ਅਹਿਮਦਾਬਾਦ: ਭਾਰਤੀ ਅਦਾਲਤਾਂ ਵਿਚ ਭਾਜਪਾ ਆਗੂਆਂ ਖਿਲਾਫ ਚੱਲ ਰਹੇ ਕੇਸਾਂ ਵਿਚ ਭਾਜਪਾ ਆਗੂਆਂ ਦੀ ਰਿਹਾਈ ਦੇ ਸਿਲਸਿਲੇ ਵਿਚ ਅੱਜ ਇਕ ਹੋਰ ਕੜੀ ਜੁੜ ਗਈ ਜਦੋਂ ਗੁਜਰਾਤ ਵਿਚ 2002 ਵਿਚ ਹੋਏ ਮੁਸਲਿਮ ਕਤਲੇਆਮ ਦੀ ਅਗਵਾਈ ਕਰਨ ਦੇ ਜੁਰਮ ਵਿਚ 28 ਸਾਲ ਦੀ ਸਜ਼ਾ ਭੁਗਤ ਰਹੀ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਮਾਇਆ ਕੋਡਨਾਨੀ ਨੂੰ ਗੁਜਰਾਤ ਹਾਈ ਕੋਰਟ ਨੇ ਬਰੀ ਕਰ ਦਿੱਤਾ।

ਮਾਇਆ ਕੋਡਨਾਨੀ (ਫਾਈਲ ਫੋਟੋ)

ਇਸ ਕੇਸ ਵਿਚ ਇਕ ਹੋਰ ਹਿੰਦੁਤਵੀ ਬਾਬੂ ਬਜਰੰਗੀ ਦੀ ਉਮਰ ਕੈਦ ਦੀ ਸਜ਼ਾ ਨੂੰ ਬਹਾਲ ਰੱਖਦਿਆਂ ਹਾਈ ਕੋਰਟ ਨੇ ਕੇਸ ਦੀ ਦੂਜੀ ਮੁੱਖ ਦੋਸ਼ੀ ਮਾਇਆ ਕੋਡਨਾਨੀ ਖਿਲਾਫ ਸੁਣਾਏ ਗਏ ਹੇਠਲੀ ਅਦਾਲਤ ਦੇ ਫੈਂਸਲੇ ਨੂੰ ਬਦਲਦਿਆਂ ਉਸ ਨੂੰ ਬਰੀ ਕਰ ਦਿੱਤਾ।

ਜਿਕਰਯੋਗ ਹੈ ਕਿ ਨਰੋਦਾ ਪਾਟਿਆ ਕਤਲੇਆਮ ਕੇਸ ਵਿਚ ਪੇਸ਼ੇ ਤੋਂ ਡਾਕਟਰ ਮਾਇਆ ਕੋਡਨਾਨੀ ਨੂੰ 2012 ਵਿਚ ਅਦਾਲਤ ਨੇ 28 ਸਾਲ ਦੀ ਸਜ਼ਾ ਸੁਣਾਈ ਸੀ।

ਨਰੋਦਾ ਪਾਟਿਆ ਅਹਿਮਦਾਬਾਦ ਸ਼ਹਿਰ ਦਾ ਇਕ ਹਿੱਸਾ ਹੈ ਜਿੱਥੇ ਫਰਵਰੀ 2002 ਵਿਚ ਹੋਏ ਮੁਸਲਮਾਨ ਕਤਲੇਆਮ ਮੌਕੇ ਸੈਂਕੜੇ ਮੁਸਲਮਾਨਾਂ ਨੂੰ ਮਾਰਿਆ ਗਿਆ ਸੀ।

ਇਸ ਕੇਸ ਦੀ ਜਾਂਚ ਕਰ ਰਹੀ ਖਾਸ ਜਾਂਚ ਟੀਮ ਨੇ ਕਿਹਾ ਸੀ ਕਿ ਗੋਧਰਾ ਰੇਲ ਅੱਗ ਕਾਂਡ ਜਿਸ ਵਿਚ 57 ਹਿੰਦੁਤਵੀ ਕਾਰਕੁੰਨ ਮਾਰੇ ਗਏ ਸੀ, ਤੋਂ ਇਕ ਦਿਨ ਬਾਅਦ ਮਾਇਆ ਕੋਡਨਾਨੀ ਨੇ ਭੀੜ ਨੂੰ ਮੁਸਲਮਾਨਾਂ ਨੂੰ ਮਾਰਨ ਲਈ ਭੜਕਾਇਆ ਜਿਸ ਨੂੰ ਮੌਕੇ ‘ਤੇ 11 ਗਵਾਹਾਂ ਨੂੰ ਇਹ ਕਰਦੇ ਵੇਖਿਆ। ਗਵਾਹਾਂ ਨੇ ਬਿਆਨ ਦਿੱਤਾ ਸੀ ਕਿ ਮਾਇਆ ਕੋਡਨਾਨੀ ਨੇ ਹਮਲਾਵਰਾਂ ਨੂੰ ਤਲਵਾਰਾਂ ਦਿੰਦਿਆਂ ਮੁਸਲਮਾਨਾਂ ਨੂੰ ਮਾਰਨ ਲਈ ਕਿਹਾ ਤੇ ਇਕ ਮੌਕੇ ਪਿਸਤੌਲ ਤੋਂ ਫਾਇਰ ਵੀ ਕੀਤਾ।

ਹੇਠਲੀ ਅਦਾਲਤ ਨੇ ਫੈਂਸਲਾ ਸੁਣਾਉਂਦਿਆਂ ਕਿਹਾ ਸੀ ਕਿ ਮਾਇਆ ਕੋਡਨਾਨੀ ਨੇ ਕਤਲੇਆਮ ਦੀ ਸਾਰੀ ਨੀਤੀ ਬਣਾਈ ਤੇ ਉਸਨੂੰ ਸਿਰੇ ਚੜਾਇਆ। ਪਰ ਹੁਣ ਹਾਈ ਕੋਰਟ ਨੇ ਫੈਂਸਲੇ ਵਿਚ ਕਿਹਾ ਹੈ ਕਿ 11 ਗਵਾਹਾਂ ਵਿਚੋਂ ਕਿਸੇ ਨੇ ਵੀ ਕੇਸ ਦਰਜ ਹੋਣ ਮੌਕੇ ਮਾਇਆ ਕੋਡਨਾਨੀ ਦਾ ਨਾਮ ਨਹੀਂ ਦਰਜ ਕਰਾਇਆ। ਗਵਾਹਾਂ ਨੇ ਕਿਹਾ ਕਿ ਉਨ੍ਹਾਂ ਮਾਇਆ ਕੋਡਨਾਨੀ ਨੂੰ ਪੁਲਿਸ ਨਾਲ ਗੱਲ ਕਰਨ ਲਈ ਆਪਣੀ ਕਾਰ ਵਿਚੋਂ ਨਿਕਲਦਿਆਂ ਦੇਖਿਆ ਸੀ। ਅਦਾਲਤ ਨੇ ਕਿਹਾ ਕਿ 11 ਗਵਾਹਾਂ ਦੀ ਗਵਾਹੀ ਤੋਂ “ਸਾਜਿਸ਼” ਦੇ ਤੱਥ ਦੀ ਪੁਸ਼ਟੀ ਨਹੀਂ ਹੁੰਦੀ।

ਇਸ ਕਤਲੇਆਮ ਦੀ ਅੰਦਰੂਨੀ ਜਾਣਕਾਰੀ ਸਬੰਧੀ ਸਟਿੰਗ ਆਪਰੇਸ਼ਨ ਕਰਕੇ ਪ੍ਰਕਾਸ਼ਿਤ ਕਰਨ ਵਾਲੀ ਪੱਤਰਕਾਰ ਰਾਣਾ ਆਯੂਬ ਨੇ ਆਪਣੀ ਕਿਤਾਬ ਗੁਜਰਾਤ ਫਾਈਲਜ਼ ਵਿਚ ਵੀ ਮਾਇਆ ਕੋਡਨਾਨੀ ਦਾ ਇਸ ਕਤਲੇਆਮ ਵਿਚ ਹੱਥ ਸਾਹਮਣੇ ਲਿਆਂਦਾ ਸੀ।

ਹਾਈ ਕੋਰਟ ਦੇ ਇਸ ਫੈਂਸਲੇ ਤੋਂ ਬਾਅਦ ਮਾਇਆ ਕੋਡਨਾਨੀ ਨੇ ਟਵੀਟ ਕਰਦਿਆਂ ਕਿਹਾ, “ਭਾਰਤ ਵਿਚ ਇਹ ਰਿਹਾਈਆਂ ਅਤੇ ਬੇਇਨਸਾਫੀਆਂ ਦਾ ਮੌਸਮ ਚੱਲ ਰਿਹਾ ਹੈ”।

Comments

comments