-ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਮੁਖੀ, ਪੰਜਆਬ ਲਾਇਰਜ਼
+91-98554-01843
ਜਗਤਾਰ ਸਿੰਘ ਜੱਗੀ ਜੌਹਲ ਨੂੰ 4 ਨਵੰਬਰ 2017 ਨੂੰ ਠਾਣਾ ਬਾਘਾ ਪੁਰਾਣਾ (ਮੋਗਾ) ਪੁਲਸ ਵਲੋਂ ਜਿਸ ਕੇਸ ਮੁਕੱਦਮਾ ਨੰਬਰ 193/17-12-2026 ਵਿਚ ਰਾਮਾਂ ਮੰਡੀ, ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਕੇਸ ਦਾ ਫੈਸਲਾ 7 ਸਾਲ 4 ਮਹੀਨੇ ਬਾਦ 4 ਮਾਰਚ 2025 ਨੂੰ ਵਧੀਕ ਸੈਸ਼ਨਜ਼ ਜੱਜ ਮੋਗਾ ਸ. ਹਰਜੀਤ ਸਿੰਘ, ਯੂ.ਏ.ਪੀ.ਏ ਸਪੈਸ਼ਲ ਅਦਾਲਤ ਮੋਗਾ ਵਲੋਂ ਕਰ ਦਿੱਤਾ ਗਿਆ, ਜਿਸ ਤਹਿਤ ਜੱਗੀ ਜੌਹਲ ਸਮੇਤ ਪੰਜ ਨੌਜਵਾਨਾਂ ਨੂੰ ਬਰੀ ਕਰ ਦਿੱਤਾ ਗਿਆ ਤੇ 3 ਹੋਰਾਂ ਨੂੰ ਅਸਲਾ ਐਕਟ ਤਹਿਤ 2-2 ਸਾਲ ਦੀ ਸਜ਼ਾ ਤੇ ਰੁਪਏ 3000/- ਜੁਰਮਾਨਾ ਕੀਤਾ ਗਿਆ।
ਕੇਸ ਕੀ ਸੀ ?
17 ਦਸੰਬਰ 2016 ਨੂੰ ਜੰਮੂ ਵਾਸੀ ਤਰਲੋਕ ਸਿੰਘ ਲਾਡੀ ਨਾਮਕ ਨੌਜਵਾਨ ਠਾਣਾ ਬਾਜਾਖਾਨਾ (ਫਰੀਦਕੋਟ) ਅਧੀਨ ਹੋਏ ਡੇਰਾ ਸਿਰਸਾ ਪਰੇਮੀ ਗੁਰਦੇਵ ਇੰਸਾਂ ਦੇ ਕਤਲ ਕੇਸ ਵਿਚ ਪੁਲਸ ਦੇ ਰਿਮਾਂਡ ਵਿਚ ਸੀ ਤੇ ਪੁਲਸ ਨੇ ਉਸਦਾ ਦਾ ਇਕ ਇਕਬਾਲੀਆ ਬਿਆਨ ਲਿਖ ਕੇ ਠਾਣਾ ਬਾਘਾ ਪੁਰਾਣਾ (ਮੋਗਾ) ਦੇ ਇਲਾਕੇ ਵਿਚੋਂ ਇਕ ਪਿਸਤੌਲ਼ ਬਰਾਮਦ ਕੀਤਾ ਤੇ ਇਕ ਨਵਾਂ ਕੇਸ ਅਸਲਾ ਐਕਟ ਅਧੀਨ ਠਾਣਾ ਬਾਘਾ ਪੁਰਾਣਾ ਵਿਚ ਦਰਜ ਕਰਕੇ 20-12-2016 ਨੂੰ ਲਾਡੀ ਦੀ ਗ੍ਰਿਫਤਾਰੀ ਇਸ ਕੇਸ ਵਿਚ ਪਾ ਦਿੱਤੀ ਤੇ ਲਾਡੀ ਦੇ ਚਚੇਰੇ ਭਰਾ ਤਲਜੀਤ ਸਿੰਘ ਜਿੰਮੀ ਜੋ ਉਸ ਸਮੇਂ ਗਲਾਸਗੋ, ਸਕਾਟਲੈਂ, ਯੂ.ਕੇ ਵਿਚ ਰਹਿ ਰਿਹਾ ਸੀ ਨੂੰ ਨਾਮਜ਼ਦ ਕਰ

ਦਿੱਤਾ ਗਿਆ ਤੇ ਯੂ.ਏ.ਪੀ.ਏ ਦੀਆਂ ਧਾਰਾਵਾਂ ਦਾ ਵਾਧਾ ਕਰਕੇ ਜਿੰਮੀ ਦਾ ਐੱਲ.ਓ.ਸੀ ਜਾਰੀ ਕਰ ਦਿੱਤਾ ਗਈ ਤੇ ਜਦੋਂ 31 ਅਕਤੂਬਰ 2017 ਨੂੰ ਜਿੰਮੀ ਦਿੱਲੀ, ਭਾਰਤ ਆਇਆ ਤਾਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੀ ਪੁੱਛ-ਗਿੱਛ ਵਿਚ ਜੱਗੀ ਜੌਹਲ ਦਾ ਨਾਮ ਆਇਆ ਜੋ ਕਿ ਉਸ ਸਮੇਂ ਪਹਿਲਾਂ ਹੀ ਪੰਜਾਬ ਆਇਆ ਹੋਇਆ ਸੀ, ਨੂੰ ਇਸ ਕੇਸ ਵਿਚ 4 ਨਵੰਬਰ 2017 ਨੂੰ ਨਾਮਜਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਫਿਰ ਅੱਗੇ ਤੋਂ ਅੱਗੇ ਅਨੇਕਾਂ ਨੌਜਵਾਨਾਂ ਦੀਆਂ ਨਾਮਜ਼ਦਗੀਆਂ ਤੇ ਗ੍ਰਿਫਤਾਰੀਆਂ ਹੋਈਆਂ ਤੇ ਇਹਨਾਂ ਨੌਜਵਾਨਾਂ ਨੂੰ 2016-2017 ਵਿਚ ਕਤਲ, ਇਰਾਦਾ ਕਤਲ ਦੇ ਅੱਠ ਕੇਸਾਂ ਵਿਚ ਜੋੜ ਦਿੱਤਾ ਗਿਆ।
ਬਰੀ ਕਿਉਂ ਕੀਤਾ?
ਜਦੋਂ ਕੇਸ ਪਏ ਸੀ ਤਾਂ ਵੱਡੇ-ਵੱਡੇ ਦਾਅਵੇ ਕੀਤੇ ਗਏ ਸੀ ਪਰ ਕੇਸ ਬਰੀ ਕਿਹਨਾਂ ਤੱਥਾਂ ਉਪ ਬਰੀ ਹੋ ਗਿਆ। ਅਦਾਲਤ ਨੇ ਫੈਸਲੇ ਵਿਚ ਲਿਖਿਆ ਕਿ ਗਵਾਹੀ ਦੇਣ ਆਏ ਸਾਰੇ ਪੁਲਸ ਅਫਸਰਾਂ ਨੇ ਕਿਹਾ ਕਿ ਜੱਗੀ ਜੌਹਲ ਤੋਂ ਨਾ ਤਾਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਬਰਾਮਦਗੀ ਹੋਈ ਤੇ ਨਾ ਹੀ ਅਜਹਿਾ ਕੋਈ ਗਵਾਹ/ਸਬੂਤ ਸਾਹਮਣੇ ਆਇਆ ਜਿਸ ਤੋਂ ਇਹ ਸਾਬਤ ਹੋਵੇ ਕਿ ਜੱਗੀ ਦਾ ਇਸ ਕੇਸ ਦੇ ਕਿਸੇ ਹੋਰ ਮੁਲਜ਼ਮ ਨਾਲ ਕੋਈ ਲਿੰਕ/ਸਬੰਧ ਹੋਵੇ ਅਤੇ ਉਹਨਾਂ ਨੇ ਇਹ ਵੀ ਮੰਨਿਆ ਕਿ ਜੋ ਜੱਗੀ ਖਿਲਾਫ ਇਲਜਾਮ ਸਨ ਕਿ ਉਸਨੇ 2013-2014 ਵਿਚ ਕਿਸੇ ਸਮੇਂ ਫਰਾਂਸ ਵਿਚ ਜਾ ਕੇ ਹਰਮਿੰਦਰ ਸਿੰਘ ਮਿੰਟੂ ਨੂੰ 3000 ਪੌਂਡ ਦਿੱਤੇ ਸਨ, ਨੂੰ ਵੀ ਸਾਬਤ ਕਰਨ ਲਈ ਕੋਈ ਗਵਾਹ ਜਾਂ ਸਬੂਤ ਨਹੀਂ ਹਨ ਅਤੇ ਉਹਨਾਂ ਇਹ ਵੀ ਮੰਨਿਆ ਕਿ ਅਸੀਂ ਇਹ ਵੀ ਜਾਂਚ ਨਹੀਂ ਕਿ ਜੱਗੀ ਜੌਹਲ ਕਿਹੜੀ ਤਰੀਕ, ਮਹੀਨੇ ਜਾਂ ਸਾਲ ਨੂੰ ਫਰਾਂਸ ਗਿਆ ਸੀ। ਜਿਕਰਯੋਗਹ ਹੈ ਕਿ ਅਦਾਲਤ ਵਲੋਂ ਪੁਲਸ ਵਲੋਂ ਜੱਗੀ ਖਿਲ਼ਾਫ ਰੱਖੇ ਝੂਠੇ ਪ੍ਰਾਈਵੇਟ ਗਵਾਹ ਦੀ ਗਵਾਹੀ ਨੂੰ ਵੀ ਭਰੋਸੇਯੋਗ ਨਹੀਂ ਮੰਨਿਆ ਜਿਸਨੇ ਅਦਾਲਤ ਵਿਚ ਕਿਹਾ ਕਿ ਜੱਗੀ ਅਪਰੈਲ ਜਾਂ ਮਈ 2017 ਵਿਚ ਮੇਰੇ ਕੋਲ ਸੁਲਤਾਨਵਿੰਡ, ਅੰਮ੍ਰਿਤਸਰ ਵਿਚ ਸੁੱਕੇ ਛੱਪੜ ਕੰਢੇ ਆਇਆ ਸੀ ਤੇ ਅੱਤਵਾਦ ਫੈਲਾਉਣ ਦੇ ਯਤਨਾਂ ਵਿਚ ਮਦਦ ਮੰਗੀ ਸੀ ਪਰ ਮੈਂ ਮਨਾਂ ਕਰ ਦਿੱਤਾ ਸੀ ਤੇ ਜੱਗੀ ਦੀ ਗ੍ਰਿਫਤਾਰੀ ਤੋਂ 4 ਮਹੀਨੇ ਬਾਦ ਪੁਲਸ ਨੂੰ ਦੱਸ ਦਿੱਤ ਸੀ। ਉਸ ਪੁਲਸ ਟਾਊਟ ਗਵਾਹ ਨੇ ਕਿਹਾ ਕਿ ਉਹ ਜੱਗੀ ਨੂੰ ਜਿੰਦਗੀ ਵਿਚ ਕੇਵਲ 15 ਮਿੰਟਾਂ ਲਈ ਹੀ ਮਿਲਿਆ ਸੀ ਜਦੋਂ ਜੱਗੀ ਨੇ ਉਸ ਅੱਗੇ ਅੱਤਵਾਦ ਵਿਚ ਸਹਿਯੋਗ ਲਈ ਮਦਦ ਮੰਗੀ ਸੀ ਤੇ ਉਸਦਾ ਇਸ ਤੋਂ ਪਹਿਲਾਂ ਜਾਂ ਬਾਅਦ ਵਿਚ ਕਦੇ ਜੱਗੀ ਨਾਲ ਕਦੇ ਕੋਈ ਨਿੱਜੀ ਜਾਂ ਕਿਸੇ ਰਾਹੀ ਜਾਂ ਫੋਨ ਉਪਰ ਕੋਈ ਸੰਪਰਕ ਨਹੀਂ ਹੋਇਆ। ਇਹ ਵੀ ਜਿਕਰਯੋਗ ਹੈ ਕਿ ਜੱਗੀ ਜੌਹਲ ਦੀ ਗ੍ਰਿਫਤਾਰੀ ਕਾਰਨ ਜਿਹਨਾਂ ਪੁਲਸ ਅਫਸਰਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਪਿੱਠ ਥਾਪੜੀ ਤੇ ਤਰੱਕੀਆਂ ਦਿੱਤੀਆਂ ਸੀ, ਉਹਨਾਂ ਦੀ ਗਵਾਹੀ ਕੇਸ ਵਿਚ ਨਹੀਂ ਰੱਖੀ ਗਈ ਅਤੇ ਜੋ ਪੁਲਸ ਅਫਸਰ ਗਵਾਹੀ ਦੇਣ ਆਏ ਉਹਨਾਂ ਨੂੰ ਨਿਯਮਾਂ ਮੁਤਾਬਕ ਬਣਦੀਆਂ ਤਰੱਕੀਆਂ ਵੀ ਨਹੀਂ ਮਿਲੀਆਂ।
ਕੇਸ ਕਿਉਂ ਪਏ ?
2013 ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਇਕ ਰਿੱਟ ਪਟੀਸ਼ਨ ਚੱਲ ਰਹੀ ਸੀ ਜਿਸ ਅਧੀਨ ਹਾਈ ਕੋਰਟ ਦੀ ਨਿਗਰਾਨੀ ਅਧੀਨ ਪੰਜਾਬ ਵਿਚ ਪੁਲਸ ਤੇ ਡਰੱਗ ਮਾਫੀਆ ਦੇ ਰਲ ਕੇ ਨਸ਼ੇ ਦਾ ਵਪਾਰ ਕਰਨ ਦੀ ਜਾਂਚ ਹੋ ਰਹੀ ਸੀ ਤੇ ਇਸ ਜਾਂਚ ਲਈ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ) ਦਾ ਗਠਨ ਕੀਤਾ ਗਿਆ ਸੀ ਤੇ ਏ.ਡੀ.ਜੀ.ਪੀ (ਐਸ.ਟੀ.ਐਫ) ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਅਧੀਨ ਠਾਣਾ ਐਸ.ਟੀ.ਐਫ, ਸਾਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਚ 12-06-2017 ਨੂੰ ਅਸਲਾ ਐਕਟ ਤੇ ਐਨ.ਡੀ.ਪੀ.ਐਸ ਅਧੀਨ ਮੁੱਕਦਮਾ ਨੰਬਰ 01 ਦਰਜ ਕੀਤਾ ਗਿਆ ਸੀ ਜਿਸ ਵਿਚ ਸੀ.ਆਈ.ਏ ਸਟਾਫ ਜਲੰਧਰ ਦੇ ਇਸਪੈਕਟਰ ਇੰਦਰਜੀਤ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਨਸ਼ਾ ਤੇ ਨਾਜਇਜ ਅਸਲਾ ਬਰਾਮਦ ਕੀਤਾ ਗਿਆ ਅਤੇ ਉਸਦੀ ਜਾਂਚ ਵਿਚ ਐਸ.ਐਸ.ਪੀ ਮੋਗਾ ਰਾਜਜੀਤ ਹੁੰਦਲ ਤੇ ਹੋਰ ਡੀ.ਜੀ.ਪੀ ਪੱਧਰ ਦੇ ਉੱਚ ਪੁਲਸ ਅਧਿਕਾਰੀਆਂ ਦਾ ਨਾਮ ਆਇਆ ਤਾਂ ਪੰਜਾਬ ਦੇ ਪੁਲਸ ਤੇ ਸਿਆਸੀ ਗਲਿਆਰਿਆਂ ਵਿਚ ਖਲਬਲੀ ਮਚਣ ਤੋਂ ਬਾਅਦ ਇਹਨਾਂ ਦਾਗੀ ਪੁਲਸ ਅਫਸਰਾਂ ਨੇ ਸਾਰੀ ਜਾਂਚ ਵਲੋਂ ਧਿਆਨ ਬਦਲਣ ਲਈ ਸਿੱਖ ਨੌਜਵਾਨਾਂ ਉਪਰ ਅੱਤਵਾਦ ਨਾਲ ਸਬੰਧਤ ਮੁਕੱਦਮੇ ਦਰਜ ਕਰਨ ਦੀ ਗਿਣਤੀ ਵਿਚ ਵਾਧਾ ਕੀਤਾ ਤੇ ਉਸ ਸਮੇਂ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਕੇ ਸਿੱਖ ਨੌਜਵਾਨਾਂ ਵਿਚ ਰੋਸ ਵੀ ਸੀ ਤੇ ਜਿਸ ਠਾਣਾ ਬਾਜਾਖਾਨਾ ਦੇ ਕੇਸ ਵਿਚ ਲਾਡੀ ਦੀ ਗ੍ਰਿਫਤਾਰੀ ਸੀ ਉਹ ਕੇਸ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਉਸ ਡੇਰਾ ਸਿਰਸਾ ਪਰੇਮੀ ਗੁਰਦੇਵ ਇੰਸਾ ਦੇ ਕਤਲ ਦਾ ਸੀ ਜਿਸਦੀ ਦੁਕਾਨ ਵਿਚ ਪਹਿਲਾਂ ਗੁਰੂ ਗਰੰਥ ਸਾਹਿਬ ਦੀ ਦਾ ਸਰੂਪ ਨੇੜਲੇ ਗੁਰੂ ਘਰ ਤੋਂ ਚੋਰੀ ਕਰਕੇ ਕਰਕੇ ਰੱਖਿਆ ਗਿਆ ਸੀ ਤੇ ਬਾਅਦ ਵਿਚ ਬਰਗਾੜੀ ਵਿਚ ਉਸੇ ਗੁਰੁ ਸਾਹਿਬ ਜੀ ਦੇ ਸਰੂਪ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਸੀ। ਪੁਲਸ ਨੇ ਆਪਣੇ ਉਘੜਦੇ ਪਾਜ ਨੂੰ ਢੱਕਣ ਲਈ ਜੱਗੀ ਜੌਹਲ ਤੇ ਹੋਰ ਸਿੱਖ ਨੌਜਵਾਨਾਂ ਉਪਰ ਕੇਸ ਦਰਜ ਕੀਤੇ।
ਰਾਜਜੀਤ ਹੁੰਦਲ ਖਿਲ਼ਾਫ ਐਸ.ਟੀ.ਐਫ ਨੇ ਜਾਂਚ ਜਾਰੀ ਰੱਖੀ ਤੇ ਹਾਈ ਕੋਰਟ ਨੇ 28-11-2017 ਨੂੰ ਐਸ.ਟੀ.ਐਫ ਨੂੰ ਰਾਜਜੀਤ ਤੇ ਹੋਰ ਉੱਚ ਅਧਿਕਾਰੀਆਂ ਖਿਲਾਫ ਜਾਂਚ ਪੂਰੀ ਕਰਕੇ ਸਟੇਟਸ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਜਿਸ ਤੇ ਰਾਜਜੀਤ ਹੁੰਦਲ ਨੇ 12-12-2017 ਨੂੰ ਹਾਈ ਕੋਰਟ ਵਿਚ ਪਟੀਸ਼ਨ ਪਾ ਕੇ ਕਿਹਾ ਕਿ ਏ.ਡੀ.ਜੀ.ਪੀ (ਐਸ.ਟੀ.ਐਫ) ਹਰਪ੍ਰੀਤ ਸਿੰਘ ਸਿੱਧੂ ਉਸ ਖਿਲਾਫ ਨਿੱਜੀ ਖੁੰਦਕ ਰੱਖਦੇ ਹਨ ਤੇ ਜਾਂਚ ਦੀ ਅਗਵਾਈ ਬਦਲ ਕੇ ਕਿਸੇ ਹੋਰ ਅਫਸਰ ਨੂੰ ਦਿੱਤੀ ਜਾਵੇ ਤਾਂ ਹਾਈ ਕੋਰਟ ਨੇ 15-12-2017 ਨੂੰ ਡੀ.ਜੀ.ਪੀ (ਐਚ.ਆਰ.ਡੀ) ਸਿਧਾਰਥ ਚਟੋਉਪਾਧਿਆ ਦੀ ਅਗਵਾਈ ਵਿਚ ਸਪੈਸ਼ਲ ਇੰਨਵੈਸਟੀਗੇਟ ਟੀਮ (ਐਸ.ਆਈ.ਟੀ) ਬਣਾਈ ਜਿਸ ਵਿਚ ਦੋ ਹੋਰ ਮੈਂਬਰ ਏ.ਡੀ.ਜੀ.ਪੀ ਪਰਬੋਧ ਕੁਮਾਰ ਤੇ ਆਈ.ਜੀ.ਪੀ (ਏ.ਟੀ.ਐਸ) ਕੁੰਵਰ ਵਿਜੇ ਪਰਤਾਪ ਨੂੰ ਵੀ ਸ਼ਾਮਲ ਕੀਤਾ ਗਿਆ। ਇਸ ਐਸ.ਆਈ.ਟੀ ਨੇ 01-02-2018, 15-03-2018 ਤੇ 08-05-2018 ਨੂੰ ਆਪਣੀਆਂ 3 ਰਿਪੋਰਟਾਂ ਹਾਈ ਕੋਰਟ ਨੂੰ ਸੌਂਪੀਆਂ ਜਿਹਨਾਂ ਮੁਤਾਬਕ ਡੀ.ਜੀ.ਪੀ ਸੁਰੇਸ਼ ਅਰੋੜਾ ਤੇ ਡੀ.ਜੀ.ਪੀ (ਆਈ) ਦਿਨਕਰ ਗੁਪਤਾ ਦੀ ਵੀ ਪੰਜਾਬ ਵਿਚ ਨਸ਼ਾ ਤਸਕਰਾਂ ਨਾਲ ਭਾਈਵਾਲੀ/ਹਿੱਸੇਦਾਰੀ/ਸਰਪ੍ਰਸਤੀ ਸੀ। ਅਜਿਹੇ ਅਫਸਰਾਂ ਨੂੰ ਨਿਯਮਾਂ ਤੋਂ ਉਲਟ ਜਾ ਕੇ ਤਰੱਕੀਆਂ ਤੇ ਅਹੁਦੇ ਦੇਣ ਵਾਲੇ ਸਿਆਸੀ ਲੋਕਾਂ (ਕੈਪਟਨ/ਬਾਦਲ/ਮੋਦੀ) ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਜੱਗੀ ਜੌਹਲ ਤੇ ਹੋਰਾਂ ਸਿੱਖ ਨੌਜਵਾਨਾਂ ਖਿਲਾਫ ਪਰੈਸ ਕਾਨਫਰੰਸ ਕਰਨ ਵਾਲੇ ਡੀ.ਜੀ.ਪੀ ਸੁਰੇਸ਼ ਅਰੋੜਾ, ਡੀ.ਜੀ.ਪੀ (ਆਈ) ਦਿਨਕਰ ਗੁਪਤਾ, ਐਸ.ਐਸ.ਪੀ ਰਾਜਜੀਤ ਹੁੰਦਲ ਤੇ ਕੈਪਟਨ ਅਮਰਿੰਦਰ ਨੇ ਪੰਜਾਬ ਨੂੰ ਨਸ਼ਿਆਂ ਵਿਚ ਧੱਕਣ ਦੀ ਨੀਤੀ ਦਾ ਪਾਜ ਉਘੜਦਾ ਦੇਖ ਐਸੀ ਚਾਲ ਚੱਲੀ ਤੇ ਦਰਸਾਇਆ ਕਿ ਜੇ ਇਹਨਾਂ ਨੌਜਵਾਨਾਂ ਨੂੰ ਨਾ ਗ੍ਰਿਫਤਾਰ ਕੀਤਾ ਜਾਂਦਾ ਤਾਂ ਭਾਰਤ ਦੇਸ਼ ਟੁੱਟ ਜਾਣਾ ਸੀ ਤੇ ਆਪਣੇ ਆਪ ਨੂੰ ਦੇਸ਼ ਦੇ ਵੱਡੇ ਰਖਵਾਲੇ ਹੋਣ ਦਾ ਐਲਾਨ ਕੀਤਾ।
ਅੱਜ ਜਦੋਂ 7 ਸਾਲ 4 ਮਹੀਨੇ ਬਾਅਦ ਜੱਗੀ ਜੌਹਲ ਤੇ ਨੌਜਵਾਨਾਂ ਦਾ ਕੇਸ ਅਦਾਲਤ ਵਿਚ ਮੂਧੇ ਮੂੰਹ ਡਿੱਗ ਚੁੱਕਾ ਹੈ ਤਾਂ ਅੱਜ ਉਸ ਸਮੇਂ ਮੋਗਾ ਜਿਲੇ ਦਾ ਐਸ.ਐਸ.ਪੀ ਰਾਜਜੀਤ ਹੁੰਦਲ ਅਦਾਲਤ ਵਲੋਂ ਨਸ਼ਾ-ਤਸਕਰੀ, ਨਾਜਾਇਜ ਅਸਲੇ ਤੇ ਭਿਸ਼ਟਾਚਾਰ ਦੇ ਦੋਸ਼ਾਂ ਅਧੀਨ ਭਗੌੜਾ ਕਰਾਰ ਕਰ ਦਿੱਤਾ ਜਾ ਚੁੱਕਾ ਹੈ ਅਤੇ ਉਸ ਦੀ ਕਰੋੜਾਂ-ਅਰਬਾਂ ਦੀ ਜਾਇਦਾਦ ਸੀਲ/ਅਟੈਚ ਕਰ ਦਿੱਤੀ ਗਈ ਹੈ ਪਰ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਸੁਰੇਸ਼ ਅਰੋੜਾ ਖਿਲਾਫ ਕੇਸ ਅੱਗੇ ਨਾ ਵੱਧ ਸਕਿਆ ਤੇ ਦਿਨਕਰ ਗੁਪਤਾ ਨੂੰ ਮੋਦੀ ਨੇ ਪਹਿਲਾਂ ਐਨ.ਆਈ. ਦੇ ਮੁਖੀ ਦਾ ਅਹੁਦਾ ਦਿੱਤਾ ਤੇ ਰਿਟਾਇਰ ਹੋ ਕੇ ਸਟੇਟ ਪਾਲਸੀ ਖਾਸ ਕਰ ਦੁਨੀਆਂ ਭਰ ਵਿਚ ਸਿੱਖਾਂ ਖਿਲਾਫ ਬਣਾਈ ਜਾਣ ਵਾਲੀ ਨੀਤੀ-ਘਾੜੇ ਟੋਲੇ ਵਿਚ ਸ਼ਾਮਲ ਕਰ ਰੱਖਿਆ ਹੈ।
ਅਸਲਾ ਕਿੱਥੇ ਗਿਆ?
ਇਸ ਕੇਸ ਵਿਚ ਜੱਗੀ ਜੌਹਲ ਦੇ ਨਾਲ ਤਰਲੋਕ ਸਿੰਘ ਲਾਡੀ, ਧਰਮਿੰਦਰ ਗੁਗਨੀ, ਅਨਿਲ ਕਾਲਾ ਤੇ ਜਗਜੀਤ ਸਿੰਘ ਜੱਗੀ ਵੀ ਬਰੀ ਹੋਏ ਪਰ ਤਲਜੀਤ ਸਿੰਘ ਜਿੰਮੀ, ਹਰਦੀਪ ਸਿੰਘ ਸ਼ੇਰਾ ਤੇ ਰਮਨਦੀਪ ਸਿੰਘ ਬੱਗਾ ਨੂੰ ਧਾਰਾ 25 ਅਸਲਾ ਐਕਟ ਅਧੀਨ 2-2 ਸਾਲ ਸਜਾ ਵੀ ਸੁਣਾਈ ਗਈ ਪਰ ਜਿਕਰਯੋਗ ਗੱਲ ਹੈ ਕਿ ਜਿਹੜੇ 6 ਪਿਸਤੌਲਾਂ ਦੀ ਬਰਾਮਦਗੀ ਅਧੀਨ ਇਹਨਾਂ 3 ਨੌਜਵਾਨਾਂ ਨੂੰ ਸਜ਼ਾ ਸੁਣਾਈ ਗਈ ਉਹ ਪਿਸਤੌਲ ਇਸ ਕੇਸ ਦੌਰਾਨ ਅਦਾਲਤ ਵਿਚ ਨਾ ਤਾਂ ਪੇਸ਼ ਕੀਤੇ ਗਏ ਅਤੇ ਨਾ ਹੀ ਅਜਿਹਾ ਕੋਈ ਰਿਕਾਰਡ ਅਦਾਲਤ ਵਿਚ ਪੇਸ਼ ਕੀਤਾ ਗਿਆ ਕਿ ਇਹ 6 ਪਿਸਤੌਲ ਕਿੱਥੇ ਰੱਖੇ ਗਏ ਹਨ।ਤਾਂ ਫਿਰ ਸਵਾਲ ਉੱਠਣਾ ਜਾਇਜ਼ ਹੈ ਕਿ ਉਹ ਅਸਲਾ ਜਿਸ ਦੀ ਬਰਾਮਦਗੀ ਕਾਰਨ ਇਹਨਾਂ 3 ਨੌਜਵਾਨਾਂ ਨੂੰ ਸਜ਼ਾ ਕੀਤੀ ਗਈ ਉਹ ਹੈ ਕਿੱਥੇ ਹਨ ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਸਲਾ ਅਸਲ ਵਿਚ ਹੈ ਵੀ ਸੀ ਜਾਂ ਫਿਰ ਕਾਗਜਾਂ ਵਿਚ ਬਰਾਮਦਗੀ ਸੀ ਜਾਂ ਫਿਰ ਉਹ ਅਸਲਾ ਅੱਗੇ ਕਿਸੇ ਹੋਰ ਨੌਜਵਾਨ ਉਪਰ ਝੂਠਾ ਕੇਸ ਦਰਜ ਕਰਨ ਲਈ ਵਰਤ ਲਿਆ ਗਿਆ। ਅਜਿਹੀ ਵੱਡੀ ਕੁਤਾਹੀ ਦੇ ਬਾਵਜੂਦ ਵੀ ਅਦਾਲਤ ਵਲੋਂ ਇਹਨਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਜਿਸ ਖਿਲਾਫ ਹਾਈ ਕੋਰਟ ਵਿਚ ਅਪੀਲ ਦਰਜ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ਜਿਸ ਪਿਸਤੌਲ ਦੀ ਬਰਾਮਦਗੀ ਲਾਡੀ ਤੋਂ ਕਰਕੇ ਇਹ ਮੁਕੱਦਮਾ ਦਰਜ ਕੀਤਾ ਗਿਆ ਸੀ ਤਾਂ ਉਹ ਪਿਸਤੌਲ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਪਰ ਅਦਾਲਤ ਨੇ ਲਾਡੀ ਨੂੰ ਉਸ ਪਿਸਤੌਲ ਦੀ ਬਰਾਮਦਗੀ ਵਿਚੋਂ ਬਰੀ ਕਰ ਦਿੱਤਾ ਕਿਉਂਕਿ ਜੋ ਪਿਸਤੌਲ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਉਸਦਾ ਨਾਪ ਉਸ ਪਿਸਤੌਲ ਦੇ ਖਾਕੇ ਨਾਲੋਂ ਵੱਡਾ ਸੀ ਜਿਸ ਤੋਂ ਭਾਵ ਨਿਕਲਦਾ ਹੈ ਕਿ ਜਾਂ ਤਾਂ ਪੇਸ਼ ਕੀਤਾ ਪਿਸਤੌਲ ਉਹ ਨਹੀਂ ਸੀ ਜੋ ਬਰਾਮਦ ਦੱਸਿਆ ਗਿਆ ਤੇ ਜਾਂ ਬਰਾਮਦਗੀ ਸਮੇਂ ਖਾਕਾ ਹੋਰ ਕਿਸੇ ਪਿਸਤੌਲ ਦਾ ਬਣਾ ਦਿੱਤਾ ਗਿਆ ਤੇ ਪੇਸ਼ ਹੋਰ ਕਰ ਦਿੱਤਾ ਗਿਆ ਜਾਂ ਕਿ ਕੋਈ ਬਰਾਮਦਗੀ ਹੋਈ ਹੀ ਨਹੀਂ ਤੇ ਅੰਦਾਜ਼ੇ ਨਾਲ ਹੀ ਖਾਕਾ ਬਣਾ ਦਿੱਤਾ ਗਿਆ ਤੇ ਜਦੋਂ ਅਦਾਲਤ ਵਿਚ ਸੁਣਵਾਈ ਦਾ ਸਮਾਂ ਆਇਆ ਤਾਂ ਜਿਹੜਾ ਪਿਸਤੌਲ ਠਾਣੇ ਪਿਆ ਸੀ ਉਹ ਹੀ ਚੁੱਕ ਲਿਆਏ।
ਤੱਤ:
ਇਸ ਕੇਸ ਦੇ ਫੈਸਲੇ ਤੋਂ ਬਾਅਦ ਜੱਗੀ ਜੌਹਲ ਉਪਰ ਦਰਜ ਬਾਕੀ 8 ਕੇਸਾਂ ਦੀ ਜੜ੍ਹ ਵੱਢੀ ਗਈ ਹੈ ਅਤੇ ਉਹਨਾਂ ਕੇਸਾਂ ਦੇ ਫੈਸਲੇ ਸੰਭਾਵੀ ਤੌਰ ਤੇ ਜੱਗੀ ਜੌਹਲ ਦੇ ਹੱਕ ਵਿਚ ਹੀ ਹੋਣਗੇ ਪਰ ਕਦੋਂ ਆਉਂਣਗੇ ਇਸ ਬਾਰੇ ਕਿਹਾ ਨਹੀਂ ਜਾ ਸਕਦਾ। ਜੱਗੀ ਜੌਹਲ ਉਪਰ ਕੁੱਲ 11 ਮੁਕੱਦਮੇ ਦਰਜ ਕੀਤੇ ਗਏ ਜਿਹਨਾਂ ਵਿਚੋਂ 3 ਬਰੀ ਹੋ ਚੁੱਕੇ ਹਨ ਅਤੇੰ ਬਾਕੀ ਰਹਿੰਦੇ 8 ਕੇਸਾਂ ਵਿਚੋਂ 1 ਕੇਸ ਦੀ ਜਮਾਨਤ ਪਹਿਲਾਂ ਹੀ ਮਿਲ ਚੁੱਕੀ ਹੈ ਅਤੇ ਵਾਹਿਗੁਰੂ ਨੇ ਚਾਹਿਆ ਤਾਂ ਸੁਪਰੀਮ ਕੋਰਟ ਵਲੋਂ ਜੱਗੀ ਜੌਹਲ ਦੀ 7 ਕੇਸਾਂ ਵਿਚ ਜਮਾਨਤ ਦੀ ਪਟੀਸ਼ਨ ਨੂੰ ਪਰਵਾਨ ਕਰਕੇ ਉਸਦੀ ਰਿਹਾਈ ਆਉਂਦੇ ਸਮੇਂ ਵਿਚ ਹੋ ਸਕਦੀ ਹੈ ।
ਨੀਲੇ ਦਾ ਸ਼ਾਹ-ਅਸਵਾਰ ਸਹਾਈ ਹੋਵੇ।