ਚੰਡੀਗੜ੍ਹ: 2014 ਦੀਆਂ ਲੋਕ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਲ ਪਨਾਗ ਦੇ ਹਾਰਨ ਤੋਂ ਬਾਅਦ ਚੰਡੀਗੜ੍ਹ ਵਿਚੋਂ ‘ਠੱਪ’ ਹੋਈਆਂ ਆਮ ਆਦਮੀ ਪਾਰਟੀ (ਆਪ) ਦੀਆਂ ਸਰਗਰਮੀਆਂ ਹੁਣ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਮਨੀਸ਼ ਸਿਸੋਦੀਆ ਦੇ ਪੰਜਾਬ ਮਾਮਲਿਆਂ ਦਾ ਇੰਚਾਰਜ ਬਣਨ ਤੋਂ ਬਾਅਦ ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ ਯੂਟੀ ਚੰਡੀਗੜ੍ਹ ਦੇ ਇੰਚਾਰਜ ਹਰਜੋਤ ਸਿੰਘ ਬੈਂਸ ਨੇ ਪਾਰਟੀ ਦੀ ਚੰਡੀਗੜ੍ਹ ਇਕਾਈ ਦਾ ਗਠਨ ਕੀਤਾ ਹੈ। ਇਸ ਤਹਿਤ ਕਨਵੀਨਰ ਚਾਰਟਰਡ ਅਕਾਊਂਟੈਂਟ (ਸੀਏ) ਪ੍ਰੇਮ ਗਰਗ ਅਤੇ ਜਨਰਲ ਸਕੱਤਰ ਚੰਡੀਗੜ੍ਹ ਪੁਲਿਸ ਦੇ ਸੇਵਾਮੁਕਤ ਡੀਐਸਪੀ ਵਿਜੈ ਪਾਲ ਸਿੰਘ ਨੂੰ ਨਿਯੁਕਤ ਕੀਤਾ ਹੈ।
ਹਰਜੋਤ ਸਿੰਘ ਬੈਂਸ ਨੇ ਮੀਡੀਆ ਨੂੰ ਦੱਸਿਆ ਕਿ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਚੰਡੀਗੜ੍ਹ ਵਿਚ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਲਈ ਇਕਾਈ ਬਣਾਈ ਹੈ। ਉਨ੍ਹਾਂ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦੀ ਉਮੀਦਵਾਰ ਗੁਲ ਪਨਾਗ ਨੂੰ ਵੋਟਰਾਂ ਨੇ ਭਾਰੀ ਹੁੰਗਾਰਾ ਦਿੱਤਾ ਸੀ ਪਰ ਸਮੁੱਚੀ ਲੀਡਰਸ਼ਿਪ ਦੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਰੁੱਝੇ ਹੋਣ ਕਾਰਨ ਚੰਡੀਗੜ੍ਹ ਨਗਰ ਨਿਗਮ ਦੀਆਂ ਦਸੰਬਰ 2016 ’ਚ ਹੋਈਆਂ ਚੋਣਾਂ ਨਾ ਲੜਨ ਦਾ ਫੈਸਲਾ ਲੈਣਾ ਪਿਆ ਸੀ। ਹੁਣ ਚੰਡੀਗੜ੍ਹ ਇਕਾਈ ਨੂੰ ਜ਼ਮੀਨੀ ਪੱਧਰ ਤੱਕ ਮਜ਼ਬੂਤ ਕਰਕੇ ਇਥੇ ਪਾਰਟੀ ਦੀਆਂ ਸਰਗਰਮੀਆਂ ਤੇਜ਼ ਕੀਤੀਆਂ ਜਾਣਗੀਆਂ। ‘ਆਪ’ ਵੱਲੋਂ ਚੰਡੀਗੜ੍ਹ ਇਕਾਈ ਲਈ ਐਲਾਨੀ ਟੀਮ ਵਿਚ ਪ੍ਰੇਮ ਗਰਗ ਤੇ ਵਿਜੈ ਪਾਲ ਸਿੰਘ ਤੋਂ ਇਲਾਵਾ ਵੀਨਾ ਸ਼ਰਮਾ ਨੂੰ ਕੋ-ਕਨਵੀਨਰ ਥਾਪਿਆ ਗਿਆ ਹੈ। ਨਰੇਸ਼ ਗਰਗ ਬੌਬੀ, ਪੀ.ਪੀ. ਘਈ, ਨਾਜਰ ਸਿੰਘ ਧਾਲੀਵਾਲ ਤੇ ਸਤੀਸ਼ ਮਾਸ਼ਲ ਨੂੰ ਜਨਰਲ ਸਕੱਤਰ; ਐਚ.ਕੇ. ਅਰੋੜਾ ਨੂੰ ਸਕੱਤਰ; ਬਿਕਰਮ ਪੁਧੀਰ ਨੂੰ ਜਥੇਬੰਦਕ ਸਕੱਤਰ; ਕੌਸ਼ਲ ਸਿੰਘ, ਯੋਗੇਸ਼ ਸੋਨੀ, ਸ਼ਿਸੂਪਾਲ, ਕਲਾਨਾ ਦਾਸ, ਲਾਡੀ ਪੰਨੂੰ ਤੇ ਸੰਦੀਪ ਨੂੰ ਜੁਆਇੰਟ ਸਕੱਤਰ ਅਤੇ ਪ੍ਰੋ. ਗੁਰਦੇਵ ਸਿੰਘ, ਨੀਕਿਤਾ ਪੰਡਿਤ, ਰੋਜ਼ਲੀਨ, ਮਲਕੀਤ ਸਿੰਘ, ਕਾਂਤਾ ਧਮੀਜਾ, ਪ੍ਰਿੰਸ ਜੁਨੇਜਾ, ਸਤਨਾਮ ਸਿੰਘ, ਗੁਰਦੀਪ ਸਿੰਘ, ਰਵੀ ਮਨੀ ਅਤੇ ਆਰਤੀ ਸ਼ਰਮਾ ਨੂੰ ਕਾਰਜਕਾਰਨੀ ਦਾ ਮੈਂਬਰ ਨਿਯੁਕਤ ਕੀਤਾ ਹੈ।
ਇਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਨਗਰ ਨਿਗਮ ਦੇ ਨਵੇਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ 9 ਜਨਵਰੀ ਨੂੰ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਵਾਰ 9 ਨਾਮਜ਼ਦ ਕੌਂਸਲਰਾਂ ਕੋਲੋਂ ਵੋਟ ਪਾਉਣ ਦਾ ਹੱਕ ਖੋਹਣ ਕਾਰਨ ਚੁਣੇ 26 ਮੈਂਬਰ ਹੀ ਮੇਅਰ ਦੀ ਚੋਣ ਲਈ ਵੋਟਾਂ ਪਾਉਣ ਲਈ ਅਧਿਕਾਰਤ ਹੋਣਗੇ।