ਅੰਮ੍ਰਿਤਸਰ (9 ਅਕਤੂਬਰ, 2015): ਦਲ ਖਾਲਸਾ, ਅਕਾਲੀ ਦਲ ਪੰਚ ਪ੍ਰਧਾਨੀ, ਸਿੱਖ ਯੂਥ ਆਫ ਪੰਜਾਬ ਅਤੇ ਸਿਖਜ਼ ਫਾਰ ਹਿਊਮਨ ਰਾਈਟਜ਼ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਦੇ ਮੱਦੇਨਜਰ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਦੀਵਾਲੀ ਤਿਉਹਾਰ ਅਤੇ ਬੰਦੀ ਛੋੜ ਦਿਵਸ ਸਾਦਗੀ ਨਾਲ ਮਨਾਉਣ ਦਾ ਸੱਦਾ ਦਿਤਾ ਹੈ।

ਜਥੇਬੰਦੀਆਂ ਦੇ ਬੁਲਾਰੇ ਕੰਵਰਪਾਲ ਸਿੰਘ ਅਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਹਿਬ ਗੁਰੂ ਗ੍ਰੰਥ ਸਾਹਿਬ ਦੀਆਂ ਲਗਾਤਾਰ ਹੋ ਰਹੀਆਂ ਬੇਅਦਬੀਆਂ ਦੀਆਂ ਘਟਨਾਵਾਂ ਕਾਰਨ ਹਰ ਸਿੱਖ, ਸੋਗ ਅਤੇ ਮਾਨਸਿਕ ਪੀੜਾ ਦੀ ਅਵਸਥਾ ਵਿੱਚ ਹੈ।
ਉਹਨਾਂ ਬੇਨਤੀ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ, ਇਸ ਵਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਮਿਠਿਆਈਆਂ, ਤੋਹਫੇ, ਪਟਾਕੇ ਅਤੇ ਖੁਸ਼ੀਆਂ ਮਨਾਉਣ ਤੋਂ ਗੁਰੇਜ ਕਰਨ। ਉਹਨਾਂ ਹਿੰਦੂ ਤੇ ਮੁਸਲਿਮ ਵੀਰ ਨੂੰ ਵੀ ਸਿੱਖਾਂ ਦੀ ਪੀੜਾ ਦਾ ਅਹਿਸਾਸ ਕਰਨ ਦੀ ਗੁਜਾਰਿਸ਼ ਕੀਤੀ।
ਉਹਨਾਂ ਕਿਹਾ ਕਿ ਸਿੱਖ ਨਾ ਕੇਵਲ ਗੁਰੁੂ ਗ੍ਰੰਥ ਸਾਹਿਬ ਦੀਆਂ ਘਟਨਾਵਾਂ ਕਾਰਨ ਸਗੋਂ ਅਸਲ ਦੋਸ਼ੀਆਂ ਦੇ ਨਾ ਫੜੇ ਜਾਣ ਕਾਰਨ ਵੀ ਮਾਨਸਿਕ ਪੀੜਾ ਵਿਚੋਂ ਲੰਘ ਰਹੇ ਹਨ। ਉਹਨਾਂ ਕਿਹਾ ਅਕਾਲੀ ਸਰਕਾਰ ਅਤੇ ਉਸ ਦੀਆਂ ਸੂਹੀਆ ਏਜੰਸੀਆਂ ਅਸਲ ਦੋਸ਼ੀਆਂ ਦੇ ਨਾਮ ਅਤੇ ਉਹਨਾਂ ਦੇ ਗੂਝੇ ਮਨਸੂਬਿਆਂ ਨੂੰ ਨੰਗਾ ਕਰਨ ਵਿੱਚ ਬੁਰੀ ਤਰਾਂ ਅਸਫਲ ਹੋਈਆਂ ਹਨ। ਉਹਨਾਂ ਕਿਹਾ ਕਿ ਉਹ ਸਮਝਦੇ ਹਨ ਕਿ ਦੀਵਾਲੀ ਹਿੰਦੂਆਂ ਦਾ ਅਹਿਮ ਤਿਉਹਾਰ ਹੈ ਪਰ ਅਸੀਂ ਉਹਨਾਂ ਤੋਂ ਵੀ ਆਸ ਕਰਦੇ ਹਾਂ ਕਿ ਉਹ ਵੀ ਸਿੱਖਾਂ ਦੀ ਪੀੜ ਅਤੇ ਚਿੰਤਾਵਾਂ ਦਾ ਅਹਿਸਾਸ ਕਰਨਗੇ।
ਉਹਨਾਂ ਮੁੜ ਦੁਹਰਾਇਆ ਕਿ ਕੌਮ ਨੂੰ ਸ਼ਰਮਸਾਰ ਕਰਨ ਵਾਲੇ, ਤਖਤ ਦੀ ਮਰਯਾਦਾ ਨੂੰ ਦਾਗ ਲਾਉਣ ਵਾਲੇ ਅਤੇ ਪੰਥ ਦੀ ਭਰੋਸੇਯੋਗਤਾ ਗੁਆ ਚੁੱਕੇ ਗਿਆਨੀ ਗੁਰਬਚਨ ਸਿੰਘ ਨੂੰ ਬਤੌਰ ਅਕਾਲ ਤਖਤ ਜਥੇਦਾਰ ਦਰਸ਼ਨੀ ਦਿਊੜੀ ਤੋਂ 11 ਨਵੰਬਰ ਨੂੰ ਕੌਮ ਦੇ ਨਾਂ ਸੰਦੇਸ਼ ਨਹੀਂ ਦੇਣ ਦਿੱਤਾ ਜਾਵੇਗਾ। ਉਹਨਾਂ ਸਿੱਖ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਬੰਦੀ ਛੋੜ ਦਿਵਸ ਮੌਕੇ ਦਰਬਾਰ ਸਾਹਿਬ ਪਹੁੰਚਣ ਦੀ ਅਪੀਲ ਕੀਤੀ।