Site icon Sikh Siyasat News

103 ਸਾਲਾਂ ਦੀ ਬਜੁਰਗ ਬੀਬੀ ਨੇ ਕਰੋਨਾ ਵਾਇਰਸ ਦੀ ਬਿਮਾਰੀ ਨੂੰ ਮਾਤ ਪਾਈ

ਚੰਡੀਗੜ੍ਹ: ਅੱਜ ਦੇ ਸਮੇਂ ਜਦੋਂ ਕਰੋਨੇ ਦੀ ਬਿਮਾਰੀ ਕਾਰਨ ਦੁਨੀਆਂ ਭਰ ਵਿੱਚੋਂ ਖਬਰਾਂ ਆ ਰਹੀਆਂ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਬਜੁਰਗਾਂ ਉੱਪਰ ਇਹ ਬਿਮਾਰੀ ਵੱਧ ਅਸਰ ਕਰਦੀ ਹੈ ਤਾਂ ਅਜਿਹੇ ਮਾਹੌਲ ਵਿੱਚ ਹੀ ਇਰਾਨ ਤੋਂ ਅਜਿਹੀ ਖਬਰ ਆਈ ਹੈ ਜੋ ਕਿ ਇਹ ਦਰਸਾਉਂਦੀ ਹੈ ਕਿ ਚੜ੍ਹਦੀਕਲਾ ਵਾਲਾ ਜੀਵਨ ਜਿਉਣ ਵਾਲਾ ਕਿਸੇ ਵੀ ਉਮਰ ਦਾ ਮਨੁੱਖ ਇਸ ਬੀਮਾਰੀ ਨੂੰ ਮਾਤ ਪਾ ਸਕਦਾ ਹੈ। ਦੱਸ ਦੇਈਏ ਕਿ ਇਸ ਵੇਲੇ ਇਰਾਨ ਕਰੋਨੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਖਿਤਿਆਂ ਵਿੱਚੋਂ ਇੱਕ ਹੈ।

ਇਰਾਨ ਦੀ ਅਧਿਕਾਰਤ ਖਬਰ ਏਜੰਸੀ ਇਸਲਾਮਿਕ ਰਿਪਬਲਿਕ ਨਿਊਜ ਏਜੰਸੀ ਨੇ ਇਹ ਖਬਰ ਨਸ਼ਰ ਕੀਤੀ ਹੈ ਕਿ ਇਰਾਨ ਵਿੱਚ ਇੱਕ 103 ਸਾਲਾਂ ਦੀ ਬਜੁਰਗ ਬੀਬੀ ਕਰੋਨੇ ਦੀ ਬਿਮਾਰੀ ਨੂੰ ਮਾਤ ਦੇ ਕੇ ਰਾਜੀ ਹੋਈ ਹੈ।

ਖਬਰ ਏਜੰਸੀ ਨੇ ਦੱਸਿਆ ਹੈ ਕਿ ਇਹ ਬਜੁਰਗ ਬੀਬੀ ਕਰੋਨੇ ਤੋਂ ਪੀੜਤ ਸੀ ਅਤੇ ਤਕਰੀਬਨ ਇੱਕ ਹਫਤੇ ਤੱਕ ਸੇਮਨਾਨ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਰਹੀ ਜਿਸ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋਣ ਉੱਤੇ ਉਸ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ।

ਬੀਤੇ ਹਫਤੇ ਮੰਗਲਵਾਰ ਵਾਲੇ ਦਿਨ ਸੇਮਨਾਨ ਯੂਨੀਵਰਸਿਟੀ ਦੇ ਮੁਖੀ ਨਾਵੇਦ ਦਨਿਆਈ ਨੇ ਕਿਹਾ ਕਿ ਪੂਰੀ ਤਰ੍ਹਾਂ ਠੀਕ ਹੋ ਜਾਣ ਉੱਤੇ ਇਸ ਬੀਬੀ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ।

ਦੱਸ ਦੇਈਏ ਕਿ ਇਹ ਬੀਬੀ ਈਰਾਨ ਦੀ ਦੂਸਰੀ ਬਹੁਤ ਵਡੇਰੀ ਉਮਰ ਦੀ ਬਜੁਰਗ ਹੈ ਜਿਸ ਨੇ ਕਿ ਕਰੋਨੇ ਨੂੰ ਮਾਤ ਦਿੱਤੀ ਹੈ।

ਇਸ ਤੋਂ ਪਹਿਲਾਂ ਕਿਰਮਾਨ ਵਾਸੀ ਇੱਕ 91 ਸਾਲਾਂ ਦੇ ਬਜੁਰਗ ਵੀ ਕਰੋਨੇ ਦੀ ਬੀਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕਿਆ ਹੈ। ਇਸ ਬਜੁਰਗ ਦੇ ਮਾਮਲੇ ਵਿੱਚ ਇਹ ਗੱਲ ਜਿਕਰਯੋਗ ਹੈ ਕਿ ਇਹ ‘ਹਾਈ ਬਲੱਡ ਪ੍ਰੈਸ਼ਰ’ ਅਤੇ ‘ਅਸਥਮਾ’ ਜਿਹੀਆਂ ਬੀਮਾਰੀਆਂ ਤੋਂ ਵੀ ਪੀੜਤ ਹੈ ਪਰ ਇਸ ਦੇ ਬਾਵਜੂਦ ਵੀ ਇਹ ਕਰੋਨੇ ਨਾਲ ਪੀੜਤ ਹੋਣ ਤੋਂ ਬਾਅਦ ਮੁਕੰਮਲ ਰੂਪ ਵਿੱਚ ਠੀਕ ਹੋ ਗਿਆ।

ਚੀਨ ਵਿੱਚ ਸ਼ੁਰੂ ਹੋਈ ਕਰੋਨਾ ਵਾਇਰਸ ਦੀ ਬੀਮਾਰੀ ਬਾਰੇ ਹੀ ਗੱਲ ਸਾਹਮਣੇ ਆਈ ਹੈ ਕਿ ਇਹ ਸਭ ਤੋਂ ਵੱਧ ਬਜੁਰਗਾਂ ਉੱਪਰ ਅਸਰ ਕਰਦੀ ਹੈ।
ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਅਧਿਕਾਰਤ ਤੌਰ ਉੱਤੇ ਜਾਰੀ ਕੀਤੇ ਗਏ ਅੰਕੜੇ ਦੱਸਦੇ ਹਨ ਕਿ ਹੁਣ ਤੱਕ ਜਿਨ੍ਹਾਂ ਮਰੀਜਾਂ ਨੂੰ ਇਹ ਬੀਮਾਰੀ ਲੱਗੀ ਹੈ ਉਨ੍ਹਾਂ ਵਿੱਚੋਂ ਸਿਰਫ 3% ਕੁ ਲੋਕਾਂ ਦੀ ਹੀ ਮੌਤ ਹੋਈ ਹੈ।

ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਚੀਨ ਦੇ ਅਧਿਕਾਰੀਆਂ ਨਾਲ ਮਿਲ ਕੇ ਤਿਆਰ ਕੀਤੀ ਗਈ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ 80 ਸਾਲ ਤੋਂ ਉੱਪਰ ਦੀ ਉਮਰ ਦੇ ਬਜੁਰਗਾਂ ਵਿੱਚ ਵਿੱਚ ਵੀ ਕਰੋਨਾ ਵਾਇਰਸ ਦੀ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਸਿਰਫ 21.9% ਫੀਸਦੀ ਹੀ ਹੈ।

ਭਾਰਤ ਵਿੱਚ ਵੀ ਹੁਣ ਤੱਕ ਕਰੋਨਾ ਵਾਇਰਸ ਦੀ ਬਿਮਾਰੀ ਵਿੱਚੋਂ ਨਾਲ ਪੀੜਤ ਹੋਏ ਲੋਕਾਂ ਵਿੱਚੋਂ 102 ਲੋਕ ਠੀਕ ਹੋ ਚੁੱਕੇ ਹਨ।

→ ਖਾਸ ਲੇਖ: ਕਰੋਨਾਵਾਇਰਸ ਰੋਗ (ਕੋਵਿਡ-19): ਕਾਰਨ, ਬਚਾਅ ਅਤੇ ਇਲਾਜ

https://www.sikhsiyasat.info/2020/03/coronavirus-reasons-prevention-and-cure/

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version