ਜਲੰਧਰ (1 ਫਰਵਰੀ,2015): ਪੰਜਾਬ ਪੁਲਿਸ ਵੱਲੋ ਥਾਈਲੈਂਡ ਤੋਂ ਭਾਰਤ ਲਿਆਂਦੇ ਗਏ ਭਾਈ ਜਗਤਾਰ ਸਿੰਘ ਤਾਰਾ ਨੂੰ ਅੱਜ ਪੰਜ ਦਿਨਾ ਰਿਮਾਂਡ ਤੋਂ ਬਾਅਦ ਮੁੜ ਅਦਾਲਤ ‘ਚ ਪੇਸ਼ ਕੀਤਾ ਗਿਆ।

ਅਦਾਲਤ ਨੇ ਜਗਤਾਰ ਸਿੰਘ ਤਾਰਾ ਨੂੰ ਇਕ ਦਿਨ ਦੇ ਹੋਰ ਰਿਮਾਂਡ ‘ਤੇ ਭੇਜ ਦਿੱਤਾ ਹੈ ਹਾਲਾਂਕਿ ਜਲੰਧਰ ਦਿਹਾਤੀ ਪੁਲੀਸ ਨੇ ਅੱਜ ਫਿਰ ਅਦਾਲਤ ਤੋਂ ਪੰਜ ਦਿਨ ਦਾ ਰਿਮਾਂਡ ਦੇਣ ਦੀ ਮੰਗ ਕੀਤੀ ਸੀ।
ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਤਾਰਾ ਨੂੰ ਜਲੰਧਰ ਦੀ ਦਿਹਾਤੀ ਪੁਲੀਸ ਭੋਗਪੁਰ ਥਾਣੇ ‘ਚ ਦਰਜ ਸਾਢੇ ਪੰਜ ਸਾਲ ਪੁਰਾਣੇ ਕੇਸ ‘ਚ ਲੈ ਕੇ ਆਈ ਸੀ। ਪੰਜ ਦਿਨ ਸੀਆਈਏ ਸਟਾਫ ‘ਚ ਪੁੱਛਗਿੱਛ ਕਰਨ ਦੇ ਬਾਵਜੂਦ ਪੁਲੀਸ ਦੇ ਪੱਲੇ ਕੁਝ ਨਹੀਂ ਪਿਆ ਅਤੇ ਇਸੇ ਲਈ ਪੁਲੀਸ ਨੇ ਅਦਾਲਤ ਤੋਂ ਪੰਜ ਦਿਨ ਦੇ ਹੀ ਹੋਰ ਰਿਮਾਂਡ ਦੀ ਮੰਗ ਕੀਤੀ।
ਪੁਲੀਸ ਨੇ ਗੰਗਾਨਗਰ ‘ਚ ਹਥਿਆਰ ਅਤੇ ਕੈਸ਼ ਲੁਕਾਉਣ ਦੇ ਮਾਮਲੇ ਦੀ ਪੜਤਾਲ ਦੀ ਦਲੀਲ ਦਿੰਦਿਆਂ ਅਦਾਲਤ ਤੋਂ ਘੱਟੋ-ਘੱਟ ਪੰਜ ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਪੁਲੀਸ ਦੀ ਦਲੀਲ ਨੂੰ ਨਕਾਰਦਿਆਂ ਸਿਰਫ ਇਕ ਦਿਨ ਦਾ ਰਿਮਾਂਡ ਹੀ ਦਿੱਤਾ।
ਜਗਤਾਰ ਸਿੰਘ ਤਾਰਾ ਦੇ ਵਕੀਲ ਕੇ. ਐਸ. ਹੁੰਦਲ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਇਲਾਕਾ ਜੱਜ ਐਸ. ਕੇ. ਗੋਇਲ ਦੀ ਅਦਾਲਤ ‘ਚ ਪੇਸ਼ ਕੀਤਾ ਤੇ ਪੁਲਿਸ ਨੇ ਅਰਜ਼ੀ ਦਾਖਲ ਕੀਤੀ ਸੀ ਕਿ ਤਾਰਾ ਕੋਲੋਂ ਗੰਗਾਨਗਰ ਤੋਂ ਹਥਿਆਰਾਂ ਦੀ ਬਰਾਮਦਗੀ ਕਰਵਾਈ ਜਾਣੀ ਅਜੇ ਬਾਕੀ ਹੈ।
ਇਸ ਲਈ ਪੰਜ ਦਿਨ ਦਾ ਹੋਰ ਪੁਲਿਸ ਰਿਮਾਂਡ ਦਿੱਤਾ ਜਾਵੇ, ਪਰ ਅਦਾਲਤ ਨੂੰ ਪੁਲਿਸ ਵੱਲੋਂ ਦਿੱਤੀ ਗਈ ਪੰਜ ਦਿਨਾਂ ਦੇ ਹੋਰ ਪੁਲਿਸ ਰਿਮਾਂਡ ਦੀ ਮੰਗ ਨੂੰ ਨਾਮਨਜ਼ੂਰ ਕਰਦੇ ਹੋਏ ਸਿਰਫ ਇਕ ਦਿਨ ਦਾ ਹੋਰ ਪੁਲਿਸ ਰਿਮਾਂਡ ਦਿੱਤੇ ਜਾਣ ਦਾ ਹੁਕਮ ਦਿੱਤਾ।
ਜਗਤਾਰ ਸਿੰਘ ਤਾਰਾ ਦੀ ਅੱਜ ਦੀ ਇਸ ਪੇਸ਼ੀ ਨੂੰ ਲੈ ਕੇ ਅਦਾਲਤ ‘ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।ਇਸ ਦੌਰਾਨ ਅੱਜ ਵੀ ਜਗਤਾਰ ਤਾਰਾ ਦੇ ਸਮਰਥਕ ਅਦਾਲਤ ਦੇ ਬਾਹਰ ਪਹੁੰਚੇ ਤੇ ਉਨ੍ਹਾਂ ਵੱਲੋਂ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਗਏ ।