
ਕੁਝ ਗੱਲਾਂ ਸਾਰੇ ਯਤਨਾਂ ਦੇ ਬਾਵਜੂਦ ਸਮਾਂ ਪਾ ਕੇ ਹੀ ਪੂਰੀਆਂ ਸਮਝ ਆਉਂਦੀ ਹੈ। ਸ਼ਾਇਦ ਇਸੇ ਕਰਕੇ ਸਿਆਣੇ ਕਹਿੰਦੇ ਹਨ ਕਿ ਸਮਾਂ ਲੰਘ ਕੇ ਹੀ ਸਿਆਣਾ ਹੁੰਦਾ ਹੈ।
ਜਦੋਂ ਸਾਲ 2005 ਵਿੱਚ ਵਿਸਮਾਦ ਵਾਲਿਆਂ ਵੱਲੋਂ ‘ਸਾਹਿਬਜ਼ਾਦੇ’ ਨਾਮੀ ਕਾਰਟੂਨ ਫਿਲਮ ਬਣਾਈ ਗਈ ਸੀ, ਅਸੀਂ ਉਦੋਂ ਹੀ ਆਗਾਹ ਕੀਤਾ ਸੀ ਕਿ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਤੇ ਸ਼ਹੀਦਾਂ ਦੀਆਂ ਨਕਲਾਂ ਲਾਹੁਣ ਦੀ ਇਹ ਗੈਰ ਸਿਧਾਂਤਕ ਪਿਰਤ ਭਵਿੱਖ ਵਿੱਚ ਵੱਡੀ ਸਮੱਸਿਆ ਬਣੇਗੀ। ਇਸ ਨੂੰ ਸਮਾਂ ਰਹਿੰਦਿਆਂ ਹੀ ਸਖਤੀ ਨਾਲ ਬੰਦ ਕਰ ਦੇਣਾ ਚਾਹੀਦਾ ਹੈ।
ਉਸ ਵੇਲੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਸਾਹਿਬਾਨ ਨੂੰ ਮਿਲ ਕੇ ਲਿਖਤੀ ਚਿੱਠੀਆਂ ਦਿੱਤੀਆਂ ਸਨ ਤੇ ਕਿਹਾ ਸੀ ਕਿ ਇਸ ਕੁਰਾਹੇ ਨੂੰ ਬੰਦ ਕਰਨ ਲਈ ‘ਗੁਰਮਤਾ’ ਕੀਤਾ ਜਾਵੇ ਤੇ ਇਹਨਾ ਫਿਲਮੀ ਸਵਾਗਾਂ ਉਤੇ ਪੱਕੀ ਰੋਕ ਲੱਗੇ।
ਉਸ ਵੇਲੇ ਸਿੱਖਾਂ ਦੇ ਕਾਫੀ ਵੱਡੇ ਹਿੱਸੇ ਨੇ “ਨਵੇਂ ਯੁਗ” ਅਤੇ “ਤਕਨੀਕ” ਦਾ ਹਵਾਲਾ ਦੇ ਕੇ ਸਾਡੀ ਗੱਲ ਨੂੰ ਅਣਗੌਲਿਆਂ ਕੀਤਾ।
ਅਸੀਂ ਕਿਹਾ ਸੀ ਕਿ ‘ਤਕਨੀਕ’ ਅਤੇ ‘ਕਾਰਟੂਨ’ ਦੇ ਪਰਦੇ ਹੇਠ ਸ਼ੁਰੂ ਹੋ ਰਿਹਾ ਇਹ ਕੁਰਾਹਾ ਜੇਕਰ ਨਾ ਰੋਕਿਆ ਗਿਆ ਤਾਂ ਇੱਕ ਦਿਨ ਰਾਸ-ਲੀਲਾਵਾਂ ਵਿੱਚ ਹੁੰਦੀ ਡਰਾਮੇਬਾਜੀ ਵਾਙ ਸਮੱਸਿਆ ਬਣ ਜਾਵੇਗਾ।
ਜਦੋਂ “ਚਾਰ ਸਾਹਿਬਜ਼ਾਦੇ” ਫਿਲਮ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿਧਾਂਤਹੀਣ ਪ੍ਰਵਾਨਗੀ ਦਿੱਤੀ ਗਈ ਉਸ ਵੇਲੇ ਵੀ ਅਸੀਂ ਗੁਰਮਤਿ ਦੇ ਆਦਰਸ਼ਾਂ, ਖਾਲਸਾ ਪੰਥ ਦੀਆਂ ਰਵਾਇਤਾਂ ਅਤੇ ਸਿੱਖ ਸਿਧਾਂਤਾਂ ਉੱਪਰ ਪਹਿਰੇਦਾਰੀ ਕਰਨ ਦਾ ਯਤਨ ਕਰਦਿਆਂ ਸਿਧਾਂਤਕ ਪੱਖ ਸੰਗਤ ਦੇ ਸਾਹਮਣੇ ਰੱਖਿਆ। ਉਸ ਫਿਲਮ ਦੇ ਹੱਕ ਵਿਚ ਚੱਲੀ ਪ੍ਰਚਾਰ ਦੀ ਹਨੇਰੀ ਦੇ ਬਾਵਜੂਦ ਸਿੱਖ ਜਗਤ ਦੇ ਸੰਜੀਦਾ ਤੇ ਸੁਹਿੰਰਦ ਹਿੱਸੇ ਨੇ ਸਾਡੇ ਵੱਲੋਂ ਰੱਖੇ ਸਿਧਾਂਤਕ ਪੱਖ ਨਾਲ ਸਹਿਮਤੀ ਪ੍ਰਗਟਾਈ।
ਜਦੋਂ ਹਰਿੰਦਰ ਸਿੱਕੇ ਵੱਲੋਂ ਨਾਨਕ ਸ਼ਾਹ ਫਕੀਰ ਨਾਮੀ ਸਵਾਂਗੀ ਡਰਾਮੇ ਵਿੱਚ ਗੁਰੂ ਨਾਨਕ ਪਾਤਸ਼ਾਹ, ਗੁਰੂ ਪਰਿਵਾਰ ਤੇ ਭਾਈ ਮਰਦਾਨਾ ਜੀ ਜਿਹੇ ਮਹਾਨ ਗੁਰਸਿੱਖਾਂ ਦੇ ਕਿਰਦਾਰ ਮਨੁੱਖਾਂ ਕੋਲੋਂ ਕਰਵਾਏ ਗਏ ਤਾਂ ਉਦੋਂ ਜਾ ਕੇ ਸਿੱਖ ਜਗਤ ਵਿੱਚ ਇਹਨਾਂ ਸਵਾਂਗਾਂ ਬਾਰੇ ਵਿਆਪਕ ਚੇਤਨਾ ਆਈ ਤੇ ਇਸ ਫਿਲਮ ਦਾ ਸਿੱਖਾਂ ਨੇ ਵਿਸ਼ਵ ਪੱਧਰ ਉੱਤੇ ਵਿਰੋਧ ਕਰਕੇ ਦੋ ਵਾਰ ਫਿਲਮ ਬੰਦ ਕਰਵਾਈ।
ਅੱਜ ਕਈ ਵੀਰਾਂ ਵੱਲੋਂ ਸਿੱਖ ਸ਼ਹੀਦਾਂ ਦਾ ਸਵਾਂਗ ਰੱਚਦੀ ਫਿਲਮ “ਚੜਦੀਕਲਾ” ਬਾਰੇ ਸਿਧਾਂਤਿਕ ਪਹਿਰੇਦਾਰੀ ਕੀਤੀ ਜਾ ਰਹੀ ਹੈ ਪਰ ਕਈ ਹਿੱਸੇ, ਜੋ ਪੁਰਾਤਨ ਸ਼ਹੀਦਾਂ ਦੇ ਮਾਮਲੇ ਵਿੱਚ ਇਹਨਾ ਸਵਾਂਗਾਂ ਨੂੰ ਗਲਤ ਮੰਨਦੇ ਹਨ ਉਹ ਵੀ ਇਹ ਕਹਿ ਕੇ ਇਸ ਫਿਲਮ ਦੀ ਹਮਾਇਤ ਕਰ ਰਹੇ ਹਨ ਕਿ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਪੁਰਾਤਨ ਸ਼ਹੀਦ ਨਹੀਂ ਹਨ।
ਸਿੱਖੀ ਵਿੱਚ ਸ਼ਹਾਦਤ ਦਾ ਰੁਤਬਾ ਕਿਸੇ ਸਮੇਂ ਵੰਡ ਦਾ ਮੁਹਤਾਜ ਨਹੀਂ ਹੈ ਤੇ ਨਾ ਹੀ ਅਜਿਹੀ ਸਮਾਂ ਵੰਡ ਪਾਉਣ ਦੀ ਕੋਈ ਜਰੂਰਤ ਹੈ।
ਸਾਨੂੰ ਇਹ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਫਿਲਮਾਂ ਪ੍ਰਚਾਰ ਦਾ ਨਹੀਂ ਬਲਕਿ ਮਨੋਰੰਜਨ ਅਤੇ ਵਪਾਰ ਦਾ ਸਾਧਨ ਹਨ।
ਅੱਜ ਜਿਹੜੇ ਜਥੇ ਤੇ ਸੁਹਿਰਦ ਵੀਰ-ਭੈਣ ‘ਚੜਦੀਕਲਾ’ ਫਿਲਮ ਵਾਲੇ ਮਸਲੇ ਵਿੱਚ ਸਿਧਾਂਤਾਂ ਉੱਪਰ ਪਹਿਰੇਦਾਰੀ ਕਰ ਰਹੇ ਹਨ ਉਹਨਾਂ ਦੀ ਗੱਲ ਸ਼ਾਇਦ ਸਾਡੇ ਬਹੁਤੇ ਹਿੱਸਿਆਂ ਨੂੰ ਸਮਾਂ ਲੰਘੇ ਤੋਂ ਭਵਿੱਖ ਵਿੱਚ ਹੀ ਪੂਰੀ ਸਮਝ ਆਵੇਗੀ।

ਸਿੱਖਾਂ ਨੂੰ ਕਿਸੇ ਇੱਕ ਫਿਲਮ ਦੇ ਮਸਲੇ ਵਿੱਚ ਹੱਕ-ਵਿਰੋਧ ਵਿੱਚ ਆਪਸ ਵਿਚ ਉਲਝਣ ਦੀ ਬਜਾਏ ਫਿਲਮੀ ਸਵਾਂਗਾਂ ਦੇ ਮਸਲੇ ਉੱਪਰ ਵਿਆਪਕ ਸੰਵਾਦ ਚਲਾਉਣਾ ਚਾਹੀਦਾ ਹੈ ਤਾਂ ਕਿ ਇਕ ਸਿਧਾਂਤਕ ਸੇਧ ਉੱਤੇ ਸਾਡੀ ਆਮ ਸਹਿਮਤੀ ਬਣ ਸਕੇ।
ਇਸ ਪਹਿਲਕਦਮੀ ਦੀ ਸ਼ੁਰੂਆਤ ਸਿੱਖ ਜਥਾ ਮਾਲਵਾ ਵੱਲੋਂ ਦੋ ਸਾਲ ਪਹਿਲਾਂ ਡੇਢ ਸੌ ਤੋਂ ਵੱਧ ਫਿਲਮਕਾਰਾਂ ਨੂੰ ਭੇਜੀ ਗਈ ਅਹਿਮ ਚਿੱਠੀ ਨੂੰ ਪੜ੍ਹਨ-ਵਿਚਾਰਨ ਤੋਂ ਕੀਤੀ ਜਾ ਸਕਦੀ ਹੈ। ਇਸ ਦੇ ਨਾਲ “ਖਾਲਸਾ ਬੁੱਤ ਨਾ ਮਾਨੈ ਕੋਇ” ਸਿਰਲੇਖ ਵਾਲੀਆਂ ਦੋ ਕਿਤਾਬਾਂ ਜਿਹਨ ਵਿਚ ਲੰਘੇ ਤਕਰੀਬਨ 90 ਸਾਲਾਂ ਦੌਰਾਨ ਫਿਲਮਾਂ ਦੇ ਮਾਮਲੇ ਵਿੱਚ ਸਿੱਖਾਂ ਵਲੋਂ ਕੀਤੀ ਸਿਧਾਂਤਿਕ ਪਹਿਰੇਦਾਰੀ ਦਰਜ ਹੈ ਵੀ ਪੜ੍ਹੀਆਂ ਜਾ ਸਕਦੀਆਂ ਹਨ।
ਜਦੋਂ ਕੋਈ ਮਸਲਾ ਵਾਰ-ਵਾਰ ਉੱਠਦਾ ਹੋਵੇ ਤਾਂ ਉਸ ਬਾਰੇ ਹਰ ਵਾਰ ਮੌਕੇ ਉੱਤੇ ਬਹਿਸ ਛੇੜਨ ਦੀ ਬਜਾਏ ਲੰਮੇ ਸਮੇਂ ਦਾ ਸੰਵਾਦ ਰਚਾ ਲੈਣਾ ਹੀ ਬਿਹਤਰ ਹੁੰਦਾ ਹੈ।
ਜਿਹੜੇ ਹਿੱਸਿਆਂ ਲਈ ਇਹ ਮਸਲਾ ਬਿਜਲ-ਸੱਥ ਦੀ ਟਿੱਪਣੀਬਾਜੀ ਤੇ ਸ਼ੋਸ਼ੇਬਾਜੀ ਦਾ ਹੈ ਉਹਨਾਂ ਤੋਂ ਤਾਂ ਸ਼ਾਇਦ ਇਸ ਗੱਲ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਪਰ ਜਿਹੜੇ ਹਿੱਸੇ ਆਪਣੇ ਆਪ ਨੂੰ ਸੰਜੀਦਾ. ਵਿਚਾਰਵਾਨ ਅਤੇ ਸਿਧਾਂਤਕ ਪਹਿਰੇਦਾਰੀ ਦੇ ਹਾਮੀ ਸਮਝਦੇ ਹਨ ਉਹਨਾਂ ਤੋਂ ਇਹ ਆਸ ਜਰੂਰ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਇਸ ਮਸਲੇ ਉੱਪਰ ਸੰਜੀਦਾ ਸੰਵਾਦ ਵਾਲੀ ਪਹਿਲਕਦਮੀ ਕਰਨ।
ਇਹ ਗੱਲ ਧਿਆਨ ਵਿੱਚ ਰੱਖੀ ਜਾਣੀ ਚਾਹੀਦੀ ਹੈ ਕਿ ਨੇਮ ਤੇ ਮਿਆਰ ਤਹਿਤ ਕਰਨ ਲੱਗਿਆਂ ਆਦਰਸ਼ਾਂ ਅਤੇ ਸਿਧਾਂਤਾਂ ਨੂੰ ਬੁਨਿਆਦ ਬਣਾਇਆ ਜਾਣਾ ਚਾਹੀਦਾ ਹੈ। ਕਿਸੇ ਵੀ ਵਕਤੀ ਸਹੂਲਤ ਲਈ ਆਦਰਸ਼ਾਂ ਅਤੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ।
ਯਾਦ ਰਹੇ ਕਿ ਸੌਖ ਦੀ ਲਾਲਸਾ ਹੀ ਔਖ ਨੂੰ ਜਨਮ ਦਿੰਦੀ ਹੈ ਅਤੇ “ਸ਼ਾਰਟ ਕੱਟਾਂ” ਦੀ ਲਾਲਸਾ ਅਕਸਰ ਰਾਹੀ ਨੂੰ ਰਾਹੇ ਰਾਸ ਤੋਂ ਭਟਕਾ ਦਿੰਦੀ ਹੈ।
ਭੁੱਲ ਚੁੱਕ ਦੀ ਖਿਮਾ,
ਪਰਮਜੀਤ ਸਿੰਘ ਗਾਜ਼ੀ
ਸੰਪਾਦਕ, ਸਿੱਖ ਸਿਆਸਤ।
