ਚੰਡੀਗੜ੍ਹ (19 ਨਵੰਬਰ, 2015): ਪੰਜਾਬ ਵਿਧਾਨ ਸਭਾ ਦੀਆਂ ਆ ਰਹੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਇਕੱਲਿਆਂ ਹੀ ਚੋਣ ਲੜੇਗੀ ਅਤੇ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀਂ ਕਰੇਗੀ।ਪੰਜਾਬ ਵਿਧਾਨ ਸਭਾ ਦੀਆਂ ਕੱਲ 117 ਸੀਟਾਂ ‘ਤੇ ਆਪ ਆਪਣੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰੇਗੀ।
‘ਆਮ ਆਦਮੀ ਪਾਰਟੀ ਦੀ ਨੈਸ਼ਨਲ ਆਰਗੇਨਾਈਜੇਸ਼ਨ ਬਿਲਡਿੰਗ ਦੇ ਮੁਖੀ ਦੁਰਗੇਸ਼ ਪਾਠਕ ਨੇ ਖੁਲਾਸਾ ਕੀਤਾ ਕਿ ਪਾਰਟੀ ਨੇ ਭ੍ਰਿਸ਼ਟਾਚਾਰ ਅਤੇ ਘਪਲਿਆਂ ਵਿੱਚ ਡੁੱਬੀ ਰਹੀ ਕਾਂਗਰਸ ਨਾਲ ਪੰਜਾਬ ਚੋਣਾਂ ਦੌਰਾਨ ਕਿਸੇ ਤਰ੍ਹਾਂ ਦਾ ਚੋਣ ਸਮਝੌਤਾ ਨਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਤੋਂ ਇਲਾਵਾ ਪਾਰਟੀ ਸੀਪੀਆਈ ਜਾਂ ਸੀਪੀਐਮ ਜਿਹੀਆਂ ਪਾਰਟੀਆਂ ਨਾਲ ਵੀ ਕਿਸੇ ਤਰ੍ਹਾਂ ਦਾ ਗਠਜੋੜ ਨਹੀਂ ਕਰੇਗੀ।

‘ਆਪ’ ਨੇ ਸੰਕੇਤ ਦਿੱਤਾ ਹੈ ਕਿ ਕਈ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਸਮੇਤ ਪੰਜਾਬ ਦੀਆਂ ਕਈ ਨਾਮਵਰ ਹਸਤੀਆਂ ਪਾਰਟੀ ਵਿੱਚ ਸ਼ਾਮਲ ਹੋਣ ਦਾ ਮਨ ਬਣਾ ਚੁੱਕੀਆਂ ਹਨ ਅਤੇ ਅਗਲੇ ਦਿਨੀਂ ਕਈ ਵੱਡੀਆਂ ਸਿਆਸੀ ਘਟਨਾਵਾਂ ਵਾਪਰਨ ਦੇ ਅਾਸਾਰ ਹਨ। ਪਾਰਟੀ ਨੇ ਸਿਆਸੀ ਆਗੂਆਂ ਦੀ ਥਾਂ ਉੱਚ ਸਮਾਜਕ ਸ਼ਖ਼ਸੀਅਤਾਂ ਨੂੰ ਪਾਰਟੀ ਵਿੱਚ ਲਿਆਉਣ ਦੀ ਰਣਨੀਤੀ ਬਣਾਈ ਹੈ। ਇਸ ਦੇ ਨਾਲ ਹੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਪੰਜਾਬ ਵਿੱਚ ਉਤਾਰ ਕੇ ਇਥੇ ਵੀ ਆਮ ਆਦਮੀ ਦਾ ਝੰਡਾ ਝੁਲਾਉਣ ਦਾ ਮਿਸ਼ਨ ਵਿੱਢਣ ਲੲੀ ਰਣਨੀਤੀ ਬਣਾ ਲਈ ਗੲੀ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਪੰਜਾਬ ਦੀ ਸਥਿਤੀ ਸਾਫ਼ ਹੋ ਗਈ ਹੈ। ਕਾਂਗਰਸ ਪਹਿਲਾਂ ਹੀ ਆਪਣੇ ਘਰੇਲੂ ਕਲੇਸ਼ ਕਾਰਨ ਗਵਾਚ ਚੁੱਕੀ ਹੈ। ਦੂਜੇ ਪਾਸੇ ਪੰਜਾਬੀਆਂ ਨੇ ਬਾਦਲ ਸਰਕਾਰ ਤੋਂ ਖਹਿੜਾ ਛੁਡਾਉਣ ਦਾ ਮਨ ਬਣਾ ਲਿਆ ਹੈ। ੳੁਨ੍ਹਾਂ ਕਿਹਾ ਕਿ ਸਾਲ 2017 ਦੀਆਂ ਚੋਣਾਂ ਲੲੀ ਮੁੱਖ ਮੁਕਾਬਲਾ ‘ਆਪ’ ਅਤੇ ਅਕਾਲੀ ਦਲ-ਭਾਜਪਾ ਗਠਜੋੜ ਵਿਚਕਾਰ ਰਹਿ ਗਿਆ ਹੈ।
ਦੱਸਣਯੋਗ ਹੈ ਕਿ ਅੱਜਕੱਲ੍ਹ ਅਜਿਹੀ ਚਰਚਾ ਚੱਲ ਰਹੀ ਸੀ ਕਿ ਕਾਂਗਰਸ ਅਤੇ ‘ਆਪ’ ਵੱਲੋਂ ਅਕਾਲੀ ਦਲ- ਭਾਜਪਾ ਵਿਰੁੱਧ ਚੋਣ ਗੱਠਜੋੜ ਕਰਨ ਦੀ ਸੰਭਾਵਨਾ ਹੈ। ਸ੍ਰੀ ਪਾਠਕ ਨੇ ਕਿਹਾ ਕਿ ਜੇ ਪਾਰਟੀ ਵਿਧਾਨ ਸਭਾ ਚੋਣਾਂ ਦੌਰਾਨ 100 ਸੀਟਾਂ ਹਾਸਲ ਕਰਨ ਦੇ ਸਮਰੱਥ ਨਾ ਹੋਈ ਤਾਂ ਉਹ ‘ਆਪ’ ਸਮੇਤ ਸਿਆਸਤ ਨੂੰ ਪੂਰੀ ਤਰ੍ਹਾਂ ਅਲਵਿਦਾ ਕਹਿ ਦੇਣਗੇ। ਉਨ੍ਹਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਬਾਦਲ ਪਰਿਵਾਰ ਦਾ ਸਿਆਸੀ ਜੀਵਨ ਖ਼ਤਮ ਹੋਣਾ ਤੈਅ ਹੈ। ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ‘ਆਪ’ ਨੂੰ 24.4 ਫ਼ੀਸਦ ਵੋਟਾਂ ਮਿਲੀਆਂ ਸਨ।
ਪਾਰਟੀ ਵੱਲੋਂ ਪੰਜਾਬ ਦੀ ਕਮਾਂਡ ਸੰਭਾਲ ਰਹੇ ਇਸ 27 ਸਾਲਾ ਨੌਜਵਾਨ ਨੇ ਕਿਹਾ ਕਿ ਪਾਰਟੀ ਨੇ ਚੋਣਾਂ ਦੌਰਾਨ ਪੜ੍ਹੇ ਲਿਖੇ ਨੌਜਵਾਨਾਂ ਨੂੰ ਮੈਦਾਨ ਵਿੱਚ ਉਤਾਰਨ ਦਾ ਫ਼ੈਸਲਾ ਲਿਆ ਹੈ। ਉਂਜ਼ ਪੰਜਾਬ ਇਕਾਈ ਦੇ ਅਹੁਦੇਦਾਰ ਵੀ ਚੋਣ ਲੜ ਸਕਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਚਾਹੁੰਣਗੇ ਤਾਂ ਉਨ੍ਹਾਂ ਨੂੰ ਚੋਣ ਲੜਾਉਣ ’ਤੇ ਪਾਰਟੀ ਵਿਚਾਰ ਕਰੇਗੀ। ਉਨ੍ਹਾਂ ਕਿਹਾ ਸ੍ਰੀ ਕੇਜਰੀਵਾਲ ਦੀ ਪੰਜਾਬ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਹੁਣ ਤੱਕ 13 ਲੋਕ ਸਭਾ ਹਲਕਿਆਂ ਵਿੱਚ ਬਣਾਏ 39 ਸੈਕਟਰਾਂ, 1300 ਸਰਕਲਾਂ ਅਤੇ 22 ਹਜ਼ਾਰ ਬੂਥਾਂ ਲਈ ਪਾਰਟੀ ਦੇ ਪ੍ਰਪੱਕ 25 ਹਜ਼ਾਰ ਦੇ ਕਰੀਬ ਵਾਲੰਟੀਅਰ ਨਿਯੁਕਤ ਕਰ ਦਿੱਤੇ ਗਏ ਹਨ।
ਆਰ.ਆਰ. ਭਾਰਦਵਾਜ ਦੀ ਅਗਵਾਈ ਹੇਠ ਇੱਕ ਟੀਮ ਪੰਜਾਬ ਦੇ ਸਿਹਤ, ਸਿੱਖਿਆ, ਖੇਤੀਬਾੜੀ, ਉਦਯੋਗ, ਵਪਾਰ, ਪੁਲੀਸ, ਰੁਜ਼ਗਾਰ, ਬਿਜਲੀ ਆਦਿ ਮੁੱਦਿਆਂ ਉਪਰ ਪਾਰਟੀ ਦੇ ਟੀਚੇ ਤੈਅ ਕਰ ਰਹੀ ਹੈ ਅਤੇ ਅਗਲੇ ਵਰ੍ਹੇ ਮਾਰਚ ਵਿੱਚ ਇਹ ਖਾਕਾ ਪੇਸ਼ ਕਰ ਕੇ ਚੋਣਾਂ ਦਾ ਬਿਗਲ ਵਜਾ ਦਿੱਤਾ ਜਾਵੇਗਾ। ਨਸ਼ੇ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਮੁੱਖ ਮੁੱਦੇ ਵਜੋਂ ਉਭਾਰਿਆ ਜਾਵੇਗਾ।
