ਨਵੀ ਦਿੱਲੀ (11 ਦਸੰਬਰ,2015): ਪੰਜਾਬ ਵਿਧਾਨ ਸਭਾ ਦੇ 2017 ਵਿੱਚ ਹੋਣ ਵਾਲੀਆਂ ਚੋਣਾਂ ਲਈ ਸਿਆਸੀ ਦੰਗਲ ਭਖ ਗਿਆ ਹੈ। ਪੰਜਾਬ ਦੀ ਸਤਾ ‘ਤੇ ਕਾਬਜ਼ ਹੋਣ ਲਈ ਬਾਦਲ ਦਲ , ਕਾਂਗਰਸ ਅਤੇ ਆਮ ਆਦਮੀ ਪਾਰਟੀ ਆਪੋ ਆਪਣੇ ਦਾਅ ਪੇਚ ਲੜਾ ਰਹੀਆਂ ਹਨ।

ਅੰਗਰੇਜ਼ੀ ਅਖ਼ਬਾਰ ‘ਦ ਟੈਲੀਗ੍ਰਾਫ‘ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੀਆਂ ਚੋਣਾਂ ਜਿੱਤਣ ਲਈ ਵੱਡਾ ਕਦਮ ਚੁੱਕ ਸਕਦੇ ਹਨ। ਅਜਿਹੇ ਹੋਣ ‘ਤੇ ਕੇਜਰੀਵਾਲ ਆਪਣੇ ਭਰੋਸੇਯੋਗ ਮਨੀਸ਼ ਸਿਸੋਦੀਆਂ ਨੂੰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੌਂਪ ਸਕਦੇ ਹਨ।
ਸਿਆਸੀ ਗਲਿਆਰਿਆਂ ਤੋਂ ਚੌਂਕਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਸੂਚਨਾ ਹੈ ਕਿ ਪੰਜਾਬ ਜਿੱਤਣ ਲਈ ਕੇਜਰੀਵਾਲ ਦਿੱਲੀ ਦੇ ਮੁਖ ਮੰਤਰੀ ਦਾ ਅਹੁਦਾ ਛੱਡ ਸਕਦੇ ਹਨ। ਉਨਾਂ ਦੀ ਥਾਂ ਮਨੀਸ਼ ਸਿਸੋਦੀਆ ਵਾਰਸ ਬਣ ਸਕਦੇ ਹਨ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਇਸ ਖ਼ਬਰ ਦਾ ਖੰਡਨ ਕੀਤਾ ਗਿਆ ਹੈ।
ਦਿੱਲੀ ਤੋਂ ਬਾਅਦ ਪੰਜਾਬ ਵਿੱਚ ਹੀ ਆਪ ਨੂੰ ਵੱਡੀ ਉਮੀਦ ਨਜ਼ਰ ਆ ਰਹੀ ਹੈ। ਇਸ ਲਈ ਪਾਰਟੀ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ। ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਹੁਣ ਤੋਂ ਹੀ ਮੁਹਿੰਮ ਵਿੱਢ ਦਿੱਤੀ ਹੈ ਪਰ ਪਾਰਟੀ ਕੋਲ ਕੋਈ ਵੱਡਾ ਚਿਹਰਾ ਨਹੀਂ ਜਿਸ ਨੂੰ ਕੈਪਟਨ ਤੇ ਬਾਦਲ ਦੇ ਮੁਕਾਬਲੇ ਉਭਾਰਿਆ ਜਾ ਸਕੇ। ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਕੇਜਰੀਵਾਲ ਨੂੰ ਮੁਖ ਪ੍ਰਚਾਰਕ ਵਜੋਂ ਪੰਜਾਬ ਦੇ ਮੈਦਾਨ ਵਿੱਚ ਉਤਾਰ ਸਕਦੀ ਹੈ।