ਫਤਿਹਗੜ੍ਹ ਸਾਹਿਬ: ਪੰਜਾਬ ਦਾ ਮਾਹੌਲ ਵਿਗਾੜ ਕੇ ਉਸ ਵਿਚੋਂ ਸਿਆਸੀ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਦਾ ਸੁਖਬੀਰ ਸਿੰਘ ਬਾਦਲ ਉਤੇ ਦੋਸ਼ ਲਾਉਦਿਆਂ ਦਲ ਖਾਲਸਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ 17 ਜੁਲਾਈ ਨੂੰ ਭਗਤਾ ਭਾਈ ਤੋਂ ਬਰਗਾੜੀ ਤੱਕ ਕੀਤੇ ਜਾ ਰਹੇ ਰੋਸ ਮਾਰਚ ਦੇ ਪ੍ਰਬੰਧਕਾਂ ਦੀ ਪੰਜਾਬ ਪੁਲਿਸ ਵਲੋਂ ਕੀਤੀ ਗਈ ਫੜੋ-ਫੜਾਈ ਨੂੰ ਨਜਾਇਜ਼ ਅਤੇ ਅਨੈਤਿਕ ਕਰਾਰ ਦਿੱਤਾ ਹੈ।
ਪਾਰਟੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਅਤੇ ਸਾਬਕਾ ਪ੍ਰਧਾਨ ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਨੇ ਪੁਲਿਸ ਕਾਰਵਾਈ ਨੂੰ ਗੈਰ-ਕਾਨੂੰਨੀ ਦੱਸਦਿਆਂ ਕਿਹਾ ਕਿ 17 ਜੁਲਾਈ ਨੂੰ ਹੋਣ ਵਾਲਾ ਮਾਰਚ ਨਾ ਤਾਂ ਗੈਰ-ਕਾਨੂੰਨੀ ਸੀ ਅਤੇ ਨਾ ਹੀ ਉਸ ਨਾਲ ਸੂਬੇ ਦੇ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕੋਈ ਖਤਰਾ ਸੀ। ਉਨ੍ਹਾਂ ਪੁਲਿਸ ‘ਤੇ ਬਿਨਾਂ ਸੋਚੇ-ਸਮਝੇ ਆਪਣੇ ਰਾਜਨੀਤਿਕ ਆਕਾਵਾਂ ਦੇ ਪ੍ਰਭਾਵ ਹੇਠ ਕਾਨੂੰਨ ਤੋਂ ਬਾਹਰ ਜਾ ਕੇ ਕਾਰਵਾਈ ਕਰਨ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚ ਰਾਗੀ, ਪ੍ਰਚਾਰਕ, ਧਾਰਮਿਕ ਅਤੇ ਰਾਜਸੀ ਆਗੂ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਸਰਕਾਰੀ ਧਿਰ (ਸ਼੍ਰੋਮਣੀ ਅਕਾਲੀ ਦਲ) ਹਤਾਸ਼ਾ ਦਾ ਸ਼ਿਕਾਰ ਹੈ, ਜੋ ਆਪਣੀ ਹਾਰ ਸਾਹਮਣੇ ਦੇਖ ਕੇ ਰਾਜਸੀ ਵਿਰੋਧੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ, “ਲੋਕ ਸਤਾਧਾਰੀ ਧਿਰ ਤੋਂ ਨਰਾਜ਼ ਹਨ। ਉਨ੍ਹਾਂ ਬਾਦਲਾਂ ਨੂੰ ਉਨ੍ਹਾਂ ਦੇ ਮਾੜੇ ਕੰਮਾਂ ਅਤੇ ਗਲਤੀਆਂ ਕਾਰਨ ਸਬਕ ਸਿਖਾਉਣ ਦਾ ਮੰਨ ਬਣਾ ਲਿਆ ਹੈ।”
ਉਨ੍ਹਾਂ ਕਿਹਾ ਕਿ ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਹਨ, ਮੌਜੂਦਾ ਸਰਕਾਰ ਹਾਲਾਤਾਂ ਨੂੰ ਸਹੀ ਤੇ ਸੁਚਜੇ ਢੰਗ ਨਾਲ ਸਾਂਭਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਉਹਨਾਂ ਕਿਹਾ ਕਿ ਸੁਖਬੀਰ ਦੇ ਹੰਕਾਰੀ ਸੁਭਾਅ ਅਤੇ ਬੇਅਦਬੀ ਦੀ ਸਾਜਿਸ਼ ਦਾ ਪਰਦਾਫਾਸ਼ ਕਰਨ ਅਤੇ ਦੋਸ਼ੀਆਂ ਨੂੰ ਫੜਨ ਵਿਚ ਨਾਕਾਮ ਰਹਿਣ ਕਾਰਨ ਹਾਲਾਤ ਬਦ ਤੋਂ ਬਦਤਰ ਹੋਏ ਹਨ। ਇਸ ਮੌਕੇ ਉਹਨਾਂ ਨਾਲ ਜਸਬੀਰ ਸਿੰਘ ਖੰਡੂਰ ਵੀ ਮੌਜੂਦ ਸਨ।