਵਾਦ ਛੇੜਦਿਆਂ ਪ੍ਰਧਾਨ ਮੰਤਰੀ ਦਫਤਰ ਦੇ ਰਾਜ ਮੰਤਰੀ ਜਤੇਂਦਰ ਸਿੰਘ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਸਰਕਾਰ ਜੰਮੂ-ਕਸ਼ਮੀਰ ਵਿੱਚ ਧਾਰਾ 370 ਬਾਰੇ ਬਹਿਸ ਲਈ ਤਿਆਰ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮੁੱਦੇ ਬਾਰੇ ਬਹੁਤ ਸਾਰੇ ਤੱਥ ਲੋਕਾਂ ਦੀ ਸਮਝ ਵਿੱਚ ਲਿਆਉਣੇ ਜਰੂਰੀ ਹਨ।

  ਜ਼ਿਕਰਯੋਗ ਹੈ ਕਿ ਸ੍ਰੀ ਮੋਦੀ ਨੇ ਪਿਛਲੇ ਸਾਲ ਦਸੰਬਰ ਵਿੱਚ ਆਪਣੀ ਰੈਲੀ ਦੌਰਾਨ ਕਿਹਾ ਸੀ ਕਿ ਧਾਰਾ 370 ਬਾਰੇ ਬਹਿਸ ਕੀਤੀ ਜਾ ਸਕਦੀ ਹੈ। ਉਦੋਂ ਉਨ੍ਹਾਂ ਦੇ ਇਸ ਬਿਆਨ ਨੂੰ ਭਾਜਪਾ ਦੇ ਰੁਖ ਵਿੱਚ ਆਈ ਨਰਮੀ ਵਜੋਂ ਉਭਾਰਿਆ ਗਿਆ ਸੀ। ਸ੍ਰੀ ਜਤੇਂਦਰ ਸਿੰਘ ਨੇ ਅੱਜ ਕਿਹਾ,  ‘‘ਜੇ ਅਸੀਂ ਇਸ ਮਸਲੇ ਬਾਰੇ ਬਹਿਸ ਹੀ ਨਹੀਂ ਕਰਾਂਗੇ ਤਾਂ ਇਸ ਮਸਲੇ ਨੂੰ  ਕਿਸ ਤਰਾਂ ਸਮਝ ਸਕਾਂਗੇ ਅਤੇ ਇਸ ਦਾ ਕੋਈ ਹੱਲ ਕਿਸ ਤਰਾਂ ਕੱਢਿਆ ਜਾ ਸਕੇਗਾ। ਇਸੇ ਲਈ ਅਸੀਂ ਕਹਿ ਰਹੇ ਹਾਂ ਕਿ ਮਸਲੇ ਬਾਰੇ ਹਰ ਧਿਰ ਨਾਲ ਗੱਲਬਾਤ ਹੋਣੀ ਚਾਹੀਦੀ ਹੈ।’’

 ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਐਤਕੀਂ ਭਾਜਪਾ ਨੇ ਚੋਣਾਂ ਦੌਰਾਨ ਤਕੜੀ ਹਾਜ਼ਰੀ ਲਵਾਈ ਹੈ ਅਤੇ ਹੁਣ ਕੇਂਦਰ ਸਰਕਾਰ ਸੂਬੇ ਵੱਲ ਧਿਆਨ ਦੇਵੇਗੀ। ਐਤਕੀਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਤਿੰਨ ਸੀਟਾਂ ਉੱਤੇ ਜਿੱਤ ਹਾਸਲ ਕੀਤੀ ਹੈ। ਬਾਕੀ ਦੀਆਂ ਤਿੰਨ ਸੀਟਾਂ ਉੱਤੇ ਪੀਡੀਪੀ ਨੇ ਕਬਜ਼ਾ ਕੀਤਾ ਹੈ। ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੇ ਗੱਠਜੋੜ ਦਾ ਸੂਬੇ ਵਿੱਚ ਖਾਤਾ ਵੀ ਖੁੱਲ੍ਹਿਆ।
ਉਧਰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਧਾਰਾ 370 ਰੱਦ ਕਰਨ ਦੀਆਂ ਗੱਲਾਂ ਨੂੰ ਗੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਾਰਾ 370 ਰਾਜ ਅਤੇ ਬਾਕੀ ਦੇਸ਼ ਵਿਚਕਾਰ ਇਕੋ-ਇਕ ਸੰਵਿਧਾਨਕ ਪੁਲ ਦਾ ਕੰਮ ਕਰਦੀ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਕਿਹਾ, ‘‘ਮੇਰਾ ਸੰਦੇਸ਼ ਸੇਵ ਕਰ ਲਓ- ਬਹੁਤ ਦੇਰ ਬਾਅਦ ਮੋਦੀ ਸਰਕਾਰ ਨੂੰ ਇਹ ਚੇਤਾ ਆਵੇਗਾ ਕਿ ਜੰਮੂ ਕਸ਼ਮੀਰ ਭਾਰਤ ਦਾ ਅੰਗ ਨਹੀਂ ਹੈ ਜਾਂ ਧਾਰਾ 370 ਜਿਉਂ ਦੀ ਤਿਉਂ ਰਹੇਗੀ।’’ ਪੀਪਲਜ਼ ਡੈਮੋਕਰੇਟਿਕ ਪਾਰਟੀ ਦੀ ਆਗੂ ਮਹਿਬੂਬਾ ਨੇ ਵੀ ਇਸ ਬਿਆਨ ਦੀ ਸਖ਼ਤ ਅਲੋਚਨਾ ਕੀਤੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version