ਅੰਮ੍ਰਿਤਸਰ: ਲਗਭਗ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਕੌਮੀ ਕਾਜ਼ ਦੇ ਲੇਖੇ ਲਾਕੇ ਕੇ ਜੇਲ ਵਿੱਚ ਬਿਤਾਉਣ ਵਾਲੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਗ਼ਤਨ ਆਰੰਭੇ ਗਏ ਹਨ। ਪ੍ਰੋ. ਭੁੱਲਰ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਆਖਿਆ ਕਿ ਪੈਰੋਲ ’ਤੇ ਰਿਹਾਈ ਵਾਸਤੇ ਯਤਨ ਸ਼ੁਰੂ ਕਰ ਦਿੱਤੇ ਹਨ ਅਤੇ ਇਸ ਸਬੰਧੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਆਖਿਆ ਕਿ ਚਾਰ ਅਪਰੈਲ ਨੂੰ ਬਟਾਲਾ ਪੁਲੀਸ ਵੱਲੋਂ ਦਰਜ ਕੇਸ ਰੱਦ ਹੋਣ ਮਗਰੋਂ ਅਦਾਲਤ ਨੇ ਭੁੱਲਰ ਨੂੰ ਉਸ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜਲਦੀ ਹੀ ਉਸ ਦੀ ਪੈਰੋਲ ’ਤੇ ਰਿਹਾਈ ਹੋ ਜਾਵੇਗੀ।

ਪ੍ਰੋ. ਭੁੱਲਰ ਦੀ ਰਿਹਾਈ ਲਈ ਥੋੜਾ ਸਮਾਂ ਪਹਿਲਾਂ ਵੀ ਯਤਨ ਹੋਏ ਸਨ ਪਰ ਉਸ ਵੇਲੇ ਬਟਾਲਾ ਅਤੇ ਯੂਪੀ ਕੇਸ ਅੜਿੱਕਾ ਬਣੇ ਸੀ। ਅੰਮ੍ਰਿਤਸਰ ਦੀ ਟਾਡਾ ਅਦਾਲਤ ਵੱਲੋ ਬਟਾਲਾ ਟਾਡਾ ਮਾਮਲਾ ਖਾਰਜ਼ ਕੀਤੇ ਜਾਣ ਤੋਂ ਇਹ ਅੜਿੱਕਾ ਵੀ ਖਤਮ ਹੋ ਗਿਆ ਹੈ।
ਪ੍ਰੋ. ਭੁੱਲਰ ਦੀ ਪਤਨੀ ਬੀਬੀ ਨਵਨੀਤ ਕੌਰ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਉਸ ਨੂੰ ਪੈਰੋਲ ’ਤੇ ਰਿਹਾਈ ਦਿੱਤੀ ਜਾਵੇ ਤਾਂ ਜੋ ਉਸ ਨੂੰ ਘਰ ਵਿੱਚ ਰੱਖਿਆ ਜਾਵੇ ਅਤੇ ਘਰ ਵਰਗਾ ਮਾਹੌਲ ਮਿਲੇ, ਜਿਸ ਨਾਲ ਉਸ ਦੀ ਸਿਹਤਯਾਬੀ ਹੋਰ ਵੀ ਜਲਦੀ ਹੋ ਸਕਦੀ ਹੈ। ਘਰ ਵਿੱਚ ਉਸ ਨੂੰ ਬੇਹਤਰ ਮਾਹੌਲ ਮਿਲੇਗਾ ਅਤੇ ਦੇਖਭਾਲ ਵੀ ਚੰਗੇ ਢੰਗ ਨਾਲ ਹੋ ਸਕੇਗੀ। ਉਨ੍ਹਾਂ ਆਖਿਆ ਕਿ ਬਟਾਲਾ ਕੇਸ ਵਿੱਚੋਂ ਬਰੀ ਕੀਤੇ ਜਾਣ ਤੋਂ ਬਾਅਦ ਪਰਿਵਾਰ ਵਲੋਂ ਪੈਰੋਲ ’ਤੇ ਰਿਹਾਈ ਵਾਸਤੇ ਯਤਨ ਸ਼ੁਰੂ ਕੀਤੇ ਹਨ।
ਇਸ ਦੌਰਾਨ ਇਸ ਦੌਰਾਨ ਕੇਂਦਰੀ ਜੇਲ੍ਹ ਦੇ ਡਿਪਟੀ ਸੁਪਰਡੈਂਟ ਕੁਲਵੰਤ ਸਿੰਘ ਨੇ ਦੱਸਿਆ ਕਿ ਭੁੱਲਰ ਦੀ ਪੈਰੋਲ ’ਤੇ ਰਿਹਾਈ ਸਬੰਧੀ ਦਸਤਾਵੇਜ਼ ਜੇਲ੍ਹ ਪ੍ਰਸ਼ਾਸਨ ਵੱਲੋਂ ਅਗਲੀ ਕਾਰਵਾਈ ਵਾਸਤੇ ਡਿਪਟੀ ਕਮਿਸ਼ਨਰ ਦੇ ਦਫਤਰ ਭੇਜ ਦਿੱਤੇ ਗਏ ਹਨ। ਇਸ ਮਗਰੋਂ ਅਗਲੀ ਕਾਰਵਾਈ ਜ਼ਿਲ੍ਹਾ ਪ੍ਰਸ਼ਾਸਨ ਦੇ ਪੱਧਰ ’ਤੇ ਹੋਵੇਗੀ।
ਇਸ ਵੇਲੇ ਪ੍ਰੋ. ਭੁੱਲਰ ਗੁਰੂ ਨਾਨਕ ਦੇਵ ਹਸਪਤਾਲ ਦੇ ਮਨੋਰੋਗ ਵਾਰਡ ’ਚ ਜ਼ੇਰੇ ਇਲਾਜ ਹੈ। ਉਹ ਸੀਜ਼ੋਫਰੇਨੀਆ ਤੋਂ ਪੀੜਤ ਹੈ ਅਤੇ ਹੁਣ ਸਿਹਤਯਾਬ ਹੋ ਰਿਹਾ ਹੈ। ਬੀਤੇ ਦਿਨ ਮਨੋਰੋਗ ਵਾਰਡ ਦੇ ਮੁਖੀ ਡਾ. ਪੀਡੀ ਗਰਗ ਨੇ ਇਸ ਸਬੰਧੀ ਆਪਣੀ ਰਿਪੋਰਟ ਅਦਾਲਤ ਕੋਲ ਦਿੱਤੀ ਸੀ। ਇਸ ਰਿਪੋਰਟ ਤੋਂ ਬਾਅਦ ਹੀ ਉਸ ਖ਼ਿਲਾਫ਼ ਬਟਾਲਾ ਕੇਸ ਬਾਰੇ ਵਿਸ਼ੇਸ਼ ਟਾਡਾ ਆਦਲਤ ਵਿੱਚ ਸੁਣਵਾਈ ਸ਼ੁਰੂ ਹੋਈ ਸੀ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰਾਂ ਕੋਲੋਂ ਰਿਪੋਰਟ ਮੰਗੀ ਸੀ ਕਿ ਕੀ ਇਸ ਮਾਮਲੇ ਵਿੱਚ ਭੁੱਲਰ ਆਪਣਾ ਪੱਖ ਰੱਖਣ ਦੇ ਯੋਗ ਹੈ।
