ਜੂਨ 1984 ਵਿੱਚ ਗੁਰੂ ਖਾਲਸਾ ਪੰਥ ’ਤੇ ਬਿਪਰ ਰਾਜ-ਹਉਂ (ਦਿੱਲੀ ਦਰਬਾਰ) ਵੱਲੋਂ ਕੀਤੇ ਬਹੁ-ਪਸਾਰੀ ਹਮਲੇ ਨੂੰ ਸਿੱਖ ਤੀਜੇ ਘੱਲੂਘਾਰੇ ਵਜੋਂ ਯਾਦ ਕਰਦੇ ਹਨ। ਬਿਪਰ ਦਾ ਅਸਲ ਮਨੋਰਥ ਸਿੱਖੀ ਦੇ ਨਿਆਰੇਪਣ ਨੂੰ ਮੇਟ ਕੇ ਇਸ ਨੂੰ ਬਿਪਰ ਪ੍ਰਬੰਧ ਵਿੱਚ ਜਜ਼ਬ ਕਰ ਲੈਣਾ ਸੀ। ਗੁਰੂ ਨਾਨਕ ਪਾਤਿਸਾਹ ਦੇ ਵੇਲੇ ਤੋਂ ਹੀ ਬਿਪਰ ਅਤੇ ਗੁਰਮਤਿ ਵਿਚਾਰਧਾਰਾ ਦਾ ਟਕਰਾਅ ਸ਼ੁਰੂ ਹੋ ਗਿਆ ਸੀ ਪਰ 1947 ਤੋਂ ਬਾਅਦ ਜਦੋਂ ਬਿਪਰ ਨੂੰ ਤਖ਼ਤ ਮਿਲ ਗਿਆ ਫਿਰ ਇਸ ਨੇ ਸਾਰੇ ਪਸਾਰਾਂ ਵਿੱਚ ਆਪਣਾ ਹਮਲਾ ਤੇਜ਼ ਕਰ ਦਿੱਤਾ। ਸਮੇਂ ਦੇ ਤਖ਼ਤਾਂ ਨਾਲ ਸਿੱਖ ਪਹਿਲਾਂ ਵੀ ਲੜ੍ਹਦੇ ਰਹੇ ਹਨ ਪਰ ਇਸ ਵਾਰ ਦੇ ਮਨੋਵਿਗਿਆਨਕ ਅਸਰ ਪਹਿਲਾਂ ਨਾਲੋਂ ਬਿਲਕੁਲ ਵੱਖਰੇ ਅਤੇ ਘਾਤਕ ਹਨ। ਇੱਕ ਤਾਂ ਇਸ ਵਾਰ ਹਮਲਾਵਰ ਕਿਤੋਂ ਬਾਹਰੀ ਖਿੱਤੇ ’ਚੋਂ ਨਹੀਂ ਆਇਆ ਸਗੋਂ ਇੱਥੋਂ ਦੇ ਸਥਾਨਿਕ ਮੱਤ ਵਾਲੇ ਹੀ ਹਮਲਾਵਰ ਹੋਏ ਜਿਸ ਵਰਤਾਰੇ ਦੀ ਸਿੱਖਾਂ ਦਾ ਵੱਡਾ ਹਿੱਸਾ ਆਸ ਨਹੀਂ ਸੀ ਕਰਦਾ ਅਤੇ ਦੂਸਰਾ ਵਰਤਮਾਨ ਸਟੇਟ ਨੇ ਮਨੋਵਿਗਿਆਨਕ ਹਮਲਾ ਡੂੰਘਾ ਕਰਨ ਲਈ ਬਹੁਤ ਜਿਆਦਾ ਤਰੱਕੀ ਵੀ ਕਰ ਲਈ ਹੈ। ਬਿਪਰ ਇਹ ਮਨੋਵਿਗਿਆਨਕ ਹਮਲਾ ਕਰਕੇ ਸਿੱਖਾਂ ’ਤੇ ਪੂਰਨ ਤੌਰ ’ਤੇ ਗਲਬਾ ਪਾ ਕੇ ਖਤਮ ਕਰਨਾ ਚਾਹੁੰਦਾ ਸੀ। ਹਮਲੇ ਸਿਰਫ ਸਰੀਰਕ ਨਹੀਂ ਹੁੰਦੇ ਜਾਂ ਹਮਲੇ ਸਿਰਫ ਦਿਖਦੇ ਨੁਕਸਾਨ ਵਾਲੇ ਨਹੀਂ ਹੁੰਦੇ ਕੁਝ ਹਮਲੇ ਮਾਨਸਿਕ ਵੀ ਹੁੰਦੇ ਹਨ ਜਿਨ੍ਹਾਂ ਦੀ ਗੱਲ ਨਫ਼ੇ ਨੁਕਸਾਨਾਂ ਤੋਂ ਉੱਤੇ ਹੁੰਦੀ ਹੈ। ਇਸ ਲਈ ਜਰੂਰੀ ਨਹੀਂ ਕਿ ਜਿੱਥੇ ਕੋਈ ਜਾਨੀ-ਮਾਲੀ ਨੁਕਸਾਨ ਹੋਇਆ ਉਸੇ ਨੂੰ ਹੀ ਹਮਲਾ ਕਿਹਾ ਜਾਵੇਗਾ। ਅਸਲ ਵਿੱਚ ਜਦੋਂ ਵੀ ਸਿੱਖ ਅਤੇ ਗੁਰੂ ਦੇ ਵਿੱਚ ਕੋਈ ਆਉਂਦਾ ਹੈ, ਜਦੋਂ ਸਿੱਖ ਨੂੰ ਜਬਰੀ ਗੁਰੂ ਕੋਲ ਜਾਣ ਤੋਂ ਰੋਕਿਆ ਜਾਂਦਾ ਹੈ, ਜਦੋਂ ਗੁਰੂ ਘਰ ਵੱਲ ਕੋਈ ਮੈਲੀ ਅੱਖ ਨਾਲ ਵੇਖਦਾ ਹੈ, ਜਦੋਂ ਤੋਪਾਂ ਤੇ ਟੈਂਕਾਂ ਦਾ ਮੂੰਹ ਗੁਰੂ ਦੇ ਦਰ ਵੱਲ ਹੋ ਜਾਂਦਾ ਹੈ ਕਿਓਂਕਿ ਇਹ ਕਿਸੇ ਦੁਨਿਆਵੀ ਤਖ਼ਤ ਦੀ ਅਧੀਨਗੀ ਨਹੀਂ ਕਬੂਲਦੇ ਤਾਂ ਇੱਕ ਸਿੱਖ ਲਈ ਉਹ ਹਮਲਾ ਹੀ ਹੁੰਦਾ ਹੈ। ਮਸਲਾ ਸਿਰਫ ਕੁਝ ਸਖਸ਼ੀਅਤਾਂ ਨੂੰ ਖਤਮ ਕਰਨ ਜਾਂ ਕੇਂਦਰੀ ਸਥਾਨਾਂ ਨੂੰ ਨੁਕਸਾਨ ਪਹੁੰਚਾਣ ਦਾ ਨਹੀਂ ਸੀ ਬਲਕਿ ਪੂਰੀ ਸਿੱਖ ਸੰਗਤ ਉੱਤੇ ਮਾਨਸਿਕ ਗਲਬਾ ਪਾ ਕੇ ਮੁਕੰਮਲ ਤੌਰ ’ਤੇ ਖਤਮ ਕਰਨ ਦਾ ਸੀ ਇਸ ਲਈ ਇਹ ਹਮਲਾ ਬਹੁਤ ਵਿਆਪਕ ਸੀ। ਜਿੱਥੇ ਪੂਰੇ ਪੰਜਾਬ ਨੂੰ ਫੌਜੀ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਉੱਥੇ ਅਨੇਕਾਂ ਗੁਰਧਾਮਾਂ ਉੱਤੇ ਇੱਕੋ ਸਮੇਂ ਹਮਲਾ ਕੀਤਾ ਗਿਆ।
ਜੂਨ 1984 ਵਿੱਚ ਹੋਣ ਵਾਲੇ ਹਮਲਿਆਂ ਤੋਂ ਪਹਿਲਾਂ ਗੁਰਦੁਆਰਾ ਸਾਹਿਬਾਨ ਨੂੰ ਘੇਰਾ ਪਾਉਣ ਦਾ, ਸਿੱਖ ਸੰਗਤ ਨੂੰ ਪ੍ਰਸ਼ਾਦਾ ਪਾਣੀ ਤੋਂ ਵਾਞੇ ਰੱਖਣ ਦਾ ਅਤੇ ਸਿੱਖ ਸੰਗਤ ਉੱਤੇ ਗੋਲੀ ਚਲਾਉਣ ਦਾ ਅਭਿਆਸ ਕੀਤਾ ਗਿਆ ਸੀ। ਇਹ ਅਭਿਆਸ ਪਹਿਲਾਂ ਅਪ੍ਰੈਲ 1984 ਵਿੱਚ ਮੋਗਾ ਸ਼ਹਿਰ ਵਿਖੇ ਕੀਤਾ ਗਿਆ ਜਿੱਥੇ 8 ਸਿੰਘ ਸ਼ਹੀਦ ਕੀਤੇ ਗਏ, ਅਨੇਕਾਂ ਸਿੰਘਾਂ ਨੂੰ ਜਖਮੀ ਕੀਤਾ ਗਿਆ ਅਤੇ ਗੁਰਦੁਆਰਾ ਸਾਹਿਬਾਨ ਅੰਦਰ ਮੌਜੂਦ ਸੰਗਤ ਲਈ ਬਿਜਲੀ ਪਾਣੀ ਬੰਦ ਕੀਤਾ ਗਿਆ, ਉਸ ਤੋਂ ਬਾਅਦ ਮਈ 1984 ਵਿੱਚ ਇਹ ਅਭਿਆਸ ਫਿਰੋਜ਼ਪੁਰ ਜਿਲ੍ਹੇ ਦੇ ਬਜੀਦਪੁਰ ਵਿਖੇ ਗੁਰਦੁਆਰਾ ਗੁਰੂਸਰ ਜਾਮਨੀ ਸਾਹਿਬ ਵਿਖੇ ਕੀਤਾ ਗਿਆ ਅਤੇ ਇਹ ਚਿਤਾਵਨੀ ਮੁੜ ਦੁਹਰਾਈ ਗਈ ਕਿ ਕਿਸੇ ਦੇ ਵੀ ਮਨ ਵਿੱਚ ਇਹ ਵਹਿਮ ਨਾ ਰਹੇ ਕਿ ਸਿੱਖਾਂ ਦੇ ਪਵਿੱਤਰ ਅਸਥਾਨ ਘੇਰੇ ਨਹੀਂ ਜਾ ਸਕਦੇ। ਸੁਭਾਵਿਕ ਹੀ ਹੈ ਕਿ ਜੋ ਕੁਝ ਵੀ ਇੱਥੇ ਕੀਤਾ ਗਿਆ ਉਸ ਦੀ ਪਰਖ ਨੂੰ ਭਵਿੱਖ ਵਿੱਚ ਵਰਤਣ ਦੀ ਮਨਸ਼ਾ ਨਾਲ ਹੀ ਕੀਤਾ ਗਿਆ।
ਮਈ 1984 ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਨਿਹੰਗ ਸਿੰਘਾਂ ਦਾ ਪ੍ਰਸ਼ਾਸਨ ਨਾਲ ਕੋਈ ਮਸਲਾ ਹੋ ਗਿਆ ਸੀ ਜਿਸ ਵਿੱਚ ਚਾਰ ਨਿਹੰਗ ਸਿੰਘ ਸ਼ਹੀਦ ਕਰ ਦਿੱਤੇ ਗਏ ਸਨ। ਇਸ ਸਬੰਧੀ ਜਥੇਬੰਦੀਆਂ ਨੇ ਗੁਰਦੁਆਰਾ ਜਾਮਨੀ ਸਾਹਿਬ ਫਿਰੋਜ਼ਪੁਰ ਇਕੱਠ ਰੱਖਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ। ਇਸੇ ਦੌਰਾਨ ਇੱਕ ਵਾਰ ਫਿਰ ਜੂਨ ’84 ਵਿੱਚ ਕੀਤੀ ਜਾਣ ਵਾਲੀ ਕਾਰਵਾਈ ਦਾ ਅਭਿਆਸ ਕਰਦਿਆਂ ਸੀ.ਆਰ.ਪੀ.ਐੱਫ. ਅਤੇ ਪੁਲਸ ਵੱਲੋਂ ਗੁਰਦੁਆਰਾ ਸਾਹਿਬ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਗਿਆ। ਇਹ ਘੇਰਾ ਤਕਰੀਬਨ ਛੇ ਸੱਤ ਦਿਨ ਰਿਹਾ। ਇਸ ਦੌਰਾਨ ਕਿਸੇ ਨੂੰ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਨਾ ਜਾਣ ਦਿੱਤਾ ਗਿਆ। ਉਸ ਵਕਤ ਅੰਦਰ ਤਕਰੀਬਨ 70-80 ਸਿੰਘ ਸਨ। ਅੰਦਰ ਮੌਜੂਦ ਸੰਗਤ ਦਾ ਪ੍ਰਸਾਦਾ, ਦੁੱਧ ਅਤੇ ਪਾਣੀ ਬੰਦ ਕਰ ਦਿੱਤਾ ਸੀ। ਜੇ ਕੋਈ ਬਾਹਰੋਂ ਕੁਝ ਵੀ ਲੈ ਕੇ ਜਾਣ ਦਾ ਯਤਨ ਕਰਦਾ ਤਾਂ ਓਹਨੂੰ ਰੋਕ ਲਿਆ ਜਾਂਦਾ। ਇਹਨਾਂ ਦਿਨਾ ਵਿੱਚ ਹੀ ਮੋਗੇ ਨੂੰ ਜਾਣ ਵਾਲੀ ਜਰਨੈਲੀ ਸੜਕ ਉੱਤੇ ਇੱਕ ਹਾਦਸਾ ਵਾਪਰਿਆ। ਕਿਸੇ ਨੇ ਸੀ.ਆਰ.ਪੀ.ਐੱਫ. ਦੀ ਗੱਡੀ ’ਤੇ ਗ੍ਰਨੇਡ ਚਲਾ ਦਿੱਤਾ। ਉਸ ਤੋਂ ਬਾਅਦ ਸੀ.ਆਰ.ਪੀ.ਐੱਫ. ਨੇ ਸਿੰਘਾਂ ਨਾਲ ਗੱਲਬਾਤ ਕੀਤੀ। ਸਿੰਘਾਂ ਨੇ ਕਿਹਾ ਕਿ ਕੁਝ ਦਿਨਾ ਬਾਅਦ ਮੱਸਿਆ ਹੈ ਅਤੇ ਜੇਕਰ ਤੁਸੀਂ ਆਉਣ ਵਾਲੀ ਸੰਗਤ ਨੂੰ ਰੋਕਿਆ ਜਾਂ ਕੋਈ ਹੋਰ ਨੁਕਸਾਨ ਪਹੁੰਚਾਇਆ ਤਾਂ ਸਾਡੇ ਵੱਲੋਂ ਐਕਸ਼ਨ (ਕਾਰਵਾਈ) ਕੀਤਾ ਜਾਵੇਗਾ। ਫਿਰ ਮੱਸਿਆ ਤੋਂ ਇੱਕ ਰਾਤ ਪਹਿਲਾਂ ਸੀ.ਆਰ.ਪੀ.ਐੱਫ. ਅਤੇ ਪੁਲਸ ਵੱਲੋਂ ਗੁਰਦੁਆਰਾ ਸਾਹਿਬ ਨੂੰ ਪਾਇਆ ਘੇਰਾ ਹਟਾ ਦਿੱਤਾ ਗਿਆ।
ਅਪ੍ਰੈਲ ਅਤੇ ਮਈ 1984 ਦੀਆਂ ਇਹਨਾਂ ਕਾਰਵਾਈਆਂ ਨਾਲ ਅਭਿਆਸ ਅਤੇ ਪਰਖ ਨੂੰ ਅੰਜ਼ਾਮ ਦਿੱਤਾ ਗਿਆ ਤਾਂ ਜੋ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ, ਅਕਾਲ ਤਖ਼ਤ ਸਾਹਿਬ ਅਤੇ ਹੋਰ ਅਨੇਕਾਂ ਗੁਰਦੁਆਰਾ ਸਾਹਿਬਾਨ ਉੱਤੇ ਜੂਨ 1984 ਵਿੱਚ ਜੋ ਹਮਲਾ ਕਰਨਾ ਸੀ, ਓਹਦੇ ਅੰਦਾਜ਼ੇ ਲਾਏ ਜਾ ਸਕਣ ਅਤੇ ਲੋੜੀਂਦੀਆਂ ਸਾਵਧਾਨੀਆਂ ਵਰਤੀਆਂ ਅਤੇ ਤਬਦੀਲੀਆਂ ਕੀਤੀਆਂ ਜਾ ਸਕਣ। ਮਈ 1984 ਵਿੱਚ ਪਹਿਲਾਂ ਸਿੰਘ ਸ਼ਹੀਦ ਕੀਤੇ ਜਾਂਦੇ ਹਨ ਫਿਰ ਗੁਰਦੁਆਰਾ ਗੁਰੂਸਰ ਜਾਮਨੀ ਸਾਹਿਬ, ਬਜ਼ੀਦਪੁਰ ਵਿਖੇ ਇਕੱਠੀ ਹੋਈ ਸੰਗਤ ਨੂੰ ਘੇਰਿਆ ਜਾਂਦਾ ਹੈ ਜਿਨ੍ਹਾਂ ਦਾ ਪ੍ਰਸਾਦਾ ਪਾਣੀ ਵੀ ਰੋਕਿਆ ਗਿਆ। ਜਰੂਰੀ ਨਹੀਂ ਜੋ ਸਿੰਘ ਮਈ ਵਿੱਚ ਸ਼ਹੀਦ ਕੀਤੇ ਉਹ ਵੀ ਇਸੇ ਲੜੀ ਤਹਿਤ ਜਾਂ ਇਸ ਅਭਿਆਸ ਦਾ ਹੀ ਹਿੱਸਾ ਹੋਣ ਪਰ ਉਸ ਤੋਂ ਬਾਅਦ ਦਾ ਜੋ ਅਮਲ ਹੈ ਉਹ ਜਰੂਰ ਅਗਲੇ ਅਮਲਾਂ ਦੀ ਪਰਖ ਵਜੋਂ ਵੇਖਣਾ ਚਾਹੀਦਾ ਹੈ। ਦੂਸਰੀ ਅਹਿਮ ਗੱਲ ਇਹ ਵੀ ਹੈ ਕਿ ਇਹ ਘੇਰਾ ਜੂਨ ’84 ਤੋਂ ਕੁਝ ਹੀ ਦਿਨ ਪਹਿਲਾਂ ਪੈਂਦਾ ਹੈ, ਕੁਝ ਦਿਨ ਬਾਅਦ ਹੋਰ ਅਨੇਕਾਂ ਗੁਰਦੁਆਰਾ ਸਾਹਿਬਾਨ ਨੂੰ ਘੇਰੇ ਪੈਣੇ ਹਨ, ਸੋ ਇਸ ਨੂੰ ਉਸ ਲੜੀ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ ਜਾਂ ਕਹਿ ਲਈਏ ਕਿ ਨਹੀਂ ਵੇਖਣਾ ਚਾਹੀਦਾ। ਦੋਵੇਂ ਵਾਰ ਸਿੱਖ ਸੰਗਤ ਆਪਣੇ ਮਸਲੇ ਸਬੰਧੀ ਇਕੱਠੀ ਹੁੰਦੀ ਹੈ, ਜਿਸ ਉੱਤੇ ਇਸ ਤਰੀਕੇ ਦੀ ਕਾਰਵਾਈ ਕਰਨੀ ਲੋੜੀਂਦੀ ਨਹੀਂ ਸੀ ਪਰ ਫਿਰ ਵੀ ਕੀਤੀ ਗਈ। ਇਹ ਉਹ ਸ਼ੁਰੂਆਤ ਸੀ ਜਿਸ ਨੇ ਆਪਣਾ ਸਿਖਰ ਜੂਨ 1984 ਵਿੱਚ ਵਿਖਾਇਆ।