ਲੰਡਨ (8 ਜੁਲਾਈ, 2015): ਬਰਤਾਨੀਆਂ ਦੀ ਰਾਜਧਾਨੀ ਲੰਡਨ ਵਿੱਚ ਸਵੇਰੇ ਸੈਰ ਕਰ ਰਹੇ 73 ਸਾਲਾ ਸਿੱਖ ਬੁਜ਼ਰਗ ‘ਤੇ ਹਮਲਾ ਕਰਕੇ ਜ਼ਖਮੀ ਕਰਨ ਦਾ ਸਮਾਚਾਰ ਮਿਲਿਆ ਹੈ।ਇਹ ਹਮਲਾ ਨਸਲੀ ਸੀ ਜਾਂ ਨਹੀਂ ਇਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ।
ਲੰਡਨ ਦੇ ਇਲਾਕੇ ਗੁਡਮੇਅਜ਼ ਇਲਫੋਰਡ ਵਿਖੇ ਇਕ 73 ਸਾਲਾ ਸਿੱਖ ਬਜ਼ੁਰਗ ‘ਤੇ ਇਕ ਵਿਅਕਤੀ ਵੱਲੋਂ ਹਮਲਾ ਕਰਕੇ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਗਿਆ ਹੈ । ਇਹ ਘਟਨਾ 30 ਜੂਨ ਨੂੰ ਸਵੇਰੇ 4 ਵਜੇ ਉਸ ਵੇਲੇ ਵਾਪਰੀ ਜਦੋਂ ਬਜ਼ੁਰਗ ਰਘਬੀਰ ਸਿੰਘ ਵਾਸੀ ਬਲੇਥਸਵੁਡ ਰੋਡ, ਗੁਡਮੇਅਜ਼ ਰੋਜ਼ਾਨਾ ਦੀ ਤਰ੍ਹਾਂ ਸਵੇਰ ਦੀ ਸੈਰ ਕਰ ਰਿਹਾ ਸੀ ।
ਬਜ਼ੁਰਗ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ, ਪਰ ਇਕ ਹਫ਼ਤੇ ਤੋਂ ਉਸ ਦਾ ਇਲਾਜ਼ ਕੁਈਨਜ਼ ਹਸਪਤਾਲ ਰੈਮਫੋਰਡ ਵਿਖੇ ਚੱਲ ਰਿਹਾ ਹੈ । ਇਸ ਸਬੰਧੀ ਰਘਬੀਰ ਸਿੰਘ ਦੀ ਬੇਟੀ ਰਾਜ ਬੋਲੀਨਾ ਨੇ ਕਿਹਾ ਕਿ ਸਾਨੂੰ ਚਿੰਤਾ ਉਸ ਵੇਲੇ ਹੋਈ ਜਦੋਂ 7 ਵਜੇ ਤੱਕ ਉਨ੍ਹਾਂ ਦਾ ਪਿਤਾ ਘਰ ਵਾਪਸ ਨਹੀਂ ਆਇਆ ।
ਪੁਲਿਸ ਨੇ ਇਸ ਮਾਮਲੇ ‘ਚ ਇਕ 41 ਸਾਲਾ ਵਿਅਕਤੀ ਨੂੰ ਗਿ੍ਫਤਾਰ ਕੀਤਾ ਹੈ, ਜਿਸ ਤੋਂ ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ । ਰਘਬੀਰ ਸਿੰਘ ਦਾ ਇਲਾਜ਼ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨਰੋਈ ਸਿਹਤ ਹੋਣ ਕਰਕੇ ਹੀ ਬਚਾਅ ਹੋਇਆ ਹੈ । ਜਾਣਕਾਰੀ ਅਨੁਸਾਰ ਇਸ ਹਮਲੇ ਨੂੰ ਨਸਲੀ ਹਮਲਾ ਨਹੀਂ ਕਿਹਾ ਜਾ ਸਕਦਾ, ਪਰ ਫਿਰ ਵੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੌਕੇ ਦੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ ।
