Site icon Sikh Siyasat News

ਗਿਆਨੀ ਗੁਰਬਚਨ ਸਿੰਘ ਜੀ ਤੁਸੀਂ ਗੁਨਾਹਗਾਰਾਂ ਨੂੰ ਸਜਾ ਦਿੰਦੇ ਹੋ ਜਾਂ ਤੋਹਫੇ: ਭਾਈ ਹਰਦੀਪ ਸਿੰਘ ਡਿਬਡਿਬਾ

ਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ) ਰਾਜਸਥਾਨ ਸਥਿਤ ਗੁਰਦੁਆਰਾ ਸ਼ਹੀਦ ਨਗਰ ਬੁੱਢਾ ਜੋਹੜ ਦੇ ਪਰਬੰਧ ਨੂੰ ਲੈਕੇ ਸਾਲ 2012 ਵਿੱਚ ਗਠਿਤ ਹੋਏ ਭਾਈ ਬੁਲਾਕਾ ਸਿੰਘ ਸੰਘਰਸ਼ ਮੋੋਰਚਾ ਨੇ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਹੈ ਕਿ ਅਕਾਲ ਤਖਤ ਸਾਹਿਬ ਵਲੋਂ ਉਪਰੋਕਤ ਗੁ:ਸਾਹਿਬ ਦੀ ਪ੍ਰਬੰਧਕੀ ਕਮੇਟੀ ਬਾਰੇ 23 ਜੁਲਾਈ 2018 ਨੂੰ ਜਾਰੀ ਹੁਕਮ ਰੱਦ ਕੀਤਾ ਜਾਏ ।

ਭਾਈ ਬੁਲਾਕਾ ਸਿੰਘ ਸੰਘਰਸ਼ ਮੋੋਰਚਾ ਅਤੇ ਰਾਜਸਥਾਨ ਸਿੱਖ ਸੰਗਤ ਵਲੋਂ ਭਾਈ ਹਰਦੀਪ ਸਿੰਘ ਡਿਬਡਿਬਾ ਦੀ ਅਗਵਾਈ ਹੇਠ ਇੱਕ ਵਫਦ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕੀਤੀ ।ਗੁ:ਸ਼ਹੀਦ ਨਗਰ ਬੁੱਢਾ ਜੋਹੜ ਦੀ ਪ੍ਰਬੰਧਕੀ ਕਮੇਟੀ ਅਤੇ ਸਵਿੰਧਾਨ ਪ੍ਰਤੀ ਚਲ ਰਹੀ ਚਰਚਾ ਬਾਰੇ ਤਾਰੀਖਾਂ ਸਹਿਤ ਵੇਰਵਾ ਪੇਸ਼ ਕਰਦਿਆਂ ਵਫਦ ਨੇ ਗਿਆਨੀ ਗੁਰਬਚਨ ਸਿੰਘ ਨੂੰ ਹੀ ਸਵਾਲ ਕੀਤਾ ਕਿ “ਤੁਸੀਂ ਗੁਨਾਹਗਾਰਾਂ ਨੂੰ ਸਜਾ ਦਿੰਦੇ ਹੋ ਜਾਂ ਤੋਹਫੇ” ਕਿ ਗੁਰਦੁਆਰਾ ਸਾਹਿਬ ਦੀ ਨਵੀਂ ਪ੍ਰਬੰਧਕੀ ਕਮੇਟੀ ਵਿੱਚ ਉਹ ਲੋਕ ਸ਼ਾਮਿਲ ਕਰ ਦਿੱਤੇ ਹਨ ਜਿਨ੍ਹਾਂ ਨੇ ਸਾਲ 2014 ਤੋਂ ਅਕਾਲ ਤਖਤ ਸਾਹਿਬ ਦੇ ਹੁਕਮਾਨਮੇ ਦੀ ਉਲੰਘਣਾ ਕੀਤੀ ਅਤੇ ਜਿਨ੍ਹਾਂ ਉਪਰ ਤਖਤ ਸਾਹਿਬਾਨ ਤੋਂ ਜਾਰੀ ਕੁਝ ਹੋਰ ਸਿਧਾਂਤਕ ਹੁਕਮਨਾਮਿਆ ਦੀ ਉਲੰਘਣਾ ਦੇ ਦੋਸ਼ ਵੀ ਆਇਦ ਹਨ।

ਭਾਈ ਬੁਲਾਕਾ ਸਿੰਘ ਸੰਘਰਸ਼ ਮੋੋਰਚਾ ਦੇ ਮੈਬਰ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਦਿੰਦੇ ਹੋਏ।

ਗਿਆਨੀ ਗੁਰਬਚਨ ਸਿੰਘ ਨੂੰ ਸੌਪੇ ਢਾਈ ਪੰਨਿਆਂ ਦੇ ਮੰਗ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਉਪਰੋਕਤ ਗੁਰਦੁਆਰਾ ਸਾਹਿਬ ਦਾ ਟੱਰਸਟ ਸਿੰਘ ਸਾਹਿਬਾਨ ਦੇ ਆਦੇਸ਼ ਮਿਤੀ 1 ਅਕਤੂਬਰ 2012 ਨੂੰ ਭੰਗ ਕੀਤਾ ਗਿਆ ਸੀ ।ਇਸ ਹੁਕਮਨਾਮੇ ਨੂੰ ਲਾਗੂ ਕਰਾਉਣ ਲਈ ਰਾਜਸਥਾਨ ਸਿਖ ਸੰਗਤ ਵਲੋਂ ਭਾਈ ਬੁਲਾਕਾ ਸਿੰਘ ਸੰਘਰਸ਼ ਮੋਰਚਾ ਦਾ ਗਠਨ ਕੀਤਾ ਗਿਆ ਜੋ 11ਦਿਨ ਚੱਲਿਆ।ਨਤੀਜੇ ਵਜੋਂ ਟਰੱਸਟੀ ਪੰਥ ‘ਚੋਂ ਛੇਕੇ ਗਏ ਅਤੇ ਅਕਾਲ ਤਖਤ ਸਾਹਿਬ ਵਲੋਂ ਮਿਤੀ 20 ਨਵੰਬਰ 2014 ਨੂੰ ਇੱਕ 15 ਮੈਂਬਰੀ ਕਮੇਟੀ ਗਠਨ ਕਰਕੇ ਤਤਕਾਲੀਨ ਜਥੇਦਾਰ ਦਮਦਮਾ ਸਾਹਿਬ ਵਲੋਂ ਪ੍ਰਬੰਧ ਸੌਪਿਆ ਗਿਆ।

ਵਫਦ ਨੇ ਦੱਸਿਆ ਹੈ ਕਿ ਪ੍ਰਬੰਧਕਾਂ ਦੀਆਂ ਕਮਜੋਰੀਆਂ ਕਾਰਣ ਇਲਾਕੇ ਦੇ ਦੋ ਸਿੱਖ ਵਿਧਾਇਕਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਉਲੰਘਣਾ ਕਰਦਿਆਂ ਕੂਲੈਕਟਰ ਤੇ ਪੁਲਿਸ ਦੀ ਮਦਦ ਨਾਲ ਕਬਜਾ ਕਰ ਲਿਆ। ਟਰੱਸਟ ਦੀ ਚੋਣ 8 ਮਹੀਨਿਆਂ ਵਿੱਚ ਕਰਾਉਣ ਲਈ ਐਸ.ਡੀ.ਐਮ, ਨੂੰ ਜਿੰਮਾ ਸੌਪਿਆ ਗਿਆ।ਵਫਦ ਨੇ ਦੱਸਿਆ ਕਿ 12ਸਤੰਬਰ 2015 ਨੂੰ ਦੋ ਸਿੱਖ ਵਿਧਾਇਕਾਂ ਵਲੋਂ ਉਕਤ ਸਰਕਾਰੀ ਕਮੇਟੀ ਨੂੰ 13 ਮੈਂਬਰੀ ਕਮੇਟੀ ਵਿੱਚ ਬਦਲ ਦਿੱਤਾ ਗਿਆ ਅਤੇ ਇਸਦਾ ਕਾਰਜਕਾਲ ਤਿੰਨ ਸਾਲ ਰੱਖਿਆ ਗਿਆ।

ਵਫਦ ਨੇ ਗਿਆਨੀ ਗੁਰਬਚਨ ਸਿੰਘ ਨੂੰ ਇਹ ਵੀ ਜਾਣੂ ਕਰਵਾਇਆ ਹੈ ਕਿ ਕਿਸ ਤਰ੍ਹਾਂ ਰਾਜਸਥਾਨ ਦਾ ਸਿੱਖ ਮੰਤਰੀ ਸੁਰਿੰਦਰ ਪਾਲ ਸਿੰਘ ਆਪਣੇ ਰਸੂਖ ਤੇ ਬਦਨੀਅਤੀ ਨਾਲ ਸਿੱਖ ਸੰਗਤਾਂ ਨੂੰ ਹਨੇਰੇ ਵਿੱਚ ਰੱਖਕੇ ਗੁ:ਕਮੇਟੀ ਦਾ ਸੰਵਿਧਾਨ ਬਦਲਣ ਵਿੱਚ ਸਫਲ ਹੋਇਆ ।ਸੰਗਤ ਨੂੰ ਪਤਾ ਲਗਣ ਤੇ ਜਦੋਂ ਅਕਾਲ ਤਖਤ ਪਾਸ ਗੁਹਾਰ ਲਗਾਈ ਗਈ ਤਾਂ ਸਿਖ ਸੰਗਤ ਨੂੰ ਤਾਂ ਮਿਲਣ ਦਾ ਮੌਕਾ ਤੀਕ ਨਹੀ ਦਿੱਤਾ ਗਿਆ ਤੇ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ੀਆਂ ਨੂੰ ਫਿਰ ਗੁ:ਪ੍ਰਬੰਧ ਤੇ ਕਾਬਜ ਬਨਾਉਣ ਲਈ ਹੁਕਮ ਜਾਰੀ ਕਰ ਦਿੱਤੇ ਗਏ ।ਰਾਜਸਥਾਨ ਸਿਖ ਸੰਗਤ ਦੇ ਵਫਦ ਨੇ ਜਥੇਦਾਰ ਨੂੰ ਉਨ੍ਹਾਂ 9 ਸਿੱਖਾਂ ਦੇ ਨਾਮ ਤੇ ਮੁਕੰਮਲ ਐਡਰੈਸ ਤੀਕ ਸੌਪੇ ਹਨ ਜੋ ਤਖਤ ਸਾਹਿਬ ਤੋਂ ਜਾਰੀ ਹੁਕਮਾਂ ਦੀ ਉਲੰਘਣਾ ਦੇ ਦੋਸ਼ੀ ਹਨ।ਵਫਦ ਨੇ 23 ਜੁਲਾਈ ਨੂੰ ਜਾਰੀ ਹੁਕਮ ਰੱਦ ਕਰਨ ਤੇ ਦੋਸ਼ੀਆਂ ਨੂੰ ਤਲਬ ਕਰਨ ਦੀ ਮੰਗ ਕੀਤੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version