ਨਵੀਂ ਦਿੱਲੀ (4 ਫਰਵਰੀ, 2015): ਪਿਛਲੇ ਸੋਮਵਾਰ ਨੂੰ ਮੋਦੀ ਸਰਕਾਰ ਵੱਲੋਂ ਨਾਮਜ਼ਦ ਕਮੇਟੀ ਦੁਆਰਾ ਸਿੱਖ ਕਤਲੇਆਮ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਉਣ ਦੀ ਸਿਫਾਰਸ਼ ਕਰਨ ਦੇ ਫੈਸਲੇ ਨੂੰ ਵੋਟ ਪ੍ਰਭਾਵਿਤ ਫੈਸਲਾ ਕਹਿ ਕੇ ਭਾਜਪਾ ਵਿਰੋਧੀ ਪਾਰਟੀਆਂ ਨੇ ਸਵਾਲ ਉਠਾਏ ਸਨ।

ਇਨ੍ਹਾਂ ਸਵਾਲਾਂ ‘ਤੇ ਪ੍ਰਤੀਕਰਮ ਕਰਦਿਆਂ ਨਰਿੰਦਰ ਮੋਦੀ ਨੇ ਆਪਣੀ ਰੈਲੀ ‘ਚ ਇਹ ਮੁੱਦਾ ਚੁੱਕਦਿਆਂ ਕਿਹਾ ਕਿ ਕੀ ’84 ਦੇ ਸਿੱਖ ਕਤਲੇਆਮ ਲਈ ਐਸ. ਆਈ. ਟੀ. ਦਾ ਗਠਨ ਨਹੀਂ ਕੀਤਾ ਜਾਣਾ ਚਾਹੀਦਾ ਸੀ, ਤਾਂ ਜੋ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ? ਭਾਜਪਾ ਵੱਲੋਂ ਸਫਾਈ ਪੇਸ਼ ਕਰਦਿਆਂ ਮੋਦੀ ਨੇ ਕਿਹਾ ਕਿ ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਸਾਨੂੰ ਕਿਹਾ ਜਾਂਦਾ ਹੈ ਕਿ ਅਸੀਂ ਚੋਣਾਂ ਕਾਰਨ ਇਹ ਕਰ ਰਹੇ ਹਾਂ।
ਅੱਜ ਰੈਲੀ ਦੌਰਾਨ ਨਰਿੰਦਰ ਮੋਦੀ ਨੇ ਦਿੱਲੀ ਦੇ ਅੰਬੇਡਕਰ ਨਗਰ ਇਲਾਕੇ ਤੋਂ ਦਿੱਲੀ ਦੇ ਚੋਣ ਪ੍ਰਚਾਰ ਦੀ ਆਪਣੀ ਆਖਰੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ 84 ਦੇ ਸਿੱਖ ਕਤਲੇਆਮ ਦੀ ਮੁੜ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਦਾ ਗਠਨ ਵੋਟਾਂ ਲਈ ਨਹੀਂ, ਸਗੋਂ ਇਨਸਾਫ ਲਈ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 23 ਦਸੰਬਰ ਨੂੰ ਸੁਪਰੀਮ ਕੋਰਟ ਦੇ ਸਾਬਕਾ ਜੱਜ ਜੀ. ਪੀ. ਮਾûਰ ਦੀ ਅਗਵਾਈ ‘ਚ ਗਠਿਤ ਕਮੇਟੀ ਨੂੰ ਆਪਣੀ ਰਿਪੋਰਟ ਪੇਸ਼ ਕਰਨ ਲਈ 3 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਸੀ, ਪਰ ਗਠਨ ਦੇ 45 ਦਿਨਾਂ ਦੇ ਅੰਦਰ ਰਿਪੋਰਟ ਪੇਸ਼ ਕਰਨ ਨੂੰ ‘ਸਿਆਸੀ ਫੈਸਲਾ’ ਅਤੇ ਵੋਟ ਪ੍ਰਭਾਵਿਤ ਫੈਸਲਾ ਮੰਨਿਆ ਜਾ ਰਿਹਾ ਹੈ।