ਚੰਡੀਗੜ੍ਹ: ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਅਤੇ ਪੰਜਾਬ ਮਨੁੱਖੀ ਅਧਿਕਾਰ ਜਥੇਬੰਦੀ ਵਲੋਂ ਜਾਰੀ ਇਕ ਸਾਂਝੇ ਬਿਆਨ ਵਿਚ ਕਿਹਾ ਗਿਆ ਕਿ ਰਵਾਇਤੀ ਰਾਜਨੀਤੀ ਤੋਂ ਉਪਰ ਉੱਠ ਕੇ ਨਿਵੇਕਲੀ ਰਾਜਨੀਤੀ ਅਤੇ ਇੰਨਕਲਾਬ ਦੀਆਂ ਗੱਲਾਂ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਦੋਹਰੇ ਮਾਪ ਦੰਡਾਂ ਦਾ ਨਵਾਂ ਭੇਤ ਉਦੋਂ ਖੁੱਲਾ ਜਦੋਂ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ 72 ਨਵੇਂ ਠੇਕੇ ਖੋਲੇ ਅਤੇ ਨਵੀਆਂ 217 ਬਾਰਾਂ ਨੂੰ ਮਨਜ਼ੂਰੀ ਦੇ ਦਿੱਤੀ।
ਗੱਲ-ਗੱਲ ਤੇ ਸਵਰਾਜ ਅਤੇ ਰਾਏਸ਼ੁਮਾਰੀ ਦੀਆ ਗੱਲ੍ਹਾਂ ਕਰਨ ਵਾਲੇ ਅਰਵਿੰਦ ਕੇਜਰੀਵਾਲ ਇਸ ਸ਼ਰਾਬਖਾਨੀਆਂ ਦੇ ਅਗਾਜ਼ ਤੋਂ ਪਹਿਲਾਂ ਰਾਏਸ਼ੁਮਾਰੀ ਕਰਵਾਉਣਾ ਕਿਵੇਂ ਭੁਲ ਗਏ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਸੱਜੀ ਬਾਂਹ ਰਾਣਾ ਗੁਰਜੀਤ ਸਿੰਘ ਨੇ ਗੁਰੁ ਅਰਜਨ ਦੇਵ ਜੀ ਦੀ ਨਗਰੀ ਨੂੰ ਸ਼ਰਾਬ ਦੀ ਫੈਕਟਰੀ ਤੋਹਫੇ ਵਿੱਚ ਦੇ ਕੇ ਕੈਪਟਨ ਸਾਹਿਬ ਦੇ ਗੁਟਕੇ ‘ਤੇ ਹੱਥ ਰੱਖ ਕੇ ਹਰ ਕਿਸਮ ਦਾ ਨਸ਼ਾ ਖਤਮ ਕਰਨ ਲਈ ਸੌਂਹ ਖਾਣ ਦੇ ਦਿਖਾਵੇ ਨੂੰ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਪੂਰੀ ਤਰ੍ਹਾਂ ਸ਼ਰਮਸ਼ਾਰ ਕੀਤਾ ਉਧਰ ਬਾਦਲ ਅਤੇ ਟੀਮ ਵਲੋਂ ਪਿਛਲੇ ਦਹਾਕੇ ਵਿੱਚ ਫੈਲਾਇਆ ਨਸ਼ੇ ਦਾ ਜਾਲ ਜੱਗਜ਼ਾਹਰ ਹੈ।
ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਕਹਾਉਣ ਵਾਲ਼ੀ ਸ਼੍ਰੋਮਣੀ ਅਕਾਲੀ ਦਲ ਬਾਦਲ, ਹੁਣ ਜਗ੍ਹ-ਜਗ੍ਹਾ ਖੋਲ੍ਹੇ ਜਾਣ ਵਾਲੇ ਸ਼ੋ-ਰੂਮ ਅਤੇ ਸਟੋਰਾਂ ਤੋਂ ਸ਼ਰਾਬ ਵ ਮੁਹੱਇਆ ਕਰਵਾਏਗੀ। ਉਹਨਾਂ ਕਿਹਾ ਕਿ ਬਾਦਲਕਿਆਂ ਨੇ ਪੰਜਾਬ ਅੰਦਰ ਸਿੱਖੀ ਦੀਆਂ ਜੜ੍ਹਾਂ ਵੱਢਣ ਵਿੱਚ ਕੋਈ ਕਸਰ ਨਹੀਂ ਛੱਡੀ। ਸ਼ਰਮ ਦੀ ਗੱਲ੍ਹ ਇਹ ਹੈ ਕਿ ਸਿੱਖ ਅਖਵਾਉਣ ਵਾਲਾ ਮੁੱਖ ਮੰਤਰੀ ਪੰਜਾਬ ਦੇ 12 ਹਜ਼ਾਰ ਪਿੰਡਾਂ ਵਿੱਚ ਘਰ-ਘਰ ਠੇਕੇ ਖੋਲ੍ਹ ਕੇ ਆਪਣੇ ਆਪ ਨੂੰ ਨਸ਼ਾ ਵਿਰੋਧੀ ਦੱਸ ਰਿਹਾ ਹੈ। ਮਾਲ ਮੰਤਰੀ ਮਜੀਠੀਆਂ ਸਮੁੱਚੇ ਸ਼ਰਾਬ ਦੇ ਕਾਰੋਬਾਰ ‘ਤੇ ਕਾਬਜ਼ ਹੀ ਨਹੀਂ ਸਗੋਂ ਦੀਪ ਮਲਹੋਤਰਾ ਦੀਆਂ ਵੀ ਬਹਾਰਾਂ ਹਨ।
ਪੰਜਾਬ ਅੰਦਰ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਬਚਾਕੇ, ਬਾਦਲਕੇ ਦਿੱਲੀ ਅੰਦਰ ਕਮਲ ਨਾਥ ਵਰਗਿਆਂ ਖਿਲ਼ਾਫ ਦਿਖਾਵੇ ਦੀ ਬਿਆਨਬਾਜ਼ੀ ਕਰਦੇ ਹਨ। ਆਗੂਆਂ ਵਲੋਂ ਕਿਹਾ ਗਿਆ ਕਿ ਇਸੇ ਤਰ੍ਹਾਂ ਕੇਜਰੀਵਾਲ ਸਰਕਾਰ ਦਿੱਲੀ ਵਿੱਚ ਘਰ-ਘਰ ਸ਼ਰਾਬ ਪੁੰਹਚਾ ਕੇ ਪੰਜਾਬ ਅੰਦਰ ਨਸ਼ਿਆਂ ਦਾ ਵਿਰੋਧੀ ਹੋਣ ਦਾ ਝੂਠਾ ਦਿਖਾਵਾ ਕਰ ਰਹੀ ਹੈ। ਕਾਂਗਰਸ ਪਾਰਟੀ ਹੋਵੇ ਜਾਂ ਬਾਦਲ ਦਲ ਪਾਰਟੀ ਜਾਂ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਸ਼ਿਆਂ ਦੇ ਮੁੱਦੇ ‘ਤੇ ਬੇਕਨਾਬ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਵੋਟਾਂ ਦੀ ਠੱਗੀ ਮਾਰਨ ਲਈ ਸਾਰਿਆ ਪਾਰਟੀਆਂ ਨਸ਼ਿਆਂ ਦੇ ਮੁੱਦੇ ਨੂੰ ਵੋਟ ਬੈਂਕ ਲਈ ਵਰਤ ਰਹੀਆਂ ਹਨ।
ਨਿੱਤ ਨਵੇਂ ਲੋਕ ਲੁਬਾਣੇ ਵਾਅਦੇ ਕਰਕੇ ਵੋਟ ਬੈਂਕ ਵਿੱਚ ਵਾਧਾ ਕਰਦੇ ਰਹਿੰਦੇ ਹਨ ਪਰ ਲੋਕਾਂ ਨੂੰ ਇਹਨਾਂ ਦੀਆਂ ਸਿਆਸੀ ਚਾਲਬਾਜ਼ੀਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਪਾਰਟੀ ਦੇ ਅੰਨ੍ਹੇ ਭਗਤ ਬਣਨ ਨਾਲੋਂ ਤਰਕ ਦੇ ਅਧਾਰ ‘ਤੇ ਵਿਚਰਨਾ ਚਾਹੀਦਾ ਹੈ ਅਤੇ ਆਪਣੀ ਵੱਖਰੀ ਵਿਚਾਰਧਾਰਾ ਕਾਇਮ ਰੱਖਣੀ ਚਾਹੀਦੀ ਹੈ।