Site icon Sikh Siyasat News

ਸਿੱਖਾਂ ‘ਤੇ ਗੋਲੀਆਂ ਚਲਾਉਣ ਦਾ ਹੁਕਮ ਦੇਣ ਵਾਲੇ ਪੁਲਿਸ ਅਫਸਰਾਂ ਨੂੰ ਕਤਲ ਦੇ ਮੁਕੱਦਮੇ ‘ਚ ਗ੍ਰਿਫਤਾਰ ਕੀਤਾ ਜਾਵੇ: ਦਲ ਖਾਲਸਾ, ਪੰਚ ਪ੍ਰਧਾਨੀ

ਹੁਸ਼ਿਆਰਪੁਰ (27 ਅਕਤੂਬਰ, 2015): ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਪੰਜਾਬ ਦੀ ਅਕਾਲੀ ਸਰਕਾਰ ਉਤੇ ਵਰ੍ਹਦਿਆਂ ਕਿਹਾ ਹੈ ਕਿ ਉਹ, ਜਿਲਾ ਫਰੀਦਕੋਟ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਿੱਖਾਂ ਉਤੇ ਗੋਲੀ ਚਲਾਉਣ ਅਤੇ ੨ ਸਿੱਖਾਂ ਦੀ ਮੌਤ ਦੇ ਜ਼ਿਮੇਵਾਰ ਪੁਲਿਸ ਅਫਸਰਾਂ ਨੂੰ ਗ੍ਰਿਫਤਾਰ ਨਾ ਕਰਕੇ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਜਥੇਬੰਦੀ ਨੇ ਪੰਜ ਪਿਆਰਿਆਂ ਦੀ ਬਹਾਲੀ ਅਤੇ ਸੁਮੇਧ ਸਿੰਘ ਸੈਣੀ ਨੂੰ ਡੀਜੀਪੀ ਦੇ ਅਹੁਦੇ ਤੋਂ ਹਟਾਏ ਜਾਣ ਦੇ ਫੈਸਲੇ ਨੂੰ ਦੇਰ ਨਾਲ ਚੁਕਿਆ ਸਹੀ ਕਦਮ ਦਸਿਆ ਹੈ।

ਭਾਈ ਕੰਵਰਪਾਲ ਸਿੰਘ ਅਤੇ ਭਾਈ ਹਰਪਾਲ ਸਿੰਘ ਚੀਮਾ

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀਆਂ ਘਟਨਾਵਾਂ ਨੇ ਸਮੁਚੇ ਸਿੱਖ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਬਾਦਲ ਸਰਕਾਰ ਨਾਂ ਤਾਂ ਅਸਲ ਦੋਸ਼ੀਆਂ ਨੂੰ ਫੜਣ ਵਿੱਚ ਕਾਮਯਾਬ ਹੋਈ ਹੈ ਅਤੇ ਨਾ ਹੀ ਇਸ ਸਾਰੇ ਦੁਖਦਾਈ ਵਰਤਾਰੇ ਅਤੇ ਸਾਜ਼ਿਸ਼ ਪਿਛੇ ਕੰਮ ਕਰੇ ਦਿਮਾਗ ਅਤੇ ਉਹਨਾਂ ਦੇ ਮਨਸੂਬਿਆਂ ਨੂੰ ਨੰਗਾ ਕਰ ਸਕੀ ਹੈ। ਉਹਨਾਂ ਕਿਹਾ ਕਿ ਗੁਰੂ-ਨਿੰਦਕ ਅਤੇ ਗੁਰੂ-ਦੋਖੀ ਤਾਕਤਾਂ ਇਸ ਸ਼ਰਮਨਾਕ ਕਾਰੇ ਦੇ ਪਿਛੇ ਹਨ ਅਤੇ ਉਹਨਾਂ ਦਾ ਪਰਦਾਫਾਸ਼ ਕੀਤੇ ਬਿਨਾਂ ਇਸ ਘਾਤਕ ਵਰਤਾਰੇ ਨੂੰ ਰੋਕਿਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਗੁਰੂਡੰਮ ਦੀ ਪ੍ਰਥਾ ਚਲਾ ਰਹੇ ਡੇਰਿਆਂ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਕੇ ਜਾਂਚ ਹੋਣੀ ਚਾਹੀਦੀ ਹੈ।

ਉਹਨਾਂ ਸਾਬਕਾ ਪੁਲਿਸ ਮੁਖੀ ਸ਼੍ਰੀ ਸੈਣੀ ਵਲੋਂ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਪ੍ਰਦਰਸ਼ਨਕਾਰੀਆਂ ਉਤੇ ਗੋਲੀ ਦਾ ਹੁਕਮ ਦੇਣ ਵਾਲੇ ਪੁਲਿਸ ਅਫਸਰਾਂ ਨੂੰ ਗ੍ਰਿਫਤਾਰ ਨਾ ਕਰਨ ਦੀ ਦਿੱਤੀ ਪਿਆਰ ਭਰੀ ਧਮਕੀ ਉਤੇ ਸਖਤ ਟਿਪਣੀ ਕਰਦਿਆਂ ਕਿਹਾ ਕਿ ਇਸ ਗੈਰ-ਕਾਨੂੰਨੀ ਅਤੇ ਗੈਰ-ਵਾਜਿਬ ਸੁਝਾਅ ਨੂੰ ਬਿਨਾਂ ਦੇਰ ਕੀਤਿਆਂ ਰੱਦੀ ਦੀ ਟੋਕਰੀ ਵਿੱਚ ਸੁਟ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨਿਆਂ ਦੇ ਸਾਰੇ ਨਿਯਮ ਛਿੱਕੇ ਟੰਗਕੇ ਸ਼੍ਰੀ ਸੈਣੀ ਦੋਸ਼ੀ ਅਫਸਰਾਂ ਦੀ ਪਿੱਠ ਪੂਰਕੇ “ਸ਼ਹੀਦ” ਬਣਨਾ ਚਾਹੁੰਦੇ ਹਨ। ਉਹਨਾਂ ਨਵੇਂ ਪੁਲਿਸ ਮੁੱਖੀ ਨੂੰ ਨਿਆਂ ਦੇ ਨਾਮ ਉਤੇ ਪ੍ਰਦਰਸ਼ਨਕਾਰੀਆਂ ਉਤੇ ਗੋਲੀ ਚਲਾਉਣ ਵਾਲੇ ਵੱਡੇ-ਛੋਟੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ੩੦੨/੩੦੭ ਆਈ ਪੀ ਸੀ ਤਹਿਤ ਗ੍ਰਿਫਤਾਰ ਕਰਨ ਲਈ ਜੋਰ ਦਿੱਤਾ।

ਉਹਨਾਂ ਕਿਹਾ ਕਿ ਅਖਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਕਮੇਟੀ ਨੇ ਪੰਜ ਪਿਆਰਿਆਂ ਦੀ ਬਰਖਾਸਤਗੀ ਵਾਲਾ ਫੈਸਲਾ ਵਾਪਿਸ ਲੈਕੇ ਆਪਣੀ ਬਜਰ ਗਲਤੀ ਹੀ ਸੁਧਾਰੀ ਹੈ ਅਤੇ ਅਜਿਹਾ ਉਹਨਾਂ ਨੇ ਕੌਮ ਦੀ ਫਿਟਕਾਰ ਪੈਣ ਤੋਂ ਬਾਅਦ ਕੀਤਾ ਹੈ। ਉਹਨਾਂ ਅਫਸੋਸ ਜਿਤਾਉਦਿਆ ਕਿਹਾ ਕਿ ਸ਼੍ਰੋਮਣੀ ਕਮੇਟੀ ਪੰਜ ਪਿਆਰਿਆਂ ਦੇ ਤਖਤਾਂ ਦੇ ਜਥੇਦਾਰਾਂ ਨੂੰ ਅਹੁਦੇ ਤੋਂ ਲਾਂਭੇ ਕਰਨ ਦੇ ਫੈਸਲੇ ਉਤੇ ਭੇਦਭਰੀ ਚੁੱਪ ਧਾਰੀ ਬੈਠੀ ਹੈ ਜੋ ਨਿੰਦਣਯੋਗ ਹੈ।

ਉਹਨਾਂ ਕਿਹਾ ਕਿ ਮੌਜੂਦਾ ਸੰਕਟ ਦਾ ਮੱਖ ਕਾਰਨ ਜਥੇਦਾਰਾਂ ਦਾ ਗੈਰ-ਸਿਧਾਂਤਕ ਫੈਸਲਾ ਹੈ ਜਿਸ ਰਾਂਹੀ ਉਹਨਾਂ ਕੌਮ ਦੇ ਗੁਨਾਹਗਾਰ ਗੁਰਮੀਤ ਰਾਮ ਰਹੀਮ ਨੂੰ ਕੌਮੀ ਭਾਵਨਾਵਾਂ ਦੇ ਉਲਟ ਜਾ ਕੇ ਮੁਆਫ ਕਰਨ ਦਾ ਫੁਰਮਾਨ ਸੁਣਾਇਆ ਸੀ। ਉਹਨਾਂ ਕਿਹਾ ਕਿ ਕੌਮ ਨੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ ਜਿਸ ਉਪਰੰਤ ਜਥੇਦਾਰਾਂ ਨੇ ਆਪਣਾ ਫੈਸਲਾ ਵਾਪਿਸ ਲੈ ਲਿਆ ਹੈ। ਉਹਨਾਂ ਕਿਹਾ ਕਿ ਕੌਮ ਮੌਜੂਦਾ ਜਥੇਦਾਰਾਂ ਨੂੰ ਬਰਦਾਸ਼ਤ ਕਰਨ ਦੇ ਰੌਂਅ ਵਿੱਚ ਨਹੀਂ ਇਸ ਲਈ ਸ਼੍ਰੋਮਣੀ ਕਮੇਟੀ ਇਹਨਾਂ ਨੂੰ ਅਹੁਦਿਆਂ ਤੋਂ ਲਾਂਭੇ ਕਰੇ । ਉਹਨਾਂ ਅੱਗੇ ਕਿਹਾ ਕਿ ਜਿਨਾਂ ਦੇਰ ਤੱਕ ਤਖਤਾਂ ਦੇ ਜਥੇਦਾਰ ਦੀ ਪਦਵੀ ਸਬੰਧੀ ਸੇਵਾ-ਨਿਯਮ, ਨਿਯੁਕਤੀ, ਸੇਵਾ-ਮੁਕਤੀ ਅਤੇ ਹੁਕਮਨਾਮਾ ਜਾਰੀ ਕਰਨ ਦਾ ਕੋਈ ਵਿਧੀ-ਵਿਧਾਨ ਤਿਆਰ ਨਹੀਂ ਹੋ ਜਾਂਦਾ, ਉਹਨਾਂ ਦੇਰ ਐਕਟਿੰਗ ਜਥੇਦਾਰ, ਸਿੱਖ ਰਹਿਤ ਮਰਯਾਦਾ ਨੂੰ ਸਮਰਪਿਤ ਕੌਮੀ ਸੰਸਥਾਵਾਂ, ਸੰਪਰਦਾਵਾਂ ਅਤੇ ਜਥੇਬੰਦੀਆਂ ਦੀ ਸਹਿਮਤੀ ਨਾਲ ਨਿਯੁਕਤ ਕੀਤੇ ਜਾਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version