Site icon Sikh Siyasat News

ਪੰਥ ਦੇ ਹੋਣਹਾਰ ਸੇਵਾਦਾਰ ਦਾ ਵਿਛੋੜਾ ਦੁਖਦਾਈ; ਭਾਈ ਮਨਦੀਪ ਸਿੰਘ ਨੂੰ ਵੱਖ ਵੱਖ ਸੰਸਥਾਵਾਂ ਵੱਲੋਂ ਸ਼ਰਧਾਂਜਲੀ

ਲੈਸਟਰ: ਖਾਲਸਾ ਪੰਥ ਅਤੇ ਸਿੱਖ ਸਮਾਜ ਦੇ ਇੱਕ ਬਹੁਤ ਹੀ ਹੋਣਹਾਰ ਅਤੇ ਸਿਦਕੀ ਸਿੰਘ, ਭਾਈ ਮਨਦੀਪ ਸਿੰਘ ਜੀ ਲੈਸਟਰ ਪਿਛਲੇ ਦਿਨੀ ਵਾਹਿਗੁਰੂ ਵੱਲੋਂ ਬਖਸ਼ੀ ਸੁਆਸਾਂ ਦੀ ਪੂੰਜੀ ਭੋਗ ਕੇ, ਉਸਦੇ ਚਰਨਾ ਵਿੱਚ ਲੀਨ ਹੋ ਗਏ ਹਨ। ਭਾਈ ਮਨਦੀਪ ਸਿੰਘ ਸਿੱਖ ਕੌਮ ਦੇ ਬਹੁਤ ਹੋਣਹਾਰ, ਮਿਹਨਤੀ ਜਜਬੇ ਵਾਲੇ ਅਤੇ ਸਿਦਕੀ ਸਿੱਖ ਸਨ ਜਿਹੜੇ ਹਰ ਵਕਤ ਪੰਥਕ ਕਾਰਜਾਂ ਅਤੇ ਸਮਾਜ ਸੇਵਾ ਦੇ ਕਾਰਜਾਂ ਲਈ ਤਤਪਰ ਰਹਿੰਦੇ ਸਨ। ਪੰਥਕ ਸਫਾਂ ਵਿੱਚ ਬਹੁਤ ਲੰਬੇ ਸਮੇਂ ਤੋਂ ਕਾਰਜ ਕਰਦਿਆਂ ਉਨ੍ਹਾਂ ਆਪਣੀ ਸ਼ਖਸ਼ੀਅਤ ਦੀ ਛਾਪ ਬਹੁਤ ਡੂੰਘੀ ਛੱਡੀ ਸੀ। ਧਾਰਮਕ, ਸਮਾਜਕ ਅਤੇ ਸਿਆਸੀ ਖੇਤਰ ਵਿੱਚ ਉਨ੍ਹਾਂ ਜਿਸ ਸਿਦਕਦਿਲੀ ਅਤੇ ਦਿ੍ਰੜਤਾ ਨਾਲ ਕਾਰਜ ਕੀਤਾ ਉਹ ਸ਼ਬਦਾਂ ਦਾ ਮੁਥਾਜ ਨਹੀ ਹੈ।

ਲੰਡਨ ਦੇ ਵਿਕਟੋਰੀਆ ਅਲਬਰਟ ਅਜਾਇਬਘਰ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਣ ਅਤੇ ਪੁਸ਼ਾਕ ਨਾਲ ਭਾਈ ਮਨਦੀਪ ਸਿੰਘ ਦੀ ਇਕ ਪੁਰਾਣੀ ਤਸਵੀਰ

ਵੀਰ ਮਨਦੀਪ ਸਿੰਘ ਆਪਣੀ ਪੜ੍ਹਾਈ ਦੇ ਦਿਨਾ ਦੌਰਾਨ ਹੀ ਪੰਥਕ ਸਫਾਂ ਵਿੱਚ ਸਰਗਰਮੀਆਂ ਕਰਨ ਲੱਗ ਪਏ ਸਨ। ਇੰਗਲੈਂਡ ਪਰਵਾਸ ਕਰਕੇ ਵੀ ਉਨ੍ਹਾਂ ਨੇ ਆਪਣੇ ਪੰਥਕ ਜਜਬੇ ਨੂੰ ਜਿੰਦਾ ਰੱਖਿਆ ਅਤੇ ਖਾਲਸਾ ਜੀ ਦੇ ਕਾਫਲੇ ਦਾ ਹਿੱਸਾ ਬਣ ਗਏ। ਆਪ ਨੇ ਵੱਖ ਵੱਖ ਗੁਰੂਘਰਾਂ ਵਿੱਚ ਸੇਵਾਵਾਂ ਨਿਭਾਈਆਂ, ਸਮਾਜਕ ਤੌਰ ਤੇ ਸੇਵਾ ਦੇ ਕਾਰਜ ਕੀਤੇ ਅਤੇ ਰਾਜਨੀਤਿਕ ਤੌਰ ਤੇ ਆਪਣੇ ਵਿੱਤ ਮੁਤਾਬਕ, ਪੰਥਕ ਸਰਗਰਮੀਆਂ ਵਿੱਚ ਬਣਦਾ ਹਿੱਸਾ ਪਾਇਆ।

ਅਜਿਹੀ ਬਹੁਪੱਖੀ ਸ਼ਖਸ਼ੀਅਤ ਦਾ ਅਚਾਨਕ ਦੁਨੀਆਂ ਤੋਂ ਤੁਰ ਜਾਣਾਂ ਬਹੁਤ ਦੁਖਦਾਈ ਹੈ। ਖਾਲਸਾ ਪੰਥ ਦੀਆਂ ਵੱਖ ਵੱਖ ਸੰਸਥਾਵਾਂ ਵੱਲੋਂ ਭਾਈ ਮਨਦੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ।

ਗੁਰੂ ਤੇਗ ਬਹਾਦਰ ਗੁਰਦੁਆਰਾ ਲੈਸਟਰ ਦੀ ਪਰਬੰਧਕ ਕਮੇਟੀ, ਗੁਰੂ ਨਾਨਕ ਗੁਰਦੁਆਰਾ ਲੈਸਟਰ ਦੀ ਪਰਬੰਧਕ ਕਮੇਟੀ, ਪੰਚ ਪਰਧਾਨੀ ਯੂ.ਕੇ. ਅਤੇ ਨੌਜਵਾਨੀ ਡਾਟ ਕਾਮ ਵੱਲੋਂ ਭਾਈ ਮਨਦੀਪ ਸਿੰਘ ਦੇ ਅਚਾਨਕ ਵਿਛੋੜੇ ਤੇ ਦੁਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ।

ਇਨ੍ਹਾਂ ਸੰਸਥਾਵਾਂ ਦੇ ਆਗੂਆਂ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆਂ ਆਖਿਆ ਕਿ ਮਨਦੀਪ ਸਿੰਘ ਦੇ ਵਿਛੋੜੇ ਨਾਲ ਕੌਮ ਨੂੰ ਵੱਡਾ ਘਾਟਾ ਪਿਆ ਹੈ ਕਿਉਂਕਿ ਜਿਸ ਦਿ੍ਰੜਤਾ ਨਾਲ ਆਪ ਜੀ ਪੰਥਕ ਸਫਾਂ ਵਿਚ ਸੇਵਾ ਕਰਦੇ ਸਨ ਉਸ ਨੂੰ ਤਾਂ ਨਤਮਸਤਕ ਹੀ ਹੋਇਆ ਜਾ ਸਕਦਾ ਹੈ।

ਇਨ੍ਹਾਂ ਪੰਥਕ ਸੰਸਥਾਵਾਂ ਦੇ ਆਗੂਆਂ ਨੇ ਆਖਿਆ ਕਿ ਵਾਹਿਗੁਰੂ ਭਾਈ ਮਨਦੀਪ ਸਿੰਘ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੋਂ ਪਰਿਵਾਰ ਅਤੇ ਸਨੇਹੀਆਂ ਨੂੰ ਭਾਣਾਂ ਮੰਨਣ ਦਾ ਬਲ ਬਖਸ਼ਣ।

ਭਾਈ ਮਨਦੀਪ ਸਿੰਘ ਪੰਥ ਅਤੇ ਭਾਈਚਾਰੇ ਦੀ ਸੇਵਾ ਲਈ ਕੀਤੇ ਕੰਮਾਂ ਲਈ ਸਦਾ ਯਾਦ ਜਾਵੇਗਾ:

ਟੋਰਾਂਟੋ: ਭਾਈ ਮਨਦੀਪ ਸਿੰਘ ਲੈਸਟਰ ਦੇ ਚੱਲਣੇ ਉੱਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਟੋਰਾਂਟੋ ਤੋਂ ਸਰਗਰਮ ਪੰਥ ਸੇਵਕ ਭਾਈ ਲਖਵਿੰਦਰ ਸਿੰਘ ਨੇ ਕਿਹਾ ਕਿ:

“ਮੌਤ ਅੱਟਲ ਸਚਾਈ ਹੈ। ਅਸਾਂ ਸਭ ਨੇ ਏਸੇ ਰਸਤੇ ਜਾਣਾ ਹੈ, ਪਰ ਜਦੋਂ ਕੋਈ ਰੱਬੀ ਰੰਗ ਵਿੱਚ ਰੱਤੀ ਰੂਹ ਏਸ ਦੁਨੀਆਂ ਤੋਂ ਰੁਕਸਤ ਹੁੰਦੀ ਹੈ ਤਾ ਪਰਿਵਾਰ ਦੇ ਨਾਲ ਨਾਲ ਸਾਰੇ ਭਾਈਚਾਰੇ ਵਿੱਚ ਵੱਡਾ ਖਲਾਅ ਬਣ ਜਾਂਦਾ ਹੈ। ਭਾਈ ਮਨਦੀਪ ਸਿੰਘ ਦੇ ਵਿਛੜੇ ਨੇ ਪੰਥਕ ਪਰਿਵਾਰ ਨੂੰ ਇਕ ਅਸਿਹ ਕਸ਼ਟ ਦਿੱਤਾ ਹੈ। ਮਨਦੀਪ ਸਿੰਘ ਜੋ ਕੇ ਅਪਣੇ ਜੀਵਨ ਨੂੰ ਗੁਰੂ ਦੀ ਰਜਾ ਅਤੇ ਹੁਕਮ ਅਨੁਸਾਰ ਜੀਵਦੇ ਸਨ। ਓਹਨਾਂ ਵਲੋਂ ਪੰਥ ਅਤੇ ਭਾਈਚਾਰੇ ਦੀ ਸੇਵਾ ਲਈ ਕੀਤੇ ਕੰਮਾਂ ਕਰਕੇ ਸਦੀਵੀ ਯਾਦ ਕੀਤਾ ਜਾਵੇਗਾ। ਹਰ ਓਹ ਇਨਸਾਨ ਜੋ ਮਨਦੀਪ ਸਿੰਘ ਹੁਰਾਂ ਨੂੰ ਦੁਨਿਆਵੀ ਜਾਂ ਪੰਥਕ ਮਸਲੇ ਵਿੱਚ ਮਿਲਿਆ,ਅੱਜ ਆਪਣੀਆਂ ਅਖਾਂ ਸੇਜਲ ਕਿਤੇ ਬਿਨਾਂ ਨਹੀਂ ਰਹਿ ਸਕਿਆ। ਅਸੀਂ ਭਾਈ ਮਨਦੀਪ ਸਿੰਘ ਜੀ ਦੇ ਸਮੁਚੇ ਪਰਿਵਾਰ ਅਤੇ ਪੰਥਕ ਪਰਿਵਾਰ ਦੇ ਦੁਖ ਵਿੱਚ ਸ਼ਾਮਲ ਹੁੰਦੇ ਹੋਏ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਕੌਮੀ ਯੋਧੇ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ”।

ਭਾਈ ਮਨਦੀਪ ਸਿੰਘ ਲੈਸਟਰ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version