Site icon Sikh Siyasat News

ਸਿੱਖਾਂ ਅਤੇ ਕਸ਼ਮੀਰੀਆਂ ਨੇ ਔਟਵਾ ਵਿਖੇ 15 ਅਗਸਤ ਵਿਰੁੱਧ ਜ਼ਬਰਦਸਤ ਮੁਜਾਹਰਾ ਕੀਤਾ

ਚੰਡੀਗੜ੍ਹ: ਭਾਰਤ ਦੀ ਅਖੌਤੀ ਆਜ਼ਾਦੀ ਨੂੰ ਨਕਾਰਦਿਆਂ ਸਿੱਖਾਂ ਅਤੇ ਕਸ਼ਮੀਰੀਆਂ ਨੇ ਔਟਵਾ ਵਿੱਚ ਸਥਿਤ ਭਾਰਤੀ ਐਂਮਬੈਸੀ ਮੂਹਰੇ 15 ਅਗਸਤ 2020 ਨੂੰ ਜਬਰਦਸਤ ਮੁਜਾਹਰਾ ਕੀਤਾ। ਸੈਂਕੜੇ ਲੋਕਾਂ ਦੇ ਭਾਵਨਾਤਮਿਕ ਇਕੱਠ ਨੇ ਇਥੇ ਜੰਮ ਕੇ ਨਾਹਰੇਬਾਜ਼ੀ ਕੀਤੀ ਅਤੇ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦੇ ਨੁਮਾਇੰਦੇ ਅਤੇ ਕਮਿਊਨਟੀ ਆਗੂਆਂ ਨੇ ਭਾਰਤ ਸਰਕਾਰ ਦੀਆਂ ਘਟੀਆਂ ਨੀਤੀਆਂ ਨੂੰ ਬਿਆਨਦਿਆਂ 15 ਅਗਸਤ ਨੂੰ ਕਾਲਾ ਦਿਨ ਕਰਾਰ ਦਿੱਤਾ। ਇਸ ਮੌਕੇ ਵੱਡੀ ਤਾਦਾਦ ਵਿੱਚ ਕਸ਼ਮੀਰੀ ਭਾਈਚਾਰਾ ਵੀ ਮੌਜੂਦ ਸੀ, ਜਿੰਨਾਂ ਬੜੇ ਜੋਸ਼ ਵਿੱਚ ਨਾਹਰੇਬਾਜ਼ੀ ਕਰਦਿਆਂ ਕਸ਼ਮੀਰ ਵਿੱਚ ਭਾਰਤ ਸਰਕਾਰ ਵਲੋਂ ਕੀਤੇ ਜਾ ਰਹੀ ਲੋਕਾਂ ਦੀ ਨਸਲਕੁਸ਼ੀ ਨੂੰ ਰੋਕਣ ਤੇ ਜ਼ੋਰ ਦਿੱਤਾ।

ਉਨਟਾਰੀਓ ਅਤੇ ਕਿਊੁਬਕ ਦੇ ਸਮੂਹ ਗੁਰਦੁਆਰਾ ਸਾਹਿਬਾਨ ਅਤੇ ਪੰਥਕ ਸੰਸਥਾਵਾਂ ਵਲੋਂ ਉਲੀਕੇ ਗਏ ਇਸ ਮੁਜਾਹਰੇ ਨੂੰ ਯੂਨਾਈਟਡ ਫਰੰਟ ਆਫ ਸਿੱਖਸ ਕੈਨੇਡਾ ਵਲੋਂ ਕੋਆਰਡੀਨੇਟ ਕੀਤਾ ਗਿਆ। ਫਰਿੰਡਜ਼ ਆਫ ਕਸ਼ਮੀਰ ਦੇ ਸਮੂਹ ਮੈਂਬਰਾਂ ਨੇ ਇਸ ਵਿੱਚ ਸ਼ਮੂਲੀਅਤ ਕਰਦਿਆਂ ਕਸ਼ਮੀਰ ਦੀ ਆਜ਼ਾਦੀ ਨੂੰ ਦੱਬ ਕੇ ਪ੍ਰਚਾਰਿਆ। ਸ਼ਨਿਚਰਵਾਰ 15 ਅਗਸਤ 2020 ਨੂੰ ਠੀਕ 2 ਵਜ੍ਹੇ ਸੰਗਤ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਹੈਡਕੁਆਰਟਰ ਅੱਗੇ ਇਕੱਠੀ ਹੋ ਕੇ ਨਾਹਰੇਬਾਜੀ ਕਰਨ ਲੱਗੀ। ਇਹ ਸਾਰਾ ਪ੍ਰੋਗਰਾਮ ਟੀ ਵੀ 84 ਅਤੇ ਕਈ ਫੇਸਬੁੱਕ ਪੇਜਾਂ ਰਾਹੀਂ ਲਾਈਵ ਵਿਖਾਇਆ ਜਾ ਰਿਹਾ ਸੀ। ਠੀਕ 3 ਵਜੇ ਸ੍ਰ ਮਨਵੀਰ ਸਿੰਘ ਮਾਂਟਰੀਅਲ ਨੇ ਸਟੇਜ ਦੀ ਕਾਰਵਾਈ ਆਰੰਭ ਕੀਤੀ। ਉਨ੍ਹਾਂ ਭਾਰਤ ਦੇਸ਼ ਦੀਆਂ ਵਧੀਕੀਆਂ ਨੂੰ ਬਾਖੂਬੀ ਨਾਲ ਬਿਆਨ ਕੀਤਾ। ਉਨ੍ਹਾਂ ਦੱਸਿਆ ਕਿ ਅਸੀਂ ਅੱਜ ਇਥੇ ਇਹ ਸੁਨੇਹਾ ਲੈ ਕੇ ਆਏ ਹਾਂ ਕਿ ਇਹ ਆਜ਼ਾਦੀ ਤੁਹਾਡੇ ਵਾਸਤੇ ਤਾਂ ਹੋ ਸਕਦੀ ਹੈ ਪਰ ਭਾਰਤ ਦੀਆਂ ਸਮੂਹ ਘੱਟ ਗਿਣਤੀਆਂ ਲਈ ਇਹ ਬਰਬਾਦੀ ਦਾ ਦਿਨ ਹੈ। ਇਸ ਨੂੰ ਅਸੀਂ ਕਾਲਾ ਦਿਨ ਕਰਾਰ ਦਿੰਦੇ ਹਾਂ।

ਸਭ ਤੋਂ ਪਹਿਲਾਂ ਨੌਜੁਆਨ ਕਸ਼ਮੀਰੀ ਬੱਚੀ ਨੇ ਆਪਣੇ ਜਜ਼ਬਾਤਾਂ ਦਾ ਖੁਲਾਸਾ ਕੀਤਾ ਅਤੇ ਉਨ੍ਹਾਂ ਕਸ਼ਮੀਰ ਨੂੰ ਆਜ਼ਾਦ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਪਰੰਤ ਵੱਖ ਵੱਖ ਕਸ਼ਮੀਰੀ ਆਗੂਆਂ ਨੇ ਆਪਣੇ ਵਿਚਾਰ ਰੱਖੇ ਜਿੰਨ੍ਹਾਂ ਵਿੱਚ ਖਾਸ ਕਰਕੇ ਡਾ ਅਜ਼ਰਬ ਖਾਨ ਨੇ ਕਿਹਾ ਕਿ ਮੈਂ ਸਿੱਖ ਭਾਈਚਾਰੇ ਨੂੰ ਕਹਿਣਾ ਚਾਹੁੰਦਾ ਹਾਂ ਕਿ ਖਾਲਿਸਤਾਨ ਦੀ ਆਜ਼ਾਦੀ ਅਤੇ ਕਸ਼ਮੀਰ ਦੀ ਆਜ਼ਾਦੀ ਲਈ ਅਸੀਂ ਇਕੱਠੇ ਜੀਆਂਗੇ, ਇਕੱਠੇ ਲੜਾਂਗੇ ਅਤੇ ਇਕੱਠੇ ਹੀ ਮਰਾਂਗੇ। ਲੰਮੇ ਸਮੇ ਤੋਂ ਕਸ਼ਮੀਰ ਲਈ ਸੰਘਰਸ਼ ਕਰਦੇ ਆ ਰਹੇ ਹਬੀਬ ਯੂਸਫਜਈ ਨੇ ਇਸ ਮੌਕੇ ਖਾਲਸਾ ਰਾਜ ਦਾ ਪਿਛੋਕੜ ਦੱਸਿਆ ਕਿ ਕਸ਼ਮੀਰ ਵੀ ਖਾਲਸਾ ਰਾਜ ਦਾ ਹਿੱਸਾ ਹੋਇਆ ਕਰਦਾ ਸੀ। ਉਨ੍ਹਾਂ ਸਿੱਖਾਂ ਨੂੰ ਯਾਦ ਕਰਵਾਇਆ ਕਿ ਸਿੱਖ ਰਾਜ ਅਫਗਾਨਿਸਤਾਨ ਤੱਕ ਫੈਲਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਜੋ ਸਿੱਖਾਂ ਅਤੇ ਮੁਸਲਮਾਨਾਂ ਦਰਮਿਆਨ ਇੱਕ ਖਾਸ ਸ਼ਰਾਰਤ ਵੱਸ ਵਾਪਰਿਆ ਉਸ ਨੂੰ ਭੁੱਲ ਕੇ ਸਾਨੂੰ ਇਕੱਠੇ ਹੋ ਕੇ ਬ੍ਰਾਹਮਣ ਖਿਲਾਫ ਡੱਟ ਜਾਣਾ ਚਾਹੀਦਾ ਹੈ।

ਇਸ ਉਪਰੰਤ ਖਾਲਿਸਤਾਨੀ ਆਗੂਆਂ ਨੇ ਆਪਣੇ ਵਿਚਾਰਾਂ ਦੀ ਝੜੀ ਲਾ ਕੇ ਆਪੋ ਆਪਣੇ ਅੰਦਾਜ਼ ਵਿੱਚ ਭਾਰਤ ਸਰਕਾਰ ਨੂੰ ਲਾਹਣਤਾਂ ਪਾਈਆਂ ਅਤੇ ਖਾਲਿਸਤਾਨ ਦੀ ਆਜਾਦੀ ਦੀ ਵਕਾਲਤ ਕੀਤੀ। ਉਨਟਾਰੀਓ ਗੁਰਦੁਆਰਾਜ਼ ਕਮੇਟੀ ਦੇ ਬੁਲਾਰੇ ਅਮਰਜੀਤ ਸਿੰਘ ਮਾਨ ਨੇ ਇਸ ਮੌਕੇ ਬੜੇ ਜੋਸ਼ ਵਿੱਚ ਕਿਹਾ ਕਿ ਭਾਰਤੀਆਂ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ। ਜੋ ਤੁਸੀਂ ਕਸ਼ਮੀਰੀਆਂ ਅਤੇ ਸਿੱਖਾਂ ਉਪਰ ਜ਼ੁਲਮ ਕੀਤੇ ਹਨ, ਜਦੋਂ ਸਾਡੀ ਜਾੜ ਹੇਠ ਆ ਗਏ, ਕੋਹ ਕੋਹ ਕੇ ਮਾਰਾਂਗੇ।

ਬੀ ਸੀ ਗੁਰਦੁਆਰਾ ਕੌਂਸਲ ਦੇ ਬੁਲਾਰੇ ਅਤੇ ਦਸ਼ਮੇਸ਼ ਦਰਬਾਰ ਸਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮੁਨਿੰਦਰ ਸਿੰਘ ਬੁਆਲ ਨੇ ਇਸ ਮੌਕੇ ਭਾਰਤ ਦੇ ਕਾਲੇ ਕਾਨੂੰਨਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਟਾਡਾ, ਪੋਟਾ ਅਤੇ ਯੂ ਏ ਪੀ ਏ ਅਧੀਨ ਸਿੱਖਾਂ ਅਤੇ ਹੋਰ ਘੱਟ ਗਿਣਤੀ ਲੋਕਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਔਟਵਾ ਸਿੱਖ ਸੁਸਾਇਟੀ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਗਤ ਸਿੰਘ ਭੰਡਾਲ ਨੇ ਇਸ ਮੌਕੇ ਸਮੂਹ ਮੁਜਾਹਰਾਕਾਰੀਆਂ ਨੂੰ ਔਟਵਾ ਵਿੱਚ ਜੀ ਆਇਆਂ ਕਿਹਾ ਅਤੇ ਕੌਮੀ ਸੰਘਰਸ਼ ਦੀ ਗੱਲ ਕਰਦਿਆਂ ਕਿਹਾ ਕਿ ਖਾਲਿਸਤਾਨ ਅਤੇ ਕਸ਼ਮੀਰ ਦੀ ਆਜ਼ਾਦੀ ਹੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਹੈ।

ਅੱਜ ਦੀ ਆਵਾਜ ਰੇਡੀਓ ਦੇ ਸੰਚਾਲਕ ਅਤੇ ਖਾਲਿਸਤਾਨ ਚਿੰਤਕ ਸੁਖਦੇਵ ਸਿੰਘ ਗਿੱਲ ਨੇ ਬੜੀ ਜੋਸ਼ੀਲੀ ਤਕਰੀਰ ਵਿੱਚ ਕਿਹਾ ਕਿ ਤੁਹਾਡੀ ਘੱਟ ਗਿਣਤੀਆਂ ਨੂੰ ਗੁਲਾਮ ਬਣਾ ਕੇ ਰੱਖਣ ਦੀ ਸੋਚ ਹੁਣ ਬਹੁਤੀ ਦੇਰ ਤੁਹਾਡਾ ਸਾਥ ਨਹੀਂ ਦੇਵੇਗੀ। ਬਰੈਂਪਟਨ ਤੋਂ ਭੁਪਿੰਦਰ ਸਿੰਘ ਢਿਲੋਂ, ਮਾਂਟਰੀਅਲ ਤੋਂ ਚਤਰ ਸਿੰਘ ਬੱਬਰ ਅਤੇ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਪਾਂਗਲੀ ਨੇ ਵੀ ਬੜੇ ਗੰਭੀਰ ਵਿਚਾਰ ਦਿੱਤੇ।

ਅਖੀਰ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਮੈਂਬਰ ਅਤੇ ਯੂਨਾਈਟਡ ਫਰੰਟ ਆਫ ਸਿੱਖਸ ਕੈਨੇਡਾ ਦੇ ਕੋਆਰਡੀਨੇਟਰ ਸੁਖਮਿੰਦਰ ਸਿੰਘ ਹੰਸਰਾ ਨੇ ਔਟਵਾ ਪੁਲੀਸ, ਆਰ ਸੀ ਐਮ ਅਤੇ ਔਟਵਾ ਸਿਟੀ ਦਾ ਸਹਿਯੋਗ ਲਈ ਧੰਨਵਾਦ ਕੀਤਾ।

ਜਾਰੀ ਪ੍ਰੈਸ ਨੋਟ ਵਿੱਚ ਜਿਥੇ 15 ਅਗਸਤ ਨੂੰ ਕਾਲਾ ਦਿਨ ਘੋਸ਼ਿਤ ਕੀਤਾ ਗਿਆ ਉਥੇ Unlawful Activities (Prevention) Act (UAPA) ਦੀ ਨਿਖੇਧੀ ਕਰਦਿਆਂ ਇਸ ਕਾਲੇ ਕਾਨੂੰਨ ਨੂੰ ਤੁਰੰਤ ਰੱਦ ਕਰਨ ਅਤੇ ਇਸ ਤਹਿਤ ਬੰਦ ਬਣਾਏ ਗਏ ਸਮੂਹ ਲੋਕਾਂ ਦੀ ਰਿਹਾਈ ਦੀ ਮੰਗ ਕੀਤੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version