ਚੰਡੀਗੜ੍ਹ (8 ਅਕਤੂਬਰ 2015): ਬਦਨਾਮ ਪੁਲਿਸ ਕੈਟ ਤੋਂ ਇੰਸਪੈਕਟਰ ਬਣਕੇ ਕਤਲ ਕੇਸ ਵਿੱਚ ਸਜ਼ਾ ਕੱਟਣ ਵਾਲੇ ਗੁਰਮੀਤ ਪਿੰਕੀ ਵੱਲੋਂ ਦੁਬਾਰਾ ਪੰਜਾਬ ਪੁਲਿਸ ਵਿੱਚ ਆਪਣੀ ਤਾਇਨਾਤੀ ਨੂੰ ਲੈਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਅਰਜ਼ੀ ‘ਤੇ ਸੁਣਵਾਈ ਦੌਰਾਨ ਅਦਾਲਤ ਦੇ ਸਵਾਲਾਂ ਦੇ ਜਵਾਬ ਵਿੱਚ ਪਿੰਕੀ ਦੀ ਬਰਖ਼ਾਸਤਗੀ ਨੂੰ ਅੱਜ ਪੰਜਾਬ ਪੁਲਿਸ ਨੇ ਸਹੀ ਕਰਾਰ ਦਿੱਤਾ ਅਤੇ ਕਿਹਾ ਕਿ ਪਿੰਕੀ ਦੋਸ਼ੀ ਸੀ, ਇਸ ਲਈ ਉਸ ਨੂੰ ਬਰਖ਼ਾਸਤ ਕੀਤਾ ਗਿਆ ।

ਜਵਾਬ ‘ਚ ਪੁਲਿਸ ਨੇ ਇਹ ਵੀ ਕਿਹਾ ਕਿ ਪਿੰਕੀ ਨੂੰ ਡੀ. ਆਈ. ਜੀ. ਲੁਧਿਆਣਾ ਨੇ ਗਲਤੀ ਨਾਲ ਬਹਾਲ ਕਰ ਦਿੱਤਾ ਸੀ । ਆਪਣੀ ਬਰਖ਼ਾਸਤਗੀ ਦੇ ਹੁਕਮਾਂ ਿਖ਼ਲਾਫ਼ ਪਿੰਕੀ ਨੇ ਹਾਈਕੋਰਟ ‘ਚ
ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ ਪੰਜਾਬ ਪੁਲਿਸ ਨੇ ਅੱਜ ਜਸਟਿਸ ਜੀ.ਐਸ. ਸੰਧਾਵਾਲੀਆ ਦੀ ਅਦਾਲਤ ‘ਚ ਆਪਣਾ ਜਵਾਬ ਦਾਇਰ ਕੀਤਾ ।
ਫ਼ਤਹਿਗੜ੍ਹ ਸਾਹਿਬ ਦੇ ਡੀ.ਐਸ.ਪੀ. ਜਤਿੰਦਰ ਸਿੰਘ ਖਹਿਰਾ ਵੱਲੋਂ ਹਲਫ਼ਨਾਮੇ ਦੇ ਰੂਪ ‘ਚ ਜਵਾਬ ਦਾਇਰ ਕੀਤਾ ਗਿਆ । ਜਵਾਬ ‘ਚ ਪੁਲਿਸ ਨੇ ਕਿਹਾ ਕਿ ਡੀ.ਆਈ.ਜੀ. ਲੁਧਿਆਣਾ ਨੇ ਗ਼ਲਤ ਸਮਝ ਲਿਆ ਸੀ ਕਿ ਪਿੰਕੀ ਨੂੰ ਉਸ ਦੀ ਬਰਖ਼ਾਸਤਗੀ ਦਾ ਹੁਕਮ ਨਹੀਂ ਮਿਲਿਆ, ਇਸੇ ਕਾਰਨ ਡੀ.ਆਈ.ਜੀ. ਨੇ ਪਿੰਕੀ ਨੂੰ ਬਹਾਲ ਕਰ ਦਿੱਤਾ ਪ੍ਰੰਤੂ ਆਈ.ਜੀ. ਜਲੰਧਰ ਜੋਨ ਨੇ ਪਿੰਕੀ ਦੀ ਬਹਾਲੀ ਦੇ ਹੁਕਮ ‘ਤੇ ਮੁੜ-ਵਿਚਾਰ ਕਰਕੇ ਡੀ.ਆਈ.ਜੀ. ਦਾ ਹੁਕਮ ਰੱਦ ਕਰ ਦਿੱਤਾ ।
ਜਵਾਬ ‘ਚ ਪੁਲਿਸ ਨੇ ਇਹ ਵੀ ਕਿਹਾ ਕਿ ਪਿੰਕੀ ਐਨਾ ਬੇਖੌਫ਼ ਹੋ ਗਿਆ ਸੀ ਕਿ ਉਸ ਨੇ ਸ਼ਰੇਆਮ ਗੋਲੀਆਂ ਚਲਾਈਆਂ ਤੇ ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਹੋਰ ਜ਼ਖ਼ਮੀ ਹੋ ਗਏ । ਇਸ ਮਾਮਲੇ ‘ਚ ਲੁਧਿਆਣਾ ਡਵੀਜ਼ਨ-5 ਥਾਣੇ ‘ਚ ਅਮਰੀਕ ਸਿੰਘ ਦੀ ਸ਼ਿਾਕਇਤ ‘ਤੇ ਜਨਵਰੀ, 2001 ਨੂੰ ਪਿੰਕੀ ਿਖ਼ਲਾਫ਼ ਕਤਲ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ । ਅਕਤੂਬਰ, 2006 ‘ਚ ਯਮੁਨਾਨਗਰ ਦੇ ਸੈਸ਼ਨ ਜੱਜ ਨੇ ਪਿੰਕੀ ਨੂੰ ਇਸ ਮਾਮਲੇ ‘ਚ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ । ਇਸੇ ਸਜ਼ਾ ਦੇ ਆਧਾਰ ‘ਤੇ ਐਸ. ਐਸ. ਪੀ. ਫਤਹਿਗੜ੍ਹ ਸਾਹਿਬ ਨੇ ਪਿੰਕੀ ਨੂੰ ਸਾਲ 2006 ‘ਚ ਬਰਖ਼ਾਸਤ ਕਰ ਦਿੱਤਾ ਸੀ ।
ਪਿੰਕੀ ਨੇ 7 ਸਾਲ ਕੈਦ ਕੱਟੀ, ਫਿਰ ਬੀਤੇ ਵਰ੍ਹੇ ਪੰਜਾਬ ਦੇ ਰਾਜਪਾਲ ਨੇ ਪਿੰਕੀ ਦੀ ਸਜ਼ਾ ਘੱਟ ਕਰ ਦਿੱਤੀ, ਜਿਸ ਤੋਂ ਬਾਅਦ ਉਹ ਜੇਲ੍ਹ ‘ਚੋਂ ਰਿਹਾਅ ਹੋ ਗਿਆ ।
ਪੁਲਿਸ ਦੇ ਇਸ ਜਵਾਬ ਨੂੰ ਜਸਟਿਸ ਸੰਧਾਵਾਲੀਆ ਨੇ ਰਿਕਾਰਡ ‘ਚ ਲੈਂਦੇ ਹੋਏ ਪਟੀਸ਼ਨ ‘ਤੇ ਸੁਣਵਾਈ 5 ਨਵੰਬਰ ਨੂੰ ਕਰਨ ਦੇ ਹੁਕਮ ਦਿੱਤੇ ।
ਚੇਤੇ ਰਹੇ ਕਿ ਸਾਲ, 2001 ‘ਚ ਪਿੰਕੀ ਨੂੰ ਲੁਧਿਆਣਾ ਦੇ ਇਕ ਨੌਜਵਾਨ ਅਵਤਾਰ ਸਿੰਘ ਦੇ ਕਤਲ ਦੇ ਮਾਮਲੇ ‘ਚ ਦੋਸ਼ੀ ਪਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ । ਪਿੰਕੀ ਦੀ ਸਜ਼ਾ ਮਾਫ਼ੀ ਦੀ ਅਰਜ਼ੀ ਨੂੰ ਸਾਲ 2012 ‘ਚ ਪਹਿਲਾਂ ਹਾਈਕੋਰਟ ਤੇ ਫਿਰ ਬਾਅਦ ਵਿਚ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਸੀ । ਬਾਵਜੂਦ ਇਸ ਦੇ ਪੰਜਾਬ ਸਰਕਾਰ ਨੇ ਬੀਤੇ ਵਰ੍ਹੇ 17 ਜੂਨ ਨੂੰ ਪਿੰਕੀ ਦੀ ਸਜ਼ਾ ਨੂੰ ਮਾਫ਼ ਕਰਦੇ ਹੋਏ ਉਸ ਦੀ ਸਜ਼ਾ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ ਸਨ । ਪਿੰਕੀ ਦੀ ਸਜ਼ਾ ਮਾਫ਼ੀ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ । ਮਈ ਮਹੀਨੇ ‘ਚ ਸਰਕਾਰ ਵੱਲੋਂ ਪਿੰਕੀ ਨੂੰ ਦੁਬਾਰਾ ਇੰਸਪੈਕਟਰ ਦੇ ਅਹੁਦੇ ‘ਤੇ ਬਹਾਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ।
ਪੁਲਿਸ ਕੈਟ ਪਿੰਕੀ ‘ਤੇ ਦੋਸ਼ ਲਗਦੇ ਆਏ ਹਨ ਕਿ ਖਾੜਕੂ ਸਿੱਖ ਸੰਘਰਸ਼ ਦੌਰਾਨ ਪਿੰਕੀ ਨੇ ਪੁਲਿਸ ਹਿਰਾਸਤ ਵਿੱਚ ਸਿੱਖ ਖਾੜਕੂਆਂ ਦੇ ਪਰਿਵਾਰਾਂ ਅਤੇ ਖ਼ਾਸ ਕਰ ਕੇ ਸਿੱਖ ਬੀਬੀਆਂ ‘ਤੇ ਅਣਮਨੁੱਖੀ ਤਸ਼ੱਦਦ ਕੀਤੇ ਸਨ।
