Site icon Sikh Siyasat News

ਭੋਪਾਲ ਪੁਲਿਸ ਮੁਕਾਬਲਾ: ਵਿਰੋਧੀ ਦਲਾਂ ਨੇ ਜਾਂਚ ਮੰਗੀ; ਭਾਜਪਾ ਨੇ ਮੰਗ ਠੁਕਰਾਈ

ਭੋਪਾਲ: ਭੋਪਾਲ ਵਿੱਚ ਮਾਰੇ ਗਏ ਅੱਠ ਸਿਮੀ ਕਾਰਕੁਨਾਂ ਦੇ ਮਾਮਲੇ ਵਿੱਚ ਕਈ ਸਵਾਲ ਉੱਠੇ ਹਨ ਜਦੋਂ ਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਮੁਕਾਬਲਾ ਸਹੀ ਸੀ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹੋਰ ਭਾਜਪਾ ਆਗੂਆਂ ਨੇ ਵਿਰੋਧੀ ਧਿਰ ’ਤੇ ਮਾਮਲੇ ਨੂੰ ‘ਸਿਆਸੀ ਤੇ ਫਿਰਕੂ’ ਰੰਗਤ ਦੇਣ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੀਡੀਆ ਰਿਪੋਰਟਾਂ ’ਤੇ ਆਪੇ ਨੋਟਿਸ ਲੈਂਦਿਆਂ ਸੂਬੇ ਦੇ ਚੀਫ ਸੈਕਟਰੀ, ਡੀਜੀਪੀ ਅਤੇ ਜੇਲ੍ਹ ਵਿਭਾਗ ਦੇ ਡੀਜੀ ਤੇ ਆਈਜੀ ਨੂੰ ਨੋਟਿਸ ਜਾਰੀ ਕਰਕੇ ਛੇ ਹਫ਼ਤਿਆਂ ਵਿੱਚ ਇਸ ਮਾਮਲੇ ਦੀ ਪੂਰੀ ਰਿਪੋਰਟ ਦੇਣ ਲਈ ਕਿਹਾ ਹੈ।

ਪੁਲਿਸ ਵਲੋਂ ਦੱਸੀ ਜਾਂਦੀ ਮੁਕਾਬਲੇ ਵਾਲੀ ਥਾਂ

ਕਾਂਗਰਸੀ ਆਗੂ ਦਿਗਵਿਜੈ ਸਿੰਘ ਦੀ ਅਗਵਾਈ ’ਚ ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਐਨਆਈਏ ਦੀ ਜਾਂਚ ਅਦਾਲਤ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ ਅਤੇ ਮੱਧ ਪ੍ਰਦੇਸ਼ ਵਿੱਚ ‘ਕੇਵਲ ਸਿਮੀ ਦੇ ਸੁਣਵਾਈ ਅਧੀਨ ਕਾਰਕੁਨ ਤੇ ਮੁਸਲਮਾਨ ਹੀ ਜੇਲ੍ਹ ਤੋੜਨ ਵਿੱਚ ਕਿਉਂ ਸ਼ਾਮਲ ਸਨ’ ਦੀ ਵੱਖਰੀ ਨਿਆਂਇਕ ਜਾਂਚ ਹੋਵੇ। ਬਸਪਾ ਮੁਖੀ ਮਾਇਆਵਤੀ, ਸੀਪੀਆਈ (ਐਮ) ਅਤੇ ਆਰਜੇਡੀ ਨੇ ਵੀ ਮੁਕਾਬਲੇ ਦੀ ਜੁਡੀਸ਼ਲ ਜਾਂਚ ਦੀ ਮੰਗ ਕੀਤੀ। ਦਿਗਵਿਜੈ ਸਿੰਘ ਨੇ ਕਿਹਾ, ‘ਕੀ ਕਾਰਨ ਹੈ ਕਿ ਸਿਮੀ ਕਾਰਕੁਨ, ਜੋ ਮੁਸਲਮਾਨ ਸਨ, ਜੇਲ੍ਹ ਤੋੜਨ ਵਿੱਚ ਸ਼ਾਮਲ ਸਨ ਅਤੇ ਹਿੰਦੂ ਕੈਦੀ ਸ਼ਾਮਲ ਨਹੀਂ ਸਨ। ਇਸ ਤੋਂ ਪਹਿਲਾਂ ਇਹ ਖੰਡਵਾ ਜੇਲ੍ਹ ਵਿੱਚ ਹੋਇਆ ਸੀ ਤੇ ਹੁਣ ਭੋਪਾਲ ਵਿੱਚ। ਕੇਵਲ ਮੁਸਲਮਾਨ ਹੀ ਕਿਉਂ ਜੇਲ੍ਹ ਤੋੜਨ ਵਿੱਚ ਸ਼ਾਮਲ ਹੁੰਦੇ ਹਨ, ਹਿੰਦੂ ਕਿਉਂ ਨਹੀਂ।’

‘ਮੁਕਾਬਲੇ’ ‘ਚ ਮਾਰੇ ਗਏ ਸਿਮੀ ਦੇ ਕਾਰਜਕਰਤਾ

ਸਿਮੀ ਕਾਰਕੁਨਾਂ ਦੇ ਵਕੀਲ ਪਰਵੇਜ਼ ਆਲਮ ਨੇ ਇਸ ਨੂੰ ਹੱਤਿਆ ਕਰਾਰ ਦਿੰਦਿਆਂ ਕਿਹਾ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਵਾਸਤੇ ਪੀੜਤ ਪਰਿਵਾਰਾਂ ਨੇ ਮੱਧ ਪ੍ਰਦੇਸ਼ ਹਾਈ ਕੋਰਟ ਜਾਣ ਦਾ ਫ਼ੈਸਲਾ ਕੀਤਾ ਹੈ। ਉਸ ਨੇ ਦਾਅਵਾ ਕੀਤਾ, ‘ਟੀਵੀ ਫੁਟੇਜ ਵਿੱਚ ਪੁਲਿਸ ਤੇ ਏਟੀਐਸ ਟੀਮ ਫਾਇਰਿੰਗ ਕਰਦੀ ਦਿਖਾਈ ਦੇ ਰਹੀ ਹੈ ਜਦੋਂ ਕਿ ਮੁਲਜ਼ਮਾਂ ਵੱਲੋਂ ਗੋਲੀ ਚਲਾਏ ਜਾਣ ਦਾ ਕੋਈ ਸਬੂਤ ਨਹੀਂ ਹੈ। ਇਹ ਫ਼ਰਜ਼ੀ ਮੁਕਾਬਲਾ ਸੀ।’

ਹਾਲਾਂਕਿ ਆਈਜੀ ਯੋਗੇਸ਼ ਚੌਧਰੀ ਨੇ ਪੁਲਿਸ ਦੇ ਬਿਆਨ ’ਤੇ ਦ੍ਰਿੜ ਰਹਿੰਦਿਆਂ ਕਿਹਾ, ‘ਇਹ ਮੁਕਾਬਲਾ ਜਾਇਜ਼ ਸੀ। ਪਰ ਫਿਰ ਵੀ ਵੀਡੀਓਜ਼ ਜਾਂ ਹੋਰ ‘ਸਬੂਤਾਂ’ ਦੀ ਪ੍ਰਮਾਣਿਕਤਾ ਦੀ ਪੜਤਾਲ ਕੀਤੀ ਜਾਵੇਗੀ।’

ਪੁਲਿਸ ਮੁਕਾਬਲੇ ’ਚ ਮਾਰੇ ਗਏ ਸਿਮੀ ਕਾਰਕੁਨਾਂ ਦੇ ਮਾਮਲੇ ਵਿੱਚ ਭਾਜਪਾ ਨੇ ਵਿਰੋਧੀ ਧਿਰਾਂ ਦੀ ਜੁਡੀਸ਼ਲ ਜਾਂਚ ਦੀ ਮੰਗ ਰੱਦ ਕਰਦਿਆਂ ਕਿਹਾ ਕਿ ਵੋਟਾਂ ਖ਼ਾਤਰ ਜਾਂਚ ਮੰਗਣ ਦੀ ਪਿਰਤ ਦਾ ਅੰਤ ਹੋਣਾ ਚਾਹੀਦਾ ਹੈ। ਭਾਜਪਾ ਦੇ ਕੌਮੀ ਸਕੱਤਰ ਸ੍ਰੀਕਾਂਤ ਸ਼ਰਮਾ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ, ‘ਇਤਾਵਲੀ ਕਾਂਗਰਸੀ ਆਗੂ ਸਿਮੀ ਕਾਰਕੁਨਾਂ ਦੀ ਮੌਤ ’ਤੇ ਵੈਣ ਪਾ ਰਹੇ ਹਨ। ਕਾਂਗਰਸ ਨੂੰ ਅਤਿਵਾਦੀਆਂ ਨਾਲ ਐਨੀ ਹਮਦਰਦੀ ਕਿਉਂ ਹੈ ਭਾਵੇਂ ਇਹ ਸਿਮੀ ਜਾਂ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਹੋਣ। ਉਨ੍ਹਾਂ ਬਾਟਲਾ ਹਾਊਸ ਮੁਕਾਬਲੇ ’ਤੇ ਵੀ ਸਵਾਲ ਉਠਾਏ ਸਨ।’ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਮੁਸਲਿਮ ਵੋਟਾਂ ਖ਼ਾਤਰ ਅਜਿਹਾ ਕਰ ਰਹੀ ਹੈ। ਉਨ੍ਹਾਂ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ’ਤੇ ਸੁਰੱਖਿਆ ਬਲਾਂ ਦਾ ਮਨੋਬਲ ਡੇਗਣ ਤੇ ਨਫ਼ਰਤ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version