(ਲੇਖਕ: ਗੁਰਪ੍ਰੀਤ ਸਿੰਘ ਮੰਡਿਆਣੀ) 31 ਅਕਤੂਬਰ 1984 ਸਵੇਰੇ 10-11 ਦਾ ਸਮਾਂ ਹੋਵੇਗਾ ਰੇਡੀਓ ਤੋਂ ਕ੍ਰਿਕਟ ਮੈਚ ਦੀ ਲਾਈਵ ਕੁਮੈਂਟਰੀ ਚੱਲ ਰਹੀ ਸੀ। ਅਚਾਨਕ ਕੁਮੈਂਟਰੀ ਰੁਕ ਗਈ ਤੇ ਅਕਾਸ਼ਬਾਣੀ ਦੀ ਅਨਾਊਂਸਰ ਬੋਲੀ, “ਅਬ ਆਪ ਹਮਾਰਾ ਵਿਸ਼ੇਸ਼ ਬੁਲੇਟਨ ਸੁਨੀਏ।” ਇਸ ਖਾਸ ਖਬਰਨਾਮੇ ਵਿੱਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ‘ਤੇ ਅੱਜ ਸਵੇਰ ਵੇਲੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਤੇ ਉਹਨਾਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਇਹ ਹਮਲਾ ਉਦੋਂ ਕੀਤਾ ਜਦੋਂ ਉਹ ਆਪਣੇ ਘਰ ਤੋਂ ਦਫ਼ਤਰ ਜਾ ਰਹੀ ਸੀ। ਸਿਰਫ਼ ਇੰਨੀ ਗੱਲ ਨਸ਼ਰ ਕਰ ਕੇ ਖਬਰਨਾਮਾ ਖਤਮ ਹੋ ਗਿਆ। ਉਸ ਦਿਨ ਮੈਂ ਪਟਿਆਲੇ ਆਪਣੇ ਕਿਸੇ ਦੋਸਤ ਦੇ ਘਰ ਬੈਠਾ ਸੀ। ਉਥੇ ਰੇਡੀਓ ‘ਤੇ ਕਿਸੇ ਕ੍ਰਿਕਟ ਮੈਚ ਦੇ ਸਿੱਧੇ ਪ੍ਰਸਾਰਣ ਦੀ ਕੁਮੈਂਟਰੀ ਚਲ ਰਹੀ ਸੀ। ਉਨ੍ਹੀਂ ਦਿਨੀਂ ਟੈਲੀਵਿਜ਼ਨ ‘ਤੇ ਕ੍ਰਿਕਟ ਮੈਚ ਦਾ ਪ੍ਰਸਾਰਣ ਦਾ ਰਿਵਾਜ਼ ਨਹੀਂ ਸੀ ਚੱਲਿਆ।
ਕ੍ਰਿਕਟ ਦਾ ਲਗਭਗ ਹਰੇਕ ਨੌਜਵਾਨ ਸ਼ੁਕੀਨ ਸੀ ਤੇ ਘਰਾਂ ਤੋਂ ਬਾਹਰ ਵੀ ਨਿੱਕੇ ਨਿੱਕੇ ਜੇਬਾਂ ’ਚ ਪੈ ਸਕਣ ਵਾਲੇ ਰੇਡੀਓ ਕੰਨਾਂ ਨੂੰ ਲਾ ਕੇ ਕੁਮੈਂਟਰੀ ਗਲੀਆਂ, ਬਜ਼ਾਰਾਂ ਤੇ ਕਾਲਜਾਂ ਵਿੱਚ ਸੁਣੀ ਜਾਂਦੀ ਸੀ। ਮੇਰੇ ਦੋਸਤ ਦੇ ਘਰ ਜਿਹੜਾ ਰੇਡੀਓ ਸੀ ਉਹ ਵੀ ਟੂ ਇਨ ਵਨ ਸੀ ਭਾਵ ਕਿ ਉਸ ਟੇਪ ਰਿਕਾਰਡ ਅਤੇ ਰੇਡੀਓ ਦੋਨੋਂ ਚੱਲਦੇ ਸਨ। ਰੇਡੀਓ ਵਾਲਾ ਪ੍ਰੋਗਰਾਮ ਨਾਲੋ ਨਾਲ ਰਿਕਾਰਡ ਵੀ ਕੀਤਾ ਸਕਦਾ ਸੀ। ਜਦੋਂ ਕੁਮੈਂਟਰੀ ਰੋਕ ਕੇ ਵਿਸ਼ੇਸ਼ ਸਮਾਚਾਰ ਬੁਲੇਟਿਨ ਦੀ ਗੱਲ ਕੀਤੀ ਤਾਂ ਮੈਂ ਭਾਂਪ ਗਿਆ ਕਿ ਕੋਈ ਖਾਸ ਘਟਨਾ ਵਾਪਰੀ ਹੋਵੇਗੀ ਜਿਸ ਕਰਕੇ ਵਿਸ਼ੇਸ਼ ਖਬਰਨਾਮਾ ਦਿੱਤਾ ਜਾ ਰਿਹਾ ਹੈ ਨਹੀਂ ਤਾਂ ਖਬਰਾਂ ਕਿਤੇ ਦੁਪਹਿਰੇ ਇੱਕ ਵੱਜ ਕੇ ਚਾਲੀ ਮਿੰਟ ‘ਤੇ ਆਉਣੀਆਂ ਸਨ। ਮੈਂ ਇਕਦਮ ਟੇਪ ਰਿਕਾਰਡਿੰਗ ਵਾਲਾ ਬਟਨ ਦੱਬ ਦਿੱਤਾ ਤੇ ਖਬਰਾਂ ਦਾ ਵਿਸ਼ੇਸ਼ ਸਮਾਚਾਰ ਬੁਲੇਟਿਨ ਇਸ ਵਿੱਚ ਰਿਕਾਰਡ ਹੋ ਗਿਆ। ਪਰ ਇਹ ਇਤਹਾਸਿਕ ਖਬਰਨਾਮੇ ਵਾਲੀ ਟੇਪ ਮੇਰਾ ਦੋਸਤ ਸੰਭਾਲ ਨਾ ਸਕਿਆ।
ਏਹਤੋਂ ਬਾਅਦ ਅਸੀਂ ਸ਼ਹਿਰ ਤੋਂ ਨਿਕਲ ਤੁਰੇ ਪਰ ਬਜ਼ਾਰ ਵਿੱਚ ਇਸ ਗੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ ਸੀ। ਜਿਵੇਂ ਅੱਜ ਕੱਲ ਹਰੇਕ ਹੱਟੀ ਅਤੇ ਦੁਕਾਨ ਨਾਲੋ ਨਾਲੋ ਟੀ.ਵੀ. ਵੀ ਦੇਖ ਰਹੇ ਹੁੰਦੇ ਨੇ ਪਰ ਉਹਨੀਂ ਦਿਨੀਂ ਕੋਈ ਦੁਕਾਨਦਾਰ ਹੱਟੀ ‘ਤੇ ਰੇਡੀਓ ਨਹੀਂ ਸੀ ਰੱਖਦਾ ਹੁੰਦਾ ਅਤੇ ਨਾ ਅੱਜ ਵਾਂਗ ਮੋਬਾਇਲ ਫੋਨ ਹੁੰਦੇ ਸਨ ਕਿ ਨਾਲੋ ਨਾਲ ਖਬਰ ਅਗਾਂਹ ਪਤਾ ਲੱਗਦੀ ਜਾਵੇ। ਮੋਬਾਇਲ ਫੋਨ ਦੀ ਤਾਂ ਗੱਲ ਛੱਡੋ ਤਾਰਾਂ ਵਾਲਾ ਫੋਨ ਵੀ ਬਹੁਤ ਟਾਵੇਂ ਟੱਲੇ ਘਰਾਂ ਅਤੇ ਹੱਟੀਆਂ ‘ਤੇ ਹੁੰਦੇ ਸੀ। ਅੱਜ ਦੇ ਹਾਲਾਤਾਂ ਮੁਤਾਬਿਕ ਇਹ ਯਾਦ ਕਰਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਪ੍ਰਧਾਨ ਮੰਤਰੀ ਦੇ ਗੋਲੀ ਵੱਜਣ ਨੂੰ ਕਈ ਘੰਟੇ ਹੋ ਗਏ ਸਨ ਅਤੇ ਰੇਡੀਓ ‘ਤੇ ਆਈ ਖਬਰ ਨੂੰ ਇੱਕ ਘੰਟੇ ਤੋਂ ਵੱਧ ਟਾਇਮ ਹੋ ਗਿਆ ਸੀ ਪਰ ਬਜ਼ਾਰ ’ਚ ਏਸ ਖਬਰ ਦੀ ਹਾਹਾਕਾਰ ਤਾਂ ਇੱਕ ਪਾਸੇ ਬਲਕਿ ਏਹਦੀ ਕੋਈ ਘੁਸਰ ਮੁਸਰ ਵੀ ਨਹੀਂ ਸੀ।
ਇਥੇ ਇਹ ਵੀ ਦੱਸਣਯੋਗ ਹੈ ਉਨ੍ਹੀ ਦਿਨੀਂ ਟੈਲੀਵਿਜ਼ਨ ਦਾ ਵੀ ਇੱਕੋ ਚੈਨਲ ਹੁੰਦਾ ਸੀ ਤੇ ਉਹ ਵੀ ਸਰਕਾਰੀ ਤੇ ਇਹ ਦਾ ਪ੍ਰੋਗਰਾਮ ਵੀ ਇੱਕ ਘੰਟਾ ਸਵੇਰੇ ਤੇ 2-3 ਘੰਟੇ ਸ਼ਾਮ ਨੂੰ ਚਲਦਾ ਸੀ। ਸ਼ਾਇਦ ਸਵੇਰ ਦਾ ਪ੍ਰੋਗਰਾਮ ਵੀ ਅਜੇ ਚੱਲਣਾ ਸ਼ੁਰੂ ਨਹੀਂ ਸੀ ਹੋਇਆ ਦੁਪਹਿਰ ਦੀ ਤਾਂ ਗੱਲ ਹੀ ਛੱਡੋ। ਜਾਣਕਾਰੀ ਦਾ ਜ਼ਰੀਆ ਅਕਾਸ਼ਬਾਣੀ ਤੋਂ ਬਿਨਾਂ ਹੋਰ ਕੋਈ ਨਹੀਂ ਸੀ। ਇਸ ਤੋਂ ਇਲਾਵਾ ਬੀ.ਬੀ.ਸੀ. ਲੰਡਨ ਰੇਡੀਓ ਤੋਂ ਸਵੇਰੇ ਸੱਤ ਵਜੇ ਸ਼ਾਮ 8 ਵਜੇ ਹਿੰਦੀ ਦੀਆਂ ਖਬਰਾਂ ਨਸ਼ਰ ਹੁੰਦੀਆਂ ਸੀਗੀਆਂ। ਇਥੋਂ ਤੱਕ ਕਿ ਪ੍ਰਧਾਨ ਮੰਤਰੀ ਦੇ ਪੁੱਤ ਰਾਜੀਵ ਗਾਂਧੀ ਨੇ ਵੀ ਆਪਣੀ ਮਾਂ ‘ਤੇ ਹੋਏ ਜਾਨਲੇਵਾ ਹਮਲੇ ਦੀ ਖਬਰ ਵੀ ਬੀ.ਬੀ.ਸੀ. ਰੇਡੀਓ ਦੀ ਅੰਗਰੇਜ਼ੀ ਵਾਲੀ ਵਰਲਡ ਨਿਊਜ਼ ਸਰਵਿਸ ਰਾਹੀਂ ਦੁਪਹਿਰ ਦੇ ਸਾਢੇ ਬਾਰਾਂ ਵਜੇ ਵਾਲੇ ਬੁਲਟਿਨ ਤੋਂ ਸੁਣੀ।
ਬਤੌਰ ਕਾਂਗਰਸ ਦੇ ਜਰਨਲ ਸਕੱਤਰ ਇੰਦਰਾ ਦਾ ਪੁੱਤਰ ਰਾਜੀਵ ਗਾਂਧੀ ਉਸ ਦਿਨ ਬੰਗਾਲ ਦੀ ਰਾਜਧਾਨੀ ਕੱਲਕਤਾ ਤੋਂ ਦੱਖਣ ਵੱਲ ਹੁਗਲੀ ਡੈਲਟਾ ਇਲਾਕੇ ਦੇ ਸਿਆਸੀ ਦੌਰੇ ‘ਤੇ ਸੀ। ਪ੍ਰਧਾਨ ਮੰਤਰੀ ਦੀ ਮੌਤ ਦੀ ਖਬਰ ਨੂੰ ਸਰਕਾਰੀ ਤੰਤਰ ਜਾਣ ਬੁੱਝ ਕੇ ਲਕੋ ਰਿਹਾ ਸੀ ਤੇ ਰੇਡੀਓ ਤੋਂ ਸ਼ਾਮ 6 ਵਜੇ ਤੱਕ ਇਹ ਨਿਊਜ਼ ਲਕੋ ਕੇ ਰੱਖੀ ਗਈ। ਬੰਗਾਲ ਦਾ ਦੌਰਾ ਕਰ ਰਹੇ ਰਾਜੀਵ ਗਾਂਧੀ ਦੇ ਕਾਫਲੇ ਨੂੰ ਇੱਕ ਪੁਲਿਸ ਦੀ ਗੱਡੀ ਨੇ ਰੋਕਿਆ ਤੇ ਉਸਨੂੰ ਇਹ ਸਿਰਫ ਦੋ ਫਿਕਰਿਆਂ ਦਾ ਅੰਗਰੇਜ਼ੀ ਵਿੱਚ ਦਿਲੀਓਂ ਆਇਆ ਇਹ ਸੁਨੇਹਾ ਸੁਣਾਇਆ ਗਿਆ। “ਯੂ ਮਸਟ ਰਿਟਰਨ ਟੂ ਡੈਲੀ ਇਮੀਜੇਟਲੀ ਬਿਕਾਜ਼ ਸਮਥਿੰਗ ਵੈਰੀ ਸੀਰੀਅਸ ਹੈਡ ਹੈਪਨਡ।” (ਤੁਹਾਨੂੰ ਤੱਟ ਫੱਟ ਦਿੱਲੀ ਮੁੜ ਜਾਣਾ ਚਾਹੀਦਾ ਹੈ ਕਿਉਂਕਿ ਉੱਥੇ ਕੋਈ ਵੱਡਾ ਭਾਣਾ ਵਰਤ ਗਿਆ)।
ਰਾਜੀਵ ਗਾਂਧੀ ਫੌਰਨ ਹੈਲੀਪੈਡ ‘ਤੇ ਗਿਆ ਜਿਥੋਂ ਹੈਲੀਕਾਟਰ ਰਾਹੀਂ ਉਹ ਕੱਲਕਤਾ ਹਵਾਈ ਅੱਡੇ ਪੁਜਿਆ। ਉਥੇ ਜਾ ਕੇ ਉਸ ਨੇ ਰੇਡੀਓ ਦੀ ਬੀ.ਬੀ.ਸੀ. ਵਰਲਡ ਸਰਵਿਸ ਸੁਣੀ ਜਿਸ ਤੋਂ ਦਿੱਲੀ 12:30 ਵਾਲੀਆਂ ਖਬਰਾਂ ’ਚ ਦਿੱਲੀ ਤੋਂ ਉਨ੍ਹਾਂ ਨੇ ਆਪਣੇ ਪੱਤਰਕਾਰ ਸਤੀਸ਼ ਜੈਕਬ ਦੀ ਘੱਲੀ ਹੋਈ ਖਬਰ ਪ੍ਰਸਾਰਿਤ ਕੀਤੀ। ਇਸ ਵਿੱਚ ਦੱਸਿਆ ਗਿਆ ਕਿ ਇੰਦਰਾ ਗਾਂਧੀ ਦੇ ਗੋਲੀਆਂ ਵੱਜੀਆਂ ਨੇ ਉਹਦੀ ਹਾਲਤ ਨਾਜ਼ੁਕ ਹੈ। ਇਸ ਤੋਂ ਕੁੱਝ ਮਿੰਟਾਂ ਬਾਅਦ ਹੀ ਬੀ.ਬੀ.ਸੀ. ਨੇ ਇੰਦਰਾ ਗਾਂਧੀ ਦੀ ਮੌਤ ਹੋਣ ਦੀ ਵੀ ਤਸਦੀਕ ਕਰ ਦਿੱਤੀ। ਇਥੋਂ ਇਹ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇ ਪ੍ਰਧਾਨ ਮੰਤਰੀ ਦਾ ਪੁੱਤਰ ਵੀ ਕਿਸੇ ਸਿਖਰਲੀ ਗੰਭੀਰ ਘਟਨਾ ਦੀ ਸੱਚਾਈ ਜਾਨਣ ਲਈ ਬੀ.ਬੀ.ਸੀ. ਰੇਡੀਓ ‘ਤੇ ਨਿਰਭਰ ਹੋਇਆ ਹੋਵੇ ਤਾਂ ਉਨ੍ਹੀਂ ਦਿਨੀ ਕਿੰਨੀ ਕੁ ਸਚਾਈ ਲੋਕ ਰੇਡੀਓ ਤੋਂ ਸੁਣ ਸਕਦੇ ਹੋਣਗੇ।
ਖਬਰਾਂ ਦਾ ਦੂਜਾ ਜ਼ਰੀਆ ਖਬਰ ਏਜੰਸੀਆਂ ਦੇ ਟੈਲੀਪ੍ਰਿੰਟਰ ਹੁੰਦੇ ਸੀ। ਉਦੋਂ ਦੋ ਮੁੱਖ ਖ਼ਬਰ ਏਜੰਸੀਆਂ ਹੁੰਦੀਆਂ ਸੀ ਪੀ.ਟੀ.ਆਈ ਤੇ ਯੂ.ਐਨ.ਆਈ ਤੇ ਉਹ ਵੀ ਦੋਨੋਂ ਸਰਕਾਰੀ। ਅੱਜ ਕੱਲ ਦੀ ਪੀੜ੍ਹੀ ਵਿਚੋਂ ਸ਼ਾਇਦ ਹੀ ਕਿਸੇ ਨੇ ਟੈਲੀਪ੍ਰਿੰਟਰ ਦੇਖਿਆ ਹੋਵੇ। ਜਿਵੇਂ ਕਚੈਹਰੀਆ ’ਚ ਟਾਈਪਿਸਟ ਪੁਰਾਣੀਆਂ ਟਾਈਪ ਦੀਆਂ ਮਸ਼ੀਨਾਂ ਲਈ ਬੈਠੇ ਹੁੰਦੇ ਸੀ ਉਵੇਂ ਦੀ ਹੀ ਇੱਕ ਵੱਡੀ ਮਸ਼ੀਨ ਹੁੰਦੀ ਸੀ ਤੇ ਇਹ ਬਿਜਲੀ ਨਾਲ ਚੱਲਦੀ ਸੀ। ਅਖਬਾਰਾਂ ਦੇ ਹੈ¤ਡ ਕੁਆਟਰਾਂ ’ਚ ਅਜਿਹੇ ਟੈਲੀਪ੍ਰਿੰਟਰ ਲੱਗੇ ਹੁੰਦੇ ਸੀ। ਖਬਰ ਏਜੰਸੀ ਜਦੋਂ ਆਪਣੇ ਦਫਤਰ ਤੋਂ ਕੋਈ ਖਬਰ ਭੇਜਦੀ ਸੀ ਤਾਂ ਇਹਨਾਂ ਟੈਲੀਪ੍ਰਿੰਟਰਾਂ ਦੇ ਵਿੱਚ ਪਾਏ ਜਾਂਦੇ ਕਾਗਜ਼ ਦੇ ਰੋਲ ‘ਤੇ ਇਹ ਟਾਈਪ ਹੋ ਜਾਂਦੀ ਸੀ। ਖਬਰ ਏਜੰਸੀ ਯੂ.ਐਨ.ਆਈ ਦਾ ਅਜਿਹਾ ਇੱਕ ਟੈਲੀਪ੍ਰਿੰਟਰ ਜ਼ਿਲ੍ਹਾ ਲੋਕ ਸੰਪਰਕ ਦਫਤਰ ਵਿੱਚ ਲੱਗਿਆ ਹੁੰਦਾ ਸੀ। ਪਟਿਆਲੇ ਇਹ ਦਫਤਰ ਵਿੱਚ ਬਾਰਾਂਦਰੀ ਬਾਗ ਵਿੱਚ ਇੱਕ ਪੁਰਾਣੀ ਸ਼ਾਹੀ ਇਮਾਰਤ ‘ਚ ਚੱਲਦਾ ਸੀ। ਸ਼ਹਿਰ ਦੇ ਪੱਤਰਕਾਰਾਂ ਦਾ ਇਹ ਪੱਕਾ ਠਿਕਾਣਾ ਹੁੰਦਾ ਸੀ। ਇੱਥੇ ਬੈਠਦੇ ਉਠਦੇ ਮੇਰੇ ਕਈ ਸੀਨੀਅਰ ਪੱਤਰਕਾਰਾਂ ਨਾਲ ਚੰਗੇ ਤਾਲੁਕਆਤ ਸਨ ਜਿਨ੍ਹਾਂ ‘ਚੋ ਟ੍ਰਿਬਿਊਨ ਦੇ ਸ਼੍ਰੀ ਵੀ.ਪੀ ਭਰਬਾਕਰ ਅਤੇ ਇੰਡੀਅਨ ਐਕਸਪ੍ਰੈਸ ਦੇ ਸ਼੍ਰੀ ਯੋਗਿੰਦਰ ਮੋਹਨ ਅਤੇ ਅਜੀਤ ਦੇ ਜਸਵਿੰਦਰ ਸਿੰਘ ਦਾਖਾ ਪ੍ਰਮੁੱਖ ਸਨ। ਉਥੇ ਤਾਇਨਾਤ ਇੱਕ ਸਹਾਇਕ ਲੋਕ ਸੰਪਰਕ ਅਫਸਰ ਅਤੇ ਬਹੁਤ ਨੇਕ ਇਨਸਾਨ ਸਰਦਾਰ ਉਜਾਗਰ ਸਿੰਘ ਨਾਲ ਦਿਲੀ ਨੇੜਤਾ ਹੋਣ ਕਾਰਨ ਇਹ ਦਫਤਰ ਆਪਣਾ ਹੀ ਲੱਗਦਾ ਸੀ।
ਇੰਦਰਾ ਗਾਂਧੀ ਵਾਲੀ ਖਬਰ ਬਾਰੇ ਹੋਰ ਜਾਣਕਾਰੀ ਲੈਣ ਲਈ ਅਸੀਂ ਬਾਰਾਂਦਰੀ ਲੋਕ ਸੰਪਰਕ ਦਫਤਰ ਚਲੇ ਗਏ। ਉ¤ਥੇ ਇਹੀ ਗੱਲਾਂ ਚਲਦੀਆਂ ਸੀ। ਉਥੋਂ ਲੱਗਿਆ ਯੂ.ਐਨ.ਆਈ ਦਾ ਟੈਲੀਪ੍ਰਿੰਟਰ ਵੀ ਰੇਡੀਓ ਕੁ ਜਿੰਨੀ ਖਬਰ ਹੀ ਦੇ ਰਿਹਾ ਸੀ। ਹਾਲਾਂਕਿ ਬੀ.ਬੀ.ਸੀ ਦੀ ਵਰਲਡ ਸਰਵਿਸ ਤੋਂ ਪ੍ਰਧਾਨ ਮੰਤਰੀ ਦੀ ਮੌਤ ਵਾਲੀ ਖਬਰ ਸਾਢੇ ਬਾਰਾਂ ਵਜੇ ਪ੍ਰਸਾਰਿਤ ਹੋ ਚੁੱਕੀ ਸੀ ਪਰ ਇੱਥੇ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਬੀ.ਬੀ.ਸੀ ਤੋਂ ਦਿਨੇ ਵੀ ਖਬਰਾਂ ਆਉਂਦੀਆ ਨੇ। ਪਟਿਆਲੇ ਇੱਕ ਵੀਕਲੀ ਅਖਬਾਰ ਦੇ ਐਡੀਟਰ ਸਨ ਉਹਨਾਂ ਦਾ ਪੱਕਾ ਨਾਮ ਤਾਂ ਮੈਨੂੰ ਯਾਦ ਨਹੀਂ ਪਰ ਸਾਰੇ ਉਹਨਾਂ ਨੂੰ ਕਾਮਰੇਡ ਕਹਿ ਕੇ ਬੁਲਾਉਂਦੇ ਸਨ। ਲੋਕ ਸੰਪਰਕ ਦੇ ਦਫਤਰ ਵਿਚ ਕਾਮਰੇਡ ਸਾਹਿਬ ਨੇ ਆ ਕੇ ਖਬਰ ਦਿੱਤੀ ਕਿ ਰੇਡੀਓ ਪਾਕਿਸਤਾਨ ਨੇ ‘ਤਾਸ’ ਦੇ ਹਵਾਲੇ ਨਾਲ ਸ਼੍ਰੀਮਤੀ ਗਾਂਧੀ ਦੀ ਮੌਤ ਦੀ ਖਬਰ ਸੁਣਾਈ ਹੈ। ‘ਤਾਸ’ ਰੂਸ ਦੀ ਦੀ ਸਰਕਾਰੀ ਖਬਰ ਏਜੰਸੀ ਸੀ। ਰੂਸ ਭਾਰਤ ਦਾ ਗੂੜ੍ਹਾ ਮਿੱਤਰ ਸੀ। ਇਸ ਕਰਕੇ ਤਾਸ ਦੀ ਖਬਰ ਨੂੰ ਪੱਕਾ ਸੱਚ ਮੰਨ ਕੇ ਸਭ ਨੂੰ ਇਹ ਯਕੀਨ ਹੋ ਗਿਆ ਕਿ ਵਾਕਿਆ ਹੀ ਪ੍ਰਧਾਨ ਮੰਤਰੀ ਦੀ ਮੌਤ ਹੋ ਚੁੱਕੀ ਹੈ। ਉਸਤੋਂ ਬਾਅਦ ਜਦੋਂ ਅਸੀਂ ਫੇਰ ਸ਼ਹਿਰ ਵਿਚ ਨਿਕਲੇ ਤਾਂ ਸਭ ਨੂੰ ਪ੍ਰਧਾਨ ਮੰਤਰੀ ‘ਤੇ ਹੋਏ ਹਮਲੇ ਬਾਰੇ ਤਾਂ ਪਤਾ ਲੱਗ ਚੁੱਕਿਆ ਸੀ, ਮੌਤ ਦੀ ਖਬਰ ਤੋਂ ਸਾਰੇ ਬੇਖਬਰ ਸਨ ਤੇ ਉਦੋਂ ਤੱਕ ਬੇਖਬਰ ਰਹੇ ਜਦੋਂ ਤੱਕ ਸ਼ਾਮ 6 ਵਜੇ ਸਰਕਾਰ ਨੇ ਖੁਦ ਇਸ ਖਬਰ ਦਾ ਐਲਾਨ ਨਾ ਕੀਤਾ। ਇਸ ਕਹਾਣੀ ਤੋਂ 33 ਸਾਲਾਂ ਦੌਰਾਨ ਖਬਰਾਂ ਨਸ਼ਰ ਹੋਣ ਵਿਚ ਆਈ ਜ਼ਮੀਨ-ਅਸਮਾਨ ਜਿੰਨੀ ਤਬਦੀਲੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਰੇਡੀਓ, ਟੈਲੀਵੀਜ਼ਨ ਤੇ ਟੈਲੀਪ੍ਰਿਟਰ ’ਤੇ ਮਿਲਦੀਆਂ ਸਾਰੀਆਂ ਖ਼ਬਰਾਂ ਸਰਕਾਰੀ ਕੰਟਰੋਲ ਹੇਠ ਹੋਣ ਕਰਕੇ ਸਰਕਾਰ ਵੱਡੀ ਤੋਂ ਵੱਡੀ ਖ਼ਬਰ ਨੂੰ ਵੀ ਲਕੋ ਸਕਣ ਦੇ ਸਮਰੱਥ ਸੀ। ਇੱਥੋਂ ਤੱਕ ਕਿ ਅਖ਼ਬਾਰੀ ਖ਼ਬਰਾਂ ਨੂੰ ਵੀ। ਇਸ ਕਰਕੇ ਹੀ 31 ਅਕਤੂਬਰ ਸ਼ਾਮ ਤੋਂ ਸ਼ੁਰੂ ਹੋ ਕੇ ਸਾਰੇ ਮੁਲਕ ਵਿਚ ਲਗਭਗ ਇੱਕ ਹਫਤਾ ਸਿੱਖਾਂ ਦੇ ਖਿਲਾਫ ਚਲਾਈ ਗਈ ਕਤਲੋਗਾਰਤ ਦੀ ਖਬਰ ਪੰਜਾਬ ਵਿਚ ਸੁਣਾਈ ਨਹੀਂ ਦਿੱਤੀ ਸਗੋਂ ਇਸਨੂੰ ਸਾਰੇ ਸਰਕਾਰੀ ਜ਼ੋਰ ਨਾਲ ਪਤਾ ਲੱਗਣੋ ਰੋਕਿਆ ਵੀ ਗਿਆ। 31 ਅਕਤੂਬਰ ਨੂੰ ਹੀ ਅਖ਼ਬਰਾਂ ‘ਤੇ ਸੈਂਸਰਸ਼ਿੱਪ ਮੜ ਦਿੱਤੀ ਗਈ। ਪੰਜਾਬੀ ਟ੍ਰਿਬਿਊਨ ਵਿਚ ਜਿਥੋਂ ਖ਼ਬਰਾਂ ਕੱਟੀਆਂ ਗਈਆਂ ਸੀ ਉਨ੍ਹਾਂ ਖ਼ਾਲੀ ਥਾਵਾਂ ’ਤੇ ਲਿਖਿਆ ਹੋਇਆ ਸੀ ‘ਸੈਂਸਰ ਦੀ ਭੇਟ’। ਅੰਗਰੇਜ਼ੀ ਦੇ ਅਖ਼ਬਾਰ ਇੰਡੀਅਨ ਐਕਸਪ੍ਰੈਸ ਦੇ ਬਹੁਤੇ ਪੰਨੇ ਖ਼ਾਲੀ ਆਉਣ ਲਗੇ ਜਿਨ੍ਹਾਂ ਦੇ ਅੰਗਰੇਜ਼ੀ ਵਿਚ ‘ਸੈਂਸਰਡ’ ਲਫ਼ਜ਼ ਲਿਖਿਆ ਹੁੰਦਾ ਸੀ। ਏਹਦੇ ਕਰਕੇ ਸਿੱਖਾਂ ਤੇ ਝੁੱਲੇ ਇਸ ਕਾਤਲੀ ਝੱਖੜ ਦੀਆਂ ਖ਼ਬਰਾਂ ਕਈ ਹਫ਼ਤਿਆਂ ਮਗਰੋਂ ਹੌਲੀ-ਹੌਲੀ ਹੀ ਪੰਜਾਬ ਵਾਸੀਆਂ ਨੂੰ ਮਿਲਣੀਆਂ ਸ਼ੁਰੂ ਹੋਈਆਂ। ਜਦੋਂ ਕਤਲੇਆਮ ਤੋਂ ਬਚੇ ਤੇ ਉ¤ਜੜੇ ਪੁੱਜੜੇ ਸਿੱਖ ਪਨਾਹਗੀਰ ਬਣਕੇ ਪੰਜਾਬ ਪੁੱਜਣੇ ਸ਼ੁਰੂ ਹੋਏ ਤਾਂ ਹੀ ਸਾਰੇ ਵਾਕਿਆਤ ਦੀ ਸੱਚਾਈ ਤੋਂ ਪੰਜਾਬ ਜਾਣੂੰ ਹੋਇਆ।
ਸਬੰਧਤ ਖ਼ਬਰ:
1984 ਸਿੱਖ ਕਤਲੇਆਮ:ਪੀੜਤਾਂ ਨੂੰ 33 ਸਾਲ ਬਾਅਦ ਵੀ ਇਨਸਾਫ ਦੇਣ ਤੋਂ ਭੱਜਿਆ ਜਾ ਰਿਹਾ:ਐਮਨੈਸਟੀ ਇੰਟਰਨੈਸ਼ਨਲ …