ਲੇਖ » ਸਿੱਖ ਖਬਰਾਂ

ਭਾਈ ਦਿਲਵਾਰ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਦਿਆ…….

August 31, 2023 | By

-ਜਸਪਾਲ ਸਿੰਘ ਹੇਰਾਂ

ਅੱਜ 31 ਅਗਸਤ ਹੈ, ਇਸ ਦਿਨ ਪੰਜਾਬ ‘ਚ ਸਿੱਖ ਇਤਿਹਾਸ ਦੀਆਂ ਮਹਾਨ ਪ੍ਰੰਪਰਾਵਾਂ ਨੂੰ ਦੁਹਰਾਉਂਦਿਆ ਇੱਕ ਕੁਰਬਾਨੀ ਦਾ ਸਿਖ਼ਰ  ਹੋ ਨਿਬੜੀ ਇੱਕ ਲਹੂ ਭਿੱਜੀ ਘਟਨਾ ਵਾਪਰੀ ਸੀ। ਭਾਈ ਦਿਲਾਵਰ ਸਿੰਘ ਨੇ ਪੰਜਾਬ ‘ਚ ਜੁਆਨੀ ਦੇ ਹੋ ਰਹੇ ਬੇਤਹਾਸ਼ਾ ਵਹਿਸ਼ੀਆਨਾ ਕਤਲੇਆਮ, ਥਾਣਿਆਂ ‘ਚ ਸਿੱਖਾਂ ਦੀਆਂ ਬਹੂੁ-ਬੇਟੀਆਂ ਦੀ ਰੁਲਦੀ ਪੱਤ, ਬਾਪੂਆਂ ਦੀ ਲਹਿੰਦੀ ਪੱਗ ਨੂੰ ਰੋਕਣ ਲਈ ਸਿੱਖ ਕੌਮ ਦੇ ਸਵੈਮਾਣ ਦੀ ਰਾਖੀ ਲਈ ਜੂਝਦਿਆਂ, ਇੱਕ ਕਾਲੇ ਦੌਰ ਨੂੰ ਆਪਣੇ ਖੂੁਨ ਨਾਲ ਬਰੇਕਾਂ ਲਾਉਣ ਲਈ ਲਾਸਾਨੀ ਕੁਰਬਾਨੀ ਦਿੱਤੀ।

ਭਾਈ ਦਿਲਵਾਰ ਸਿੰਘ ਦੀ ਸ਼ਹੀਦੀ ਸਿੱਖੀ ਸਿਧਾਤਾਂ ਦੀ ਰੌਸ਼ਨੀ ‘ਚ ਜ਼ੁਲਮ ਲਈ ਇੰਤਹਾ ਨੂੰ ਨੱਥ ਪਾਉਣ ਲਈ ਹੋਈ ਅਤੇ ਅੱਜ ਜਦੋਂ ਅਸੀ ਉਸ ਮਹਾਨ ਸ਼ਹੀਦ ਦੀ 20ਵੀਂ ਬਰਸੀ ਮਨਾ ਰਹੇ ਹਾਂ ਤਾਂ ਉਸ ਸ਼ਹੀਦੀ ਦੇ ਕਾਰਣਾਂ ਤੇ ਪ੍ਰਭਾਵਾਂ ਬਾਰੇ ਵੀ ਆਤਮ-ਚਿੰਤਨ ਕਰਨ ਜ਼ਰੂਰੀ ਹੈ।

ਸ਼ਹੀਦ ਭਾਈ ਦਿਲਾਵਰ ਸਿੰਘ

ਸਿੱਖੀ ਦੀ ਨੀਂਹ, ਮਨੁੱਖਤਾ ‘ਚ ਬਰਾਬਰੀ,ਸਰਬੱਤ ਦੇ ਭਲੇ ਅਤੇ ਦੁਨੀਆਂ ਤੇ ਹੁੰਦੇ ਹਰ ਤਰਾਂ ਦੇ ਜ਼ੋਰ ਜ਼ਬਰ ਤੇ ਜ਼ੁਲਮ ਦੇ ਖ਼ਾਤਮੇ ਲਈ ਰੱਖੀ ਸੀ। ਇਸ ਸਿਰਲੱਥ ਕੌਮ ਨੇ ਆਪਣੇ ਕੌਮੀ ਸਿਧਾਤਾਂ ਅਨੁਸਾਰ ਹਰ ਜਾਬਰ ਧਿਰ ਦਾ ਮੂੰਹ ਭੰਨਿਆ। ਇਸ ਲਈ ਉਹ ਜ਼ਾਬਰ ਧਿਰ ਹਮੇਸ਼ਾ ਸਿੱਖਾਂ ਦੇ ਦੁੁਸ਼ਮਣਾਂ ਦੀ ਕਤਾਰ ‘ਚ ਖੜੀ ਅਤੇ ਸਿੱਖਾਂ ਤੇ ਹਮੇਸ਼ਾ ਜ਼ੁਲਮ ਤਸੱਦਦ ਦਾ ਦੌਰ ਚੱਲਦਾ ਰਿਹਾ।

ਚਾਹੇ ਉਹ ਮੀਰ ਮੰਨੂ ਦਾ ਸਮਾਂ ਸੀ ਜਾਂ ਫਿਰ ਬੇਅੰਤ ਸਿੰਘ ਦਾ ਸਿੱਖਾਂ ਨੇ ਕੁਰਬਾਨੀਆਂ ਦਾ ਲੰਮਾ ਇਤਿਹਾਸ ਸਿਰਜਕੇ ਹਰ ਜਾਬਰ ਦਾ ਮੂੰਹ ਤੋੜਨ ਦਾ ਖਾੜਕੂ ਯਤਨ ਕੀਤਾ ਅਤੇ ਦੁਨੀਆਂ ਨੂੰ ਦੱਸਿਆ ਕਿ ਕਿਸੇ ਜਾਬਰ ਦਾ ਜ਼ੁਲਮ ਤਸ਼ੱਦਦ, ਸਿੱਖ ਕੌਮ ਨੂੰ ਆਪਣੇ ਮਹਾਨ ਸਿਧਾਤਾਂ ਤੇ ਅਡੋਲ ਤੁਰਨ ਤੋਂ ਡੁਲਾ ਨਹੀ ਸਕਦਾ।

ਅੱਜ ਭਾਵੇਂ ਕੌਮ  ‘ਚ ਅਣਖੀ ਜ਼ਜਬੇ ਅਤੇ ਜਿੳੂਂਦੀ ਜ਼ਮੀਰ ਦੀ ਘਾਟ ਰੜਕਣ ਲੱਗ ਪਈ ਹੈ, ਜਿਸ ਨਿਸ਼ਾਨੇ ਦੀ ਪ੍ਰਾਪਤੀ ਲਈ ਕੌਮ ਨੇ ਹਰ ਜ਼ਾਬਰ ਵਿਰੁੱਧ ਟੱਕਰ ਲਈ ਸੀ, ਉਸ ਕੌਮੀ ਨਿਸ਼ਾਨੇ ਤੋਂ ਕੌਮ ਥਿੜਕ ਗਈ ਹੈ। ਉਹ ਕੁਰਬਾਨੀ, ਤਿਆਗ ਤੇ ਦਿ੍ਰੜਤਾ ਦੀ ਥਾਂ ਬੁਜਦਿਲੀ, ਲਾਲਸਾ ਤੇ ਚਾਪਲੂਸੀ ਦਾ ਸ਼ਿਕਾਰ ਹੋ ਗਈ ਹੈ, ਕੌਮੀ ਜ਼ਜਬੇ ਤੇ ਸਵੈਮਾਣ ਦੀ ਰਾਖੀ ਲਈ ਕੁਰਬਾਨੀ ਦੀ ਥਾਂ ਸੌਦੇਬਾਜੀ ਅੱਗੇ ਹੋ ਗਈ ਹੈ, ਨਿੱਜੀ ਲਾਲਸਾ ਨੇ ‘ਮੈਂ ਮਰਾਂ ਪੰਥ ਜੀਵੈ’ ਦੀ ਧਾਰਨਾ ਖ਼ਤਮ ਕਰ ਦਿੱਤੀ ਹੈ, ਸ਼ਹੀਦੀਆਂ ਦਾ ਮੁੱਲ ਵੱਟਣ ਵਾਲੇ ਕੌਮ ਦੇ ਆਗੂਆਂ ਦੀ ਕਤਾਰ ‘ਚ ਆ ਖੜੇ ਹੋਏ ਹਨ।

ਉਸ ਸਮੇਂ ਸਿੱਖੀ ਜ਼ਜਬੇ ਦੀ ਜਿਸ ਜ਼ਜਬੇ ਨਾਲ ਉਤਪੋਤ ਹੋ ਕੇ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਣੇ ਆਪ ਦਾ, ਜ਼ੁਲਮ ਤੇ ਜ਼ਾਲਮ ਦੇ ਖ਼ਾਤਮੇ ਲਈ ਖੁਸ਼ੀ-ਖੁਸ਼ੀ ਫੀਤਾ-ਫੀਤਾ ਹੋਣਾ ਪ੍ਰਵਾਨ ਕਰ ਲਿਆ ਸੀ। ਉਸ ਜ਼ਜਬੇ ਨੂੰ ਜਗਾਉਣ ਦੀ ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ ਹੈ। ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਅਸੀਂ 20ਵਰੇ ਇਸ ਮਹਾਨ ਸ਼ਹੀਦੀ ਦੀ ਮਿਸ਼ਾਲ ਦੀ ਰੌਸ਼ਨੀ ਨੂੰ ਆਪਣੇ ਜਜ਼ਬਿਆਂ ਦੇ ਤੇਲ ਨਾਲ ਹੋਰ ਰੁਸ਼ਨਾਉਣ ਦੀ ਥਾਂ ਭੁੱਲ ਵਿਸਰ ਜਾਣ ਨੂੰ ਹੀ ਤਰਜੀਹ ਦਿੱਤੀ।

ਸਿਆਸੀ ਧਿਰਾਂ ਲਈ ਤਾਂ ਹਰ ਮੁੱਦਾ, ਹਰ ਘਟਨਾ, ਹਰ ਭਾਵਨਾ ਸਿਆਸੀ ਰੋਟੀਆ ਸੇਕਣ ਵਾਲੀ ਹੁੰਦੀ ਹੈ। ਪ੍ਰੰਤੂ ਜਿੰਨਾਂ ਦੇ ਹਿਰਦੇ ‘ਚ ਸੱਚੀ-ਸੁੱਚੀ ਭਾਵਨਾ ਸ਼ਹੀਦੀਆਂ, ਉਸ ਸਮੇਂ ਜ਼ਰੂਰ ਝੰਜੋੜਦੀਆਂ ਹਨ, ਜਦੋਂ ਉਨਾਂ ਦੇ ਕੰਨਾਂ ‘ਚ ‘‘ ਸਾਡੀ ਸੋਚ ਨੂੰ ਬਚਾਇਓ’’ ਦੇ ਸ਼ਬਦ ਗੂੰਜਦੇ ਹਨ। ਅੱਜ ਅਸੀਂ ਕਿਹੜੀ ਸੋਚ ਨੂੰ ਬਚਾਉਣ ਦਾ ਦਾਅਵਾ ਕਰ ਸਕਦੇ ਹਾਂ? ਇਹ ਸੁਆਲ ਸਮੁੱਚੀ ਕੌਮ

ਅੱਗੇ ਹੀ ਖੜਾ ਹੈ। ਰੂਹਾਂ ਦੇ ਜ਼ੋਰ ਨਾਲ ਜਿੳੂਣ ਵਾਲੀ ਕੌਮ, ਜੇ ਰੂਹ ਤੋਂ ਹੀ ਹਾਰ ਜਾਵੇ, ਫਿਰ ਉਸਦੀ ਰੂਹ ‘ਚ ਜਾਨ ਫੂਕਣ ਲਈ ਦਿਲਾਵਰ ਸਿੰਘ ਵਰਗੀਆਂ ਸ਼ਹੀਦੀਆਂ ਤੋਂ ਵੱਧ ਸ਼ਾਇਦ ਹੋਰ ਕੋਈ ਹਲੂਣਾ ਨਹੀ ਹੋ ਸਕਦਾ।

ਭਾਈ ਦਿਲਾਵਰ ਸਿੰਘ ਨੇ ਪੰਜਾਬ ਨੂੰ ਦਿਨ ਦਿਹਾੜੇ ਬੁੱਚੜਖਾਨਾ ਬਣਾ ਦੇਣ ਵਿਰੁੱਧ ਸ਼ਹਾਦਤ ਦੇਣ ਵਰਗਾ ਕਦਮ ਚੁੱਕਿਆ, ਪ੍ਰੰਤੂ ਉਸ ਦੌਰ ‘ਚ ਕਿੰਨੇ ਮਾਵਾਂ ਦੇ ਪੁੱਤ ਉਸ ਬੁੱਚੜਖਾਨੇ ਦਾ ਸ਼ਿਕਾਰ ਹੋਏ, ਅਸੀਂ ਅੱਜ ਤੱਕ ਹਿਸਾਬ ਨਹੀ ਲੈ ਸਕੇ।

ਝੂਠੇ ਪੁਲਿਸ ਮੁਕਾਬਲਿਆਂ, ਲਵਾਰਿਸ ਲਾਸ਼ਾਂ, ਜ਼ੇਲਾਂ ‘ਚ ਉਸ ਸਮੇਂ ਤੋਂ ਸੜਦੇ ਸਿੱਖਾਂ ਦੀ ਕਹਾਣੀ ਅੱਜ ਤੱਕ ਅਧੂਰੀ ਹੈ, ਕੋਈ ਵੀ ਇਸ ਕਹਾਣੀ ਨੂੰ ਪੂਰਾ ਕਰਨ ਲਈ ਆਵਾਜ਼ ਬੁਲੰਦ ਕਰਦਾ ਨਜ਼ਰ ਨਹੀ ਆਉਦਾ। ਆਪਣਿਆਂ ਦੀ ਪੱਗ ਲਾਹੁਣ ਲਈ ਅਸੀਂ ਹਰ ਸਮੇਂ ਤੱਤਪਰ ਹਾਂ, ਪ੍ਰੰਤੂ ਸਿੱਖ ਮੁੱਦਿਆਂ ਤੇ ਜ਼ੁਬਾਨ ਖੋਲਣ ਲਈ ਤਿਆਰ ਨਹੀ ਹਾਂ।

ਕੌਮ ਤੇ ਹਰ ਪਾਸੇ ਤੋਂ ਹਮਲਾ ਹੋ ਰਿਹਾ ਹੈ, ਪ੍ਰੰਤੂ ਸਿੱਖ ਤੇ ਸਿੱਖੀ ਨੂੰ ਬਚਾਉਣ ਲਈ ਕਿਧਰੇ ਵੀ ਕੋਈ ਲਹਿਰ ਉੱਠਦੀ ਨਜ਼ਰ ਨਹੀ ਆਉਂਦੀ। ਸ਼ਹੀਦਾਂ ਦੀਆਂ ਸ਼ਹੀਦੀਆਂ ਕੌਮ ‘ਚ ਜੂਝਣ ਦਾ ਚਾਓ ਭਰਨ ਲਈ ਹੁੰਦੀਆਂ ਹਨ ਅਤੇ ਸ਼ਹੀਦਾਂ ਦਾ ਡੁੱਲਦਾ ਖੂਨ ਕੌਮਾਂ ਦੀ ਤਕਦੀਰ ਬਦਲਦਾ ਰਿਹਾ ਹੈ, ਪ੍ਰੰਤੂ ਅੱਜ ਕੌਮ ਪੂਰੀ ਤਰਾਂ ਮੰਝਧਾਰ ‘ਚ ਹੈ। ਪਦਾਰਥ ਦੀ ਦੌੜ ‘ਚ ਸਭ ਕੁਝ ਭੁੱਲ ਚੁੱਕੀ ਹੈ। ਇਸ ਲਈ ਜ਼ਰੂਰੀ ਹੈ ਕਿ 31 ਅਗਸਤ ਦੀ ਲਹੂ ਭਿੱਜੀ ਘਟਨਾ ਅਤੇ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਯਾਦ ਕਰਦਿਆ, ਸ਼ਹੀਦਾਂ ਦੇ ਜਜ਼ਬਿਆਂ ਤੋਂ ਸੱਖਣੀ ਕੌਮ ਕਿੰਨਾਂ ਕੁ ਸਮਾਂ ਜਿੳੂਂਦੀ ਰਹਿ ਸਕਦੀ ਹੈ? ਇਸਦਾ ਲੇਖਾ-ਜੋਖਾ ਜ਼ਰੂਰ ਇੱਕ ਵਾਰ ਆਪਣੇ ਮਨ ‘ਚ ਕਰਕੇ ਵੇਖ ਲਈਏ।


*ਉਪਰੋਕਤ ਲਿਖਤ ਪਹਿਲਾਂ 31 ਅਗਸਤ 2015 ਨੂੰ ਛਾਪੀ ਗਈ ਸੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,