-ਗੁਰਪ੍ਰੀਤ ਸਿੰਘ ਮੰਡਿਆਣੀ
ਅੱਜ ਕੱਲ ਟੀ.ਵੀ ਬਹਿਸਾਂ, ਰੈਲੀਆਂ ਅਤੇ ਪੰਚਾਇਤੀ ਚੋਣ ਜਲਸਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਇਹਦੇ ਨਾਲ ਤਾਅਲੁੱਕ ਰੱਖਣ ਵਾਲੇ ਗੋਲੀ ਕਾਂਡਾਂ ਦੀ ਚਰਚਾ ਵਿੱਚ ਸਿੱਧਮ ਸਿੱਧਾ ਦੋਸ਼ ਪਿਛਲੀ ਬਾਦਲ ਸਰਕਾਰ ਸਿਰ ਲਗਦਾ ਹੈ। ਕਾਂਗਰਸ ਕੋਲ ਅਕਾਲੀਆਂ ਦੇ ਖਿਲਾਫ਼ ਇਹ ਮੁੱਦਾ ਵੱਡੇ ਹਥਿਆਰ ਵਜੋਂ ਹੱਥ ਲੱਗਿਆ ਹੋਇਆ ਹੈ। ਪਰ ਬਹਿਸ ਦੀ ਹਰੇਕ ਸਟੇਜ ਤੇ ਕਾਂਗਰਸ ਦੇ ਇਸ ਦੋਸ਼ ਦੇ ਜਵਾਬ ਵਿੱਚ ਅਕਾਲੀਆਂ ਵੱਲੋਂ 34 ਸਾਲਾ ਬੈਕ ਛੜੱਪਾ ਮਾਰਕੇ ਜੂਨ ਚੁਰਾਸੀ ਅਤੇ ਨਵੰਬਰ ਚੁਰਾਸੀ ਚੇਤੇ ਕਰਾਉਂਦਿਆਂ ਕਾਂਗਰਸ ਨੂੰ ਬਰਾਬਰ ਦਾ ਜਵਾਬ ਦਿੱਤਾ ਜਾਂਦਾ ਹੈ। ਜੂਨ ਚੁਰਾਸੀ ਅਤੇ ਨਵੰਬਰ ਚੁਰਾਸੀ ਦੇ ਜੁਮੇਵਾਰ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਭਾਵੇਂ ਇਸ ਜਹਾਨ ਤੇ ਨਹੀਂ ਰਹੇ ਪਰ ਉਹ ਕਾਂਗਰਸ ਦੇ ਪ੍ਰਧਾਨ ਮੰਤਰੀ ਹੋਣ ਕਰਕੇ ੳਨ੍ਹਾਂ ਦੀ ਕੀਤੀ ਦੀ ਜੁਮੇਵਾਰੀ ਅੱਜ ਦੀ ਕਾਂਗਰਸ ਸਿਰ ਸੁੱਟੀ ਜਾਂਦੀ ਹੈ। ਹਾਲਾਂਕਿ ਆਪਦੇ ਪ੍ਰਧਾਨ ਮੰਤਰੀਆਂ ਦੇ ਇੰਨਾਂ ਐਕਸ਼ਨਾਂ ਦੀ ਜੁਮੇਵਾਰੀ ਤਾਂ ਮੌਜੂਦਾ ਕਾਂਗਰਸ ਨੂੰ ਓਟਣੀ ਹੀ ਪੈਣੀ ਹੈ। ਪਰ ਅਕਾਲੀਆਂ ਵੱਲੋਂ ਆਪਦੀ ਸਰਕਾਰ ਤੇ ਬੇਅਦਬੀ ਤੇ ਗੋਲੀਕਾਡਾਂ ਦੇ ਜਵਾਬ ਦੇਣ ਦੀ ਬਜਾਇ ਕਾਂਗਰਸ ਨੂੰ ਕਿਸੇ ਹੋਰ ਗੱਲ ਦੀ ਦੋਸ਼ੀ ਕਹਿ ਦੇਣ ਨਾਲ ਪਿਛਲੀ ਅਕਾਲੀ ਸਰਕਾਰ ਕਿਸੇ ਵੀ ਤਰ੍ਹਾਂ ਬਰੀ ਨਹੀਂ ਹੁੰਦੀ।
ਦੂਜੀ ਹੈਰਾਨੀ ਦੀ ਗੱਲ ਇਹ ਹੈ ਕਿ ਨਵੰਬਰ 1984 ਤੋਂ ਫਰਵਰੀ 1996 ਤੱਕ ਲਗਾਤਰ 12 ਸਾਲ ਕਾਂਗਰਸੀ ਸਰਕਾਰ ਰਹੀ ਹੈ। ਇਸ ਦੌਰ ‘ਚ 5 ਸਾਲ ਬੇਅੰਤ ਸਿੰਘ , ਹਰਚਰਨ ਸਿੰਘ ਬਰਾੜ, ਰਜਿੰਦਰ ਕੌਰ ਭੱਠਲ ਦੀ ਸਰਕਾਰ ਅਤੇ 5 ਸਾਲ ਕੇਂਦਰ ਦੀ ਕਾਂਗਰਸ ਸਰਕਾਰ ਵਾਲੇ ਗਵਰਨਰ ਦਾ ਰਾਜ ਰਿਹਾ। 29 ਸਤੰਬਰ 1985 ਤੋਂ ਲੈ ਕੇ 11 ਮਈ 1987 ਤੱਕ ਲਗਭਗ 19 ਮਹੀਨੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਰਹੀ। ਬਰਨਾਲਾ ਸਰਕਾਰ ਦਾ ਨਾਓਂ ਭਾਵੇਂ ਅਕਾਲੀ ਸਰਕਾਰ ਸੀ ਪਰ ਇਹ ਪੂਰੀ ਤਰ੍ਹਾਂ ਕੇਂਦਰ ਦੀ ਕਾਂਗਰਸ ਸਰਕਾਰ ਦੀਆਂ ਸਿੱਧੀਆਂ ਹਦਾਇਤਾਂ ਹੇਠ ਹੀ ਕੰਮ ਕਰਦੀ ਸੀ। ਪ੍ਰਕਾਸ਼ ਸਿੰਘ ਬਾਦਲ ਵੀ ਸ਼ਰੇਆਮ ਬਰਨਾਲਾ ਸਰਕਾਰ ਨੂੰ ਕਾਂਗਰਸ ਦੀ ਕਠਪੁਤਲੀ ਹੀ ਆਖਦੇ ਹੁੰਦੇ ਸੀ। ਛੋਟੇ ਤੋਂ ਛੋਟੇ ਅਕਾਲੀ ਲੀਡਰ ਤੋਂ ਲੈ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਂਗਰਸ ਦੇ ਇਸ ਬਾਰਾਂ ਸਾਲਾ ਦੌਰ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਲੰਮਾ ਬੈਕ ਛੜੱਪਾ ਮਾਰਕੇ ਸਿੱਧਾ 1984 ਤੇ ਪਹੁੰਚੇ ਜਾਂਦੇ ਹਨ। ਹਾਲਾਂਕਿ ਇਸ ਬਾਰਾਂ ਸਾਲਾ ਦੇ ਦੌਰ ਨੂੰ ਸਣੇ ਪ੍ਰਕਾਸ਼ ਸਿੰਘ ਬਾਦਲ ਮੁਗਲਾਂ ਦੇ ਜੁਲਮਾਂ ਨੂੰ ਮਾਤ ਪਾਉਣ ਵਾਲਾ ਸਮਾਂ ਦਸਦੇ ਰਹੇ ਹਨ। ਇਸੇ ਦੌਰ ਵਿੱਚ ਬਰਨਾਲਾ ਸਰਕਾਰ ਵੇਲੇ ਨਕੋਦਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗ ਲਾਈ ਗਈ ਤੇ ਅਗਲੇ ਦਿਨ ਇਹਦੇ ਖਿਲਾਫ ਮੁਜਾਹਰਾ ਕਰਦੇ ਹੋਏ ਦੋ ਨੌਜਵਾਨਾਂ ਨੂੰ ਪੁਲਿਸ ਨੇ ਮੌਕੇ ਤੇ ਹੀ ਭੁੰਨਿਆ ਅਤੇ ਦੋ ਨੂੰ ਥਾਣੇ ‘ਚ ਲਿਜਾ ਕੇ ਮਾਰਿਆਂ ੳਨ੍ਹਾਂ ਦੀਆਂ ਲਾਸ਼ਾਂ ਵੀ ਘਰਦਿਆਂ ਨੂੰ ਨਹੀਂ ਦਿੱਤੀਆਂ।
ਉਸ ਵੇਲੇ ਮੌਕੇ ਦਾ ਐਸ. ਐਸ. ਪੀ ਇਜ਼ਹਾਰ ਆਲਮ ਸੀ ਜਿਹਨੂੰ ਬਾਦਲ ਸਰਕਾਰ ਨੇ 2012 ‘ਚ ਵਕਫ਼ ਬੋਰਡ ਦਾ ਚੇਰਮੈਨ ਲਾਇਆ ਤੇ ਉਹਦੀ ਪਤਨੀ ਅਕਾਲੀ ਟਿਕਟ ਤੇ ਐਮ. ਐਲ. ਏ. ਬਣੀ। ਸੁਰਜੀਤ ਸਿੰਘ ਬਰਨਾਲਾ ਨੂੰ ਬਾਦਲ ਨੇ ਤਿੰਨ ਵਾਰ ਲੋਕ ਸਭਾ ਦੀ ਅਕਾਲੀ ਟਿਕਟ ਦਿੱਤੀ ਉਹ ਦੋ ਵਾਰ ਅਕਾਲੀ ਐਮ. ਪੀ. ਅਤੇ ਲੋਕ ਸਭਾ ‘ਚ ਅਕਾਲੀ ਪਾਰਟੀ ਦਾ ਮੁੱਖੀ ਰਿਹਾ ਤੇ ਕੇਂਦਰ ਸਰਕਾਰ ਦੀ ਵਜੀਰੀ ਹੰਡਾਈ। ਬਰਨਾਲੇ ਨੇ ਇਸ ਗੋਲੀ ਕਾਂਡ ਵਿੱਚ ਪੁਲਿਸ ਦੀ ਕਾਰਵਾਈ ਦੀ ਸਿਰਫ ਇੰਨੀ ਕੁ ਨਿੰਦਿਆ ਕੀਤੀ ਕੇ ਲਾਸ਼ਾਂ ਵਾਰਸਾਂ ਨੂੰ ਨਾ ਦੇ ਕੇ ਪੁਲਿਸ ਨੇ ਮਾੜਾ ਕੰਮ ਕੀਤਾ ਹੈ। ਨਾ ਤਾਂ ਅੱਗ ਲਾਉਣ ਵਾਲੇ ਫੜੇ ਗਏ, ਤੇ ਨਾ ਹੀ ਪੁਲਿਸ ਨੂੰ ਕਿਸੇ ਨੇ ਪੁਛਿਆ ਸਿਰਫ ਇੱਕ ਠਾਣੇਦਾਰ ਦੀ ਬਦਲੀ ਹੋਈ।
ਇਸ ਦੀ ਨਕੋਦਰ ਗੋਲੀਕਾਂਡ ਦੀ ਪੜਤਾਲ ਖਾਤਰ ਜਸਟਿਸ ਗੁਰਨਾਮ ਸਿੰਘ ਜੁਡੀਸ਼ਲ ਕਮਿਸ਼ਨ ਬਣਿਆ ਜੀਹਨੇ ਆਪਦੀ ਰਿਪੋਰਪ 9 ਮਾਰਚ 1987 ਵਿੱਚ ਦੇ ਦਿੱਤੀ ਜੋ ਕਿ ਅੱਜ ਤੱਕ ਕਿਸੇ ਸਰਕਾਰ ਨੇ ਜੱਗ ਜਾਹਿਰ ਨਹੀਂ ਕੀਤੀ। ਇਸੇ ਬਾਰਾਂ ਸਾਲਾ ਦੌਰ ‘ਚ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਮੌਤ ਪੁਲਿਸ ਹਿਰਾਸਤ ‘ਚ ਹੋਈ ਜੀਹਦੀ ਪੜਤਾਲ ਤਿਵਾੜੀ ਕਮੇਟੀ ਨੇ ਕੀਤੀ। ਇਹ ਰਿਪੋਰਟ ਵੀ ਅਜੇ ਤੱਕ ਸਰਕਾਰ ਦੀਆਂ ਖੁਫੀਆਂ ਅਲਮਾਰੀਆਂ ਵਿੱਚ ਹੀ ਪਈ ਹੈ।
35 ਹਜ਼ਾਰ ਅਣਪਛਾਣੀਆਂ ਲਾਸ਼ਾਂ ਦਾ ਖੁਰਾ ਖੋਜ ਕੱਢਣ ਵਾਲੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਸ. ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਇਸੇ ਬਾਰਾਂ ਸਾਲਾ ਦੌਰ ਵਿੱਚ ਮਾਰ ਕੇ ਖਪਾ ਦਿੱਤਾ। ਜੀਹਦੀ ਤਸਦੀਕ ਸੁਪਰੀਮ ਕੋਰਟ ਤੱਕ ਨੇ ਵੀ ਕਰ ਦਿੱਤੀ। ਸੀ. ਬੀ. ਆਈ. ਨੇ ਵੀ ਆਪਦੀ ਪੜਤਾਲ ‘ਚ ਦੱਸਿਆਂ ਕਿ ਸਿਰਫ ਦੋ ਜ਼ਿਲ੍ਹੇਆਂ ਵਿੱਚ ਹੀ 35ਸੌ ਬੇ ਪਛਾਣ ਲਾਸ਼ਾਂ ਦਾ ਅੰਤਿਮ ਸਸਕਾਰ ਇਸੇ ਬਾਰਾਂ ਸਾਲਾ ਦੌਰ ‘ਚ ਹੋਇਆ। ਇਸ ਬਾਰਾਂ ਸਾਲਾ ਕਾਂਗਰਸ ਰਾਜ ‘ਚ ਹੋਏ ਪੁਲਿਸ ਤਸ਼ੱਦਦ ਅਤੇ ‘ਤੇ ਵਿਧਾਨ ਸਭਾ ‘ਚ ਇੱਕ ਕਾਂਗਰਸੀ ਵਜੀਰ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮਿਸਾਲਾਂ ਦੇ-ਦੇ ਕੇ ਲਾਹਣਤਾਂ ਪਾ ਸਕਦਾ ਹੈ ਤਾਂ ਅਕਾਲੀਆਂ ਨੂੰ ਇੰਨਾਂ ਬਾਰਾਂ ਸਾਲਾ ਕਾਂਗਰਸੀ ਰਾਜ ਦਾ ਜ਼ਿਕਰ ਕਰਨ ‘ਚ ਸੰਗ ਕਾਹਦੀ, ਸ਼ਾਇਦ ਇਸ ਦੌਰ ਦੇ ਅਹਿਮ ਪਾਤਰਾਂ ਤੇ ਬਾਦਲ ਪਰਿਵਾਰ ਦੀ ਛਤਰ ਛਾਇਆ ਰਹੀ ਹੋਣਾ ਵੀ ਇੱਕ ਕਾਰਨ ਹੋਵੇ।