ਬਰਨਾਲਾ (13 ਨਵੰਬਰ, 2009): ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਵਿਵੇਕ ਪੁਰੀ ਨੇ ਇਕ ਅਹਿਮ ਫੈਸਲਾ ਸੁਣਾਉਂਦੇ ਹੋਏ ਸ਼ੋ੍ਰਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਨੂੰ ਉਨ੍ਹਾਂ ਦੇ ਵਕੀਲ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਜਾਣਕਾਰੀ ਅਨੁਸਾਰ ਭਾਈ ਦਲਜੀਤ ਸਿੰਘ ਬਿੱਟੂ `ਤੇ ਪਿੰਡ ਫਤਿਹਗੜ੍ਹ ਛੰਨਾ, ਧੌਲਾ ਅਤੇ ਹੋਰ ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਸਬੰਧੀ ਚੱਲਦੇ ਸੰਘਰਸ਼ ਸਮੇਂ ਟਰਾਈਡੈਂਟ ਫੈਕਟਰੀ ਵੱਲੋਂ 20 ਅਪ੍ਰੈਲ 2006 ਨੂੰ ਧਾਰਾ 124 ਏਆਈਪੀਸੀ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ। ਦੇਸ਼ ਧਰੋਹ ਅਤੇ ਬਗਾਵਤ ਦੇ ਇਸ ਮਾਮਲੇ `ਚ ਪੁਲਿਸ ਨੇ ਆਪਣੀਆਂ ਗਵਾਹੀਆਂ ਕਲਮਬੰਦ ਕਰਵਾਈਆਂ।
ਬਹਿਸ ਦੌਰਾਨ ਭਾਈ ਬਿੱਟੂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਆਜ਼ਾਦ ਭਾਰਤ `ਚ ਹਰ ਇਕ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਸਰਕਾਰ ਦੀ ਆਲੋਚਨਾ ਕਰਨ ਦੀ ਖੁੱਲ੍ਹ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਘੋਲ ਇਸ ਮਸਲੇ ਤੋਂ ਪਹਿਲਾਂ ਵੀ ਚੱਲ ਰਿਹਾ ਸੀ ਅਤੇ ਸ. ਬਿੱਟੂ ਖਿਲਾਫ਼ ਦਫਾ 124 ਏ ਪੁਲਿਸ ਦੀ ਮੰਦ ਭਾਵਨਾ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਭਾਈ ਬਿੱਟੂ ਇਕ ਸਨਮਾਨਿਤ ਨੇਤਾ ਹਨ, ਜਿਸ `ਤੇ ਮਾਣਯੋਗ ਅਦਾਲਤ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਵੇਕ ਪੁਰੀ ਨੇ ਭਾਈ ਦਲਜੀਤ ਸਿੰਘ ਬਿੱਟੂ ਨੂੰ ਬਾ-ਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ।
ਇਹ ਵੀ ਜ਼ਿਕਰਯੋਗ ਹੈ ਕਿ ਇਸ ਵੇਲੇ ਭਾਈ ਦਲਜੀਤ ਸਿੰਘ ਬਿੱਟੂ ਬਾਦਲ ਸਰਕਾਰ ਵਲੋਂ ਪੰਜਾਬ ਦੇ ਹਾਲਾਤ ਖਰਾਬ ਕਰਨ ਅਤੇ ਸਾਜਿਸ਼ ਰਚਣ ਦੇ ਗੰਭੀਰ ਇਲਜ਼ਾਮਾਂ ਤਹਿਤ ਅਦਾਲਤੀ ਹਿਰਾਸਤ ਵਿਚ ਜੇਲ੍ਹ `ਚ ਬੰਦ ਹਨ।