Site icon Sikh Siyasat News

ਹਾਂਗਕਾਂਗ ‘ਚ 15 ਸਾਲਾ ਤਕਦੀਰ ਸਿੰਘ ਢਿੱਲੋਂ ਨੇ 37 ਸਾਲਾ ਬੌਕਸਰ ਨੂੰ ਹਰਾ ਕੇ ਰਚਿਆ ਇਤਿਹਾਸ

ਚੰਡੀਗੜ੍ਹ: ਹਾਂਗਕਾਂਗ ‘ਚ ਹੋਈ 58 ਕਿਲੋ ਵਰਗ ਦੀ ਈ-1 ਬਾਕਸਿੰਗ ਵਰਲਡ ਚੈਂਪੀਅਨਸ਼ਿਪ – 2017 ਵਿੱਚ 15 ਸਾਲਾ ਗੱਭਰੂ ਨੇ 37 ਸਾਲਾ ਬੌਕਸਰ ਨੂੰ ਚਿੱਤ ਕਰਕੇ ਇਤਿਹਾਸ ਰਚ ਦਿੱਤਾ। ਇਹ ਨੌਜਵਾਨ ਜੰਮਪਲ ਹਾਂਗਕਾਂਗ ਦਾ ਹੈ ਪਰ ਇਸਦਾ ਪਿਛੋਕੜ ਪੰਜਾਬ ਦਾ ਹੈ।

ਪੰਜਾਬ ਤੋਂ ਹਾਂਗਕਾਂਗ ਜਾ ਕੇ ਵੱਸੇ ਹਰਦੇਵ ਸਿੰਘ ਢਿੱਲੋਂ ਦੇ ਪੁੱਤਰ ਤਕਦੀਰ ਸਿੰਘ ਢਿੱਲੋਂ ਨੇ ਜ਼ਬਰਦਸਤ ਮੁਕਾਬਲੇ ਵਿੱਚ ਚੋਟੀ ਦੇ ਖਿਡਾਰੀ ਐਮੀਗੋ ਸ਼ੋਈ ਨੂੰ ਮਾਤ ਦੇ ਕੇ ਰਿੰਗ ਆਪਣੇ ਨਾਂ ਕਰ ਲਿਆ। ਇਸ ਵਰਲਡ ਚੈਂਪੀਅਨਸ਼ਿਪ ਵਿੱਚ ਹਾਂਗਕਾਂਗ, ਜਾਪਾਨ, ਬਰਤਾਨੀਆ, ਬ੍ਰਾਜ਼ੀਲ, ਕੈਨੇਡਾ, ਤਾਈਵਾਨ ਤੇ ਇਟਲੀ ਸਮੇਤ ਕਰੀਬ 7 ਦੇਸ਼ਾਂ ਦੇ ਚੋਟੀ ਦੇ ਬੌਕਸਰਾਂ ਨੇ ਹਿੱਸਾ ਲਿਆ।

ਪੰਜਾਬ ਤੋਂ ਪਿੰਡ ਭਲੂਰ ਜ਼ਿਲ੍ਹਾ ਮੋਗਾ ਦੇ ਵਸਨੀਕ ਤਕਦੀਰ ਸਿੰਘ ਦੇ ਪਿਤਾ ਹਰਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੇ ਸਪੁੱਤਰ ਨੇ ਸਾਰੀ ਦੁਨੀਆਂ ਵਿੱਚ ਸਿਰਫ ਉਨ੍ਹਾਂ ਦਾ ਹੀ ਨਹੀਂ ਸਗੋਂ ਸਾਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੁਕਾਬਲੇ ਦੀ ਚਰਚਾ ਇਸ ਲਈ ਵੀ ਵਧੇਰੇ ਹੋ ਰਹੀ ਹੈ ਕਿਉਂਕਿ 58 ਕਿਲੋ ਵਰਗ ਦੇ ਇਸ ਮੁਕਾਬਲੇ ਵਿੱਚ 15 ਸਾਲਾ ਤਕਦੀਰ ਸਿੰਘ ਦਾ ਮੁੱਖ ਮੁਕਾਬਲਾ 37 ਸਾਲਾ ਐਮੀਗੋ ਸ਼ੋਈ ਨਾਲ ਹੋਇਆ।

ਐਮੀਗੋ ਸ਼ੋਈ ਕੋਈ ਆਮ ਬਾਕਸਰ ਨਹੀਂ ਬਲਕਿ ਸ਼ੋਈ 18 ਵਰ੍ਹਿਆਂ ਦੀ ਉਮਰ ਤੋਂ ਬਾਕਸਿੰਗ ਦੀ ਖੇਡ ਵਿੱਚ ਵਿਸ਼ਵ ਪੱਧਰ ‘ਤੇ ਨਾਮਣਾ ਖੱਟ ਰਹੇ ਹਨ। ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਚੈਂਪੀਅਨ ਰਹੇ ਹਨ। ਸਭ ਤੋਂ ਵੱਡੀ ਗੱਲ ਹੈ ਕਿ ਐਮੀਗੋ ਸ਼ੋਈ ਨੂੰ ਅਜਿੱਤ ਸਮਝਿਆ ਜਾਂਦਾ ਸੀ। ਆਪਣੀ ਇਸ ਪ੍ਰਾਪਤੀ ਸਦਕਾ ਤਕਦੀਰ ਦੁਨੀਆ ਭਰ ਦੇ ਅਖਬਾਰਾਂ ਤੇ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version