Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਘੱਲੂਘਾਰੇ ਤੋਂ ਲਿਆ ਜਾਣ ਵਾਲਾ ਸਬਕ -ਜਸਪਾਲ ਸਿੰਘ ਹੇਰਾਂ

ਘੱਲੂਘਾਰੇ ਤੋਂ ਲਿਆ ਜਾਣ ਵਾਲਾ ਸਬਕ -ਜਸਪਾਲ ਸਿੰਘ ਹੇਰਾਂ

ਇਤਿਹਾਸ ਦੀਆਂ ਉਹ ਘਟਨਾਵਾਂ ਜਿਹੜੀਆਂ ਸੀਨੇ ਤੇ ਸਦੀਵੀ ਫੱਟ ਛੱਡ ਜਾਂਦੀਆਂ ਹਨ ਅਤੇ ਕੌਮ ਲਈ ਹਲੂਣਾ, ਸਾਬਤ ਹੁੰਦੀਆਂ ਹਨ, ਉਹ ਭੁੱਲਣਯੋਗ ਨਹੀਂ ਹੁੰਦੀਆਂ। ਸਾਕਾ ਦਰਬਾਰ ਸਾਹਿਬ ਵੀ ਸਿੱਖ ਇਤਿਹਾਸ ਦੀ ਅਜਿਹੀ ਘਟਨਾ ਹੈ ਅਤੇ ਇਸ ਸਾਕੇ ਦੀ ਕੌਮ 30ਵੀਂ ਵਰ੍ਹੇ ਗੰਢ ਮਨਾਉਣ ਜਾ ਰਹੀ ਹੈ, ਇਸ ਲਈ ਅਜਿਹੇ ਮੌਕੇ ਇਸ ਸਾਕੇ ਦੇ ਹਲੂਣੇ ਬਾਰੇ ਅਤੇ ਇਸ ਦਿਹਾੜੇ ਤੇ ਲਏ ਜਾਣ ਵਾਲੇ ਸੰਕਲਪ ਸਬੰਧੀ ਕੌਮ ਨੂੰ ਆਪਣੇ ਮਨਾਂ ‘ਚ ਲੇਖਾ-ਜੋਖਾ ਜ਼ਰੂਰ ਕਰਨਾ ਚਾਹੀਦਾ ਹੈ।

ਸਾਕਾ ਦਰਬਾਰ ਸਾਹਿਬ ਨੇ ਸਿੱਖ ਕੌਮ ਦੀ ਮਾਨਸਿਕਤਾ ਉੱਤੇ ਜੋ ਜ਼ਖਮ ਲਗਾਏ ਹਨ ਉਹ ਕਾਫੀ ਡੂੰਘੇ ਅਤੇ ਫੈਸਲਾਕੁੰਨ ਹਨ। ਸਿੱਖ ਕੌਮ ਨੂੰ ਕਦੇ ਉਹ ਜ਼ਖਮ ਭਰਨੇ ਨਹੀਂ ਚਾਹੀਦੇ ਕਿਉਂਕਿ ਕੌਮਾਂ ਦੇ ਇਤਿਹਾਸ ਵਿੱਚ ਕਈ ਜ਼ਖਮ ਸਿਰਜਣਾ ਦਾ ਸੋਮਾ ਹੋ ਨਿਬੜਦੇ ਹਨ। ਸਾਰੇ ਜ਼ਖਮ ਭਰ ਦੇਣ ਦੇ ਕਾਬਲ ਨਹੀਂ ਹੁੰਦੇ। ਕਈ ਜ਼ਖਮ ਜੋ ਮਨੁੱਖ ਦੀ ਹੋਣੀ ਨੂੰ ਪ੍ਰਭਾਵਿਤ ਕਰਦੇ ਹਨ, ਜੋ ਉਸ ਵਿਚ ਗੈਰਤਮੰਦ ਇਨਸਾਨ ਹੋਣ ਦਾ ਜ਼ਜਬਾ ਭਰਦੇ ਹਨ, ਉਹ ਮਨੁੱਖੀ ਇਤਿਹਾਸ ਦੀ ਵਿਰਾਸਤ ਬਣ ਜਾਂਦੇ ਹਨ।

ਜੂਨ 1984 ਦੇ ਜ਼ਖਮ ਵੀ ਸਿੱਖ ਪੰਥ ਦੀ ਵਿਰਾਸਤ ਹਨ। ਵੀਹਵੀਂ ਸਦੀ ਵਿੱਚ ਲੱਗੇ ਇਨ੍ਹਾਂ ਜ਼ਖਮਾਂ ਨੇ ਸਿੱਖਾਂ ਨੂੰ ਇਕ ਵੱਖਰੇ ਨਿਵਕੇਲੇ ਅਤੇ ਧਰਮ ਮਨੁੱਖ ਵਜੋਂ ਸੋਚਣ, ਸਮਝਣ ਅਤੇ ਮਹਿਸੂਸਣ ਦੀ ਸ਼ਕਤੀ ਬਖਸ਼ੀ ਸੀ। ਉਸ ਸਮਝ ਵਿੱਚੋਂ ਹਰ ਕਿਸੇ ਨੇ ਆਪੋ-ਆਪਣੇ ਪ੍ਰਤੀਕਰਮ ਪ੍ਰਗਟ ਕੀਤੇ। ਜੇ ਖੁਸ਼ਵੰਤ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰਾਂ ਨੂੰ ਆਪਣਾ ਵਿਰੋਧ ਜਮਹੂਰੀ ਢੰਗ ਨਾਲ ਪ੍ਰਗਟ ਕੀਤਾ ਤਾਂ ਸਿੱਖ ਜਵਾਨੀ ਦਾ ਇਕ ਵੱਡਾ ਹਿੱਸਾ ਹਥਿਆਰਾਂ ਦੇ ਰਾਹ ਪੈ ਗਿਆ। ਬੇਸ਼ੱਕ ਉਸ ਸਾਕੇ ਦੇ ਪ੍ਰਤੀਕਰਮ ਸਭ ਨੇ ਆਪੋ ਆਪਣੇ ਢੰਗ ਨਾਲ ਕੀਤੇ ਪਰ ਇਸ ਕਾਂਡ ਵਿਰੁੱਧ ਮੂੰਹ ਖੋਲ੍ਹਣ ਵਾਲਿਆਂ ਵਿੱਚ ਇਕ ਗੱਲ ਸਾਂਝੀ ਸੀ ਕਿ ਉਨ੍ਹਾਂ ਸਿੱਖ ਕੌਮ ਦੇ ਹਿੱਸੇ ਵਜੋਂ ਆਪੋ-ਆਪਣੀ ਪ੍ਰਤੀਕਿਰਿਆ ਪ੍ਰਗਟ ਕੀਤੀ।

ਕੌਮ ਘੱਲੂਘਾਰੇ ਦੀ 30ਵੀਂ ਵਰ੍ਹੇਗੰਢ ਮਨਾ ਰਹੀ ਹੈ। ਹਰ ਸਾਲ ਸਿੱਖ ਕੌਮ ਉਸ ਇਤਿਹਾਸਕ ਮੌਕੇ ਸ਼ਹੀਦੀਆਂ ਪਾ ਗਏ ਸਿੱਖਾਂ ਨੂੰ ਸਰਧਾਂਜਲੀਆਂ ਭੇਂਟ ਕਰਕੇ ਆਪਣੀ ਆਤਮਾ ਨੂੰ ਸੰਤੁਸ਼ਟ ਕਰ ਲੈਂਦੀ ਹੈ। ਪੰਥਕ ਧਿਰਾਂ ਵਿੱਚ ਵਾਰ ਵਾਰ ਇਹ ਵਿਚਾਰ ਉੱਠ ਰਿਹਾ ਹੈ ਕਿ ਹੁਣ ਕੀ ਕੀਤਾ ਜਾਵੇ? ਸਿੱਖਾਂ ਨੂੰ ਹੁਣ 30 ਸਾਲ ਬਾਅਦ ਕੀ ਕਰਨਾ ਚਾਹੀਦਾ ਹੈ?

30 ਸਾਲਾਂ ਦੇ ਇਤਿਹਾਸ ਨੇ ਸਿੱਖ ਕੌਮ ਨੂੰ ਫਿਰ ਇਕ ਉਹੋ ਜਿਹੇ ਚੌਰਾਹੇ ਉੱਤੇ ਲਿਆ ਖ਼ੜ੍ਹਾ ਕੀਤਾ ਹੈ ਜਿੱਥੋਂ ਸਿੱਖ ਕੌਮ ਤੁਰੀ ਸੀ। ਅੱਜ ਸਿੱਖ ਕੌਮ ਇਕ ਵਾਰ ਫਿਰ ਹਿੰਦੂ ਅਲਾਮਤਾਂ ਜਾਂ ਕਹਿ ਲਊ ਹਿੰਦੂ ਵਿਚਾਰਧਾਰਕ ਹਮਲੇ ਦਾ ਸ਼ਿਕਾਰ ਹੋ ਕੇ ਹਾਰੀ ਹੋਈ ਮਾਨਸਿਕਤਾ ਨਾਲ ਜੀਅ ਰਹੀ ਹੈ।

ਸਿੱਖ ਸਮਾਜ ਅੱਜ ਸਮਾਜਕ ਅਤੇ ਵਿਚਾਰਧਾਰਕ ਤੌਰ ਤੇ ਜਿੰਨਾ ਗਰਕਣ ਵੱਲ ਵੱਧ ਰਿਹੈ ਏਨਾ ਸ਼ਾਇਦ ਪਹਿਲਾਂ ਕਦੇ ਵੀ ਨਾ ਗਰਕਿਆ ਹੋਵੇ। ਜਿਹੋ ਜਿਹੀਆਂ ਤਬਾਹਕੁੰਨ ਸਮਾਜੀ ਅਲਾਮਤਾਂ ਨੇ ਕੌਮ ਨੂੰ ਘੇਰ ਲਿਆ ਹੈ ਉਹ ਕੌਮ ਦੀ ਹੋਂਦ ਲਈ ਖ਼ਤਰਨਾਕ ਨਹੀਂ ਬਲਕਿ ਅਤਿ ਖ਼ਤਰਨਾਕ ਹਨ।

ਸਿੱਖ ਕੌਮ ਸਮਾਜਕ ਤੌਰ ਤੇ ਅੱਜ ਮੋਹ ਪਿਆਰ ਅਤੇ ਭਾਈਚਾਰਕ ਸਾਂਝ ਦੀਆਂ ਸਾਰੀਆਂ ਹੱਦਾਂ ਤੋੜ ਕੇ ਜਿਵੇਂ ਭੋਗਵਾਦ ਦੀ ਕੁਲਹਿਣੀ ਖੱਡ ਵਿੱਚ ਡਿੱਗ ਰਹੀ ਹੈ, ਇਹ ਇਕ ਵੱਡੇ ਸੰਕਟ ਅਤੇ ਖਤਰਨਾਕ ਭਵਿੱਖ ਦੀਆਂ ਨਿਸ਼ਾਨੀਆਂ ਹਨ।

ਕੌਮ ਦੀ ਰਾਜਸੀ ਲੀਡਰਸ਼ਿਪ ਨੇ ਵਿਕਾਊ ਲੋਕਾਂ ਦੀ ਜੋ ਵੱਡੀ ਭੀੜ ਖੜ੍ਹੀ ਕਰ ਦਿੱਤੀ ਹੈ ਉਹ ਸਿੱਖ ਸਿਧਾਂਤਾਂ, ਸਿੱਖ ਵਿਚਾਰਧਾਰਾ ਅਤੇ ਸਿੱਖ ਸ਼ਹੀਦਾਂ ਦੇ ਸੁਪਨਿਆਂ ਨੂੰ ਟਿੱਚਰਾਂ ਕਰਕੇ ਲੰਘ ਰਹੀ ਹੈ। ਧਰਮ, ਕੌਮ, ਇਤਿਹਾਸ, ਵਿਰਾਸਤ ਅਤੇ ਜ਼ਮੀਰ ਨੂੰ ਜਿਵੇਂ ਕੌਮ ਦੇ ਵੱਡੇ ਹਿੱਸੇ ਨੇ ਵਿਕਣ ਲਈ ਲਗਾ ਦਿੱਤਾ ਹੈ, ਉਸ ਮਾਹੌਲ ਵਿੱਚ ਚੰਗਾ ਸੋਚਣ ਵਾਲਿਆਂ ਦੇ ਰਾਹ ਵਿੱਚ ਕੰਡਿਆਂ ਤੋਂ ਬਿਨਾਂ ਕੁਝ ਨਹੀਂ ਹੈ। ਪਰ ਏਨਾ ਕੁਝ ਤਬਾਹਕੁੰਨ ਵਾਪਰਨ ਦੇ ਬਾਵਜੂਦ ਵੀ ਕੁਝ ਚੰਗਾ ਸੋਚਣ ਵਾਲੇ ਮੁੱਠੀ ਭਰ ਲੋਕਾਂ ਲਈ ਹੌਸਲੇ ਢਾਹੁਣ ਦਾ ਸਮਾਂ ਨਹੀਂ ਹੈ।

ਇਹ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਜੂਨ 1984 ਦੇ ਜ਼ਖਮ ਸਾਡੇ ਲਈ ਪ੍ਰੇਰਨਾ ਦਾ ਸੋਮਾ ਹਨ। ਇਹ ਸਾਡੀ ਬੇਸ਼ਕੀਮਤੀ ਵਿਰਾਸਤ ਹਨ। ਇਨ੍ਹਾਂ ਜ਼ਖਮਾਂ ਦੀ ਪੀੜ ਹੀ ਸਾਡਾ ਰਾਹ ਰੁਸ਼ਨਾ ਸਕਦੀ ਹੈ। ਸਿੱਖ ਕੌਮ ਅੱਜ ਜਿਸ ਕਿਸਮ ਦੀ ਮਾਨਸਿਕ ਗੁਲਾਮੀ ਭੋਗਦੀ ਹੋਈ ਲਗਭਗ ਜਿਵੇ ਂਹਾਰ ਜਿਹੀ ਗਈ ਹੈ ਉਸਦਾ ਵੱਡਾ ਕਾਰਨ ਹੀ ਕੌਮ ਵੱਲੋਂ ਮੁੜ ਹਿੰਦੂ ਤਰਜ਼ੇ-ਜ਼ਿੰਦਗੀ ਨੂੰ ਗਲ ਨਾਲ ਲਾ ਲੈਣ ਦਾ ਹੈ।

ਹਿੰਦੂ ਵਿਚਾਰਧਾਰਾ ਦਾ ਮਨੁੱਖੀ ਮਾਡਲ ਹੀ ਇਨਸਾਨ ਨੂੰ ਜਜ਼ਬੇ ਗੈਰਤ ਅਤੇ ਅਣਖ਼ ਤੋਂ ਹੀਣਾ ਕਰਕੇ ਕੇਵਲ ਪੈਸੇ ਦੇ ਪੁੱਤ ਬਣਕੇ ਜਿਊਣ ਦੀ ਜਾਚ ਦੱਸਦਾ ਹੈ। ਇਹ ਦੂਰ ਬਹਿ ਕੇ ਸ਼ਕਤੀ ਦੀ ਪੂਜਾ ਕਰਨ ਦੀ ਹੀ ਗੱਲ ਕਰਦਾ ਹੈ ਜਦਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਤੇਜ ਧਾਰਕ ਖਾਲਸਾ ਪੰਥ’ ਦੇ ਰੂਪ ਵਿੱਚ ਚਿਤਰਿਆ ਅਤੇ ਸਿਰਜਿਆ ਸੀ।

ਪੰਥਕ ਧਿਰਾਂ ਸਾਹਮਣੇ ਇਹ ਪੂਰੀ ਕੌਮ ਦੀ ਤਰਜੇ ਜ਼ਿੰਦਗੀ ਨੂੰ ਤਬਦੀਲ ਕਰਨ ਦਾ ਵੱਡਾ ਕਾਰਜ ਹੈ ਜਿਸਦੀਆਂ ਅੱਗੇ ਹਜ਼ਾਰਾਂ ਵੰਨਗੀਆਂ ਹਨ। ਧਰਮ, ਰਾਜਨੀਤੀ, ਮੀਡੀਆ, ਬੱਚਿਆਂ ਦੀ ਮਾਨਸਿਕਤਾ ਨੌਜਵਾਨਾਂ ਦੀਆਂ ਰੁਚੀਆਂ ਉਨ੍ਹਾਂ ਦੀ ਪੜ੍ਹਾਈ ਦਾ ਮਾਡਲ ਅਤੇ ਮੂਲ ਰੂਪ ਵਿੱਚ ਵਿਕਾਊ ਜਮੀਰਾਂ ਦੇ ਮੁਕਾਬਲੇ, ਗੈਰਤਮੰਦ ਜਮੀਰਾਂ ਦਾ ਇਕ ਸੁੱਚਾ ਅਤੇ ਪਾਵਨ ਮਾਡਲ ਪੇਸ਼ ਕਰਨਾ ਪੰਥਕ ਧਿਰਾਂ ਦੀਆਂ ਜਿੰਮੇਵਾਰੀਆਂ ਹਨ।

ਉਪਰੋਕਤ ਕੰਮ ਕੁਝ ਦਿਨਾਂ ਜਾਂ ਮਹੀਨਿਆਂ ਦੇ ਨਹੀਂ ਹਨ ਬਲਕਿ ਦਹਾਕਿਆਂ ਦੀ ਲੰਬੀ ਯੋਜਨਾਬੰਦੀ ਸਾਧਨ ਅਤੇ ਵੱਖ-ਵੱਖ ਸੰਸਥਾਵਾਂ ਨੂੰ ਚਲਾਉਣ ਲਈ ਵਿਦਵਾਨਾਂ ਦੇ ਪੈਨਲ ਤਿਆਰ ਕਰਨੇ ਬਹੁਤ ਵੱਡੇ ਕਾਰਜ ਹਨ।

ਰਾਜਨੀਤਿਕ ਖੇਤਰ ਵਿੱਚ ਸ਼ਹੀਦਾਂ ਦੇ ਸੁਪਨਿਆਂ ਦੇ ਅੰਗ ਸੰਗ ਰਹੀ ਈਮਾਨਦਾਰ ਅਤੇ ਵਿਚਾਰਵਾਨ ਲੀਡਰਸ਼ਿਪ ਦੇ ਘੱਟੋ ਘੱਟ ਤਿੰਨ ਪੂਰ ਪੈਦਾ ਕਰਨ ਦੀ ਚੁਣੌਤੀ ਵੀ ਪੰਥਕ ਧਿਰਾਂ ਦੇ ਸਾਹਮਣੇ ਦਰਪੇਸ਼ ਹੈ। ਸਿੱਖੀ ਦੇ ਪ੍ਰਚਾਰ ਦੇ ਨਾਂ ਤੇ ਕੌਮ ਨੂੰ ਹਿੰਦੂ ਧਾਰਾ ਵੱਲ ਧੱਕ ਰਹੇ ਸਾਧਾਂ ਦੀ ਦੁਕਾਨਦਾਰੀ ਬੰਦ ਕਰਵਾ ਕੇ ਸਿੱਖ ਧਰਮ ਦੀ ਨਵੀਂ ਅਤੇ ਨਿਵੇਕਲੀ ਵਿਚਾਰਧਾਰਕ ਪਰਿਭਾਸ਼ਾ ਕੌਮ ਨੂੰ ਦੇਣ ਦਾ ਕਾਰਜ ਵੀ ਸਾਡੇ ਸਾਹਮਣੇ ਦਰਪੇਸ਼ ਹੈ।

ਰਹਿਤ ਮਰਯਾਦਾ ਦੇ ਨਾਮ ਤੇ ਲਗਾਈਆਂ ਗਈਆਂ, ਅਣਮਨੁੱਖੀ ਪਾਬੰਦੀਆਂ ਬਾਰੇ ਵੀ ਨਵੀਂ ਵਿਚਾਰਧਾਰਕ ਪਹੁੰਚ ਅਪਨਾਉਣੀ ਪਵੇਗੀ, ਕੌਮਾਂਤਰੀ ਪੱਧਰ ਉੱਤੇ ਇਸ ਸਮੇਂ ਜੋ ਤੇਜ਼ ਤਬਦੀਲੀਆਂ ਵਾਪਰ ਰਹੀਆਂ ਹਨ ਉਨ੍ਹਾਂ ਦਾ ਗਹਿਰ ਗੰਭੀਰ ਅਧਿਐਨ ਕਰਕੇ ਉਸ ਸਬੰਧੀ ਸਿੱਖ ਕੌਮ ਦੀ ਨੀਤੀ ਅਤੇ ਸਿੱਖ ਹਿੱਤਾਂ ਅਨੁਸਾਰ ਉਨ੍ਹਾਂ ਦੀ ਪੇਸ਼ਕਾਰੀ ਕਰਨ ਦਾ ਕਾਰਜ ਵੀ ਕਾਫੀ ਜਿੰਮੇਵਾਰੀ ਦੀ ਮੰਗ ਕਰਦਾ ਹੈ।

ਇਸ ਵੇਲੇ ਕੌਮਾਂਤਰੀ ਸਥਿਤੀਆਂ ਦੇ ਸਬੰਧ ਵਿੱਚ ਬਹੁਤੇ ਸਿੱਖ ਵਿਦਵਾਨ ਭਾਵੁਕਤਾ ਵਿੱਚੋਂ ਹੀ ਬਹੁਤੀਆਂ ਪੁਜੀਸ਼ਨਾਂ ਲੈ ਰਹੇ ਹਨ, ਜੋ ਕੌਮਾਂਤਰੀ ਤੌਰ ਤੇ ਸਿੱਖ ਮਸਲੇ ਨੂੰ ਖਰਾਬ ਕਰਨ ਦਾ ਹੀ ਕਾਰਜ ਕਰ ਰਹੀਆਂ ਹਨ। ਸਿੱਖਾਂ ਦੀ ਹੋਣੀ ਨਾਲ ਜੁੜੇ ਹੋਏ ਇਸ ਗੰਭੀਰ ਮਸਲੇ ਸਬੰਧੀ ਪੁਜੀਸ਼ਨਾਂ ਲੈਣ ਖਾਤਰ ਇਕ ਕੌਮਾਂਤਰੀ ‘ਸਿੱਖ ਥਿੰਕ ਟੈਂਕ’ ਉਸਾਰਨਾ ਪੰਥਕ ਲੀਡਰਸ਼ਿਪ ਦੀ ਅਹਿਮ ਜਿੰਮੇਵਾਰੀ ਹੈ।

ਸਿੱਖ ਮੀਡੀਆ ਵੀ ਸਿੱਖਾਂ ਦੀਆਂ ਤਰਜੀਹਾਂ ਵਿੱਚ ਸ਼ਾਮਲ ਹੈ। ਹਿੰਦੂ ਵਿਚਾਰਧਾਰਕ ਹਮਲਾ ਜਿੰਨੇ ਵੀ ਪਾਸਿਆਂ ਤੋਂ ਸਿੱਖਾਂ ਉੱਤੇ ਆਪਣੀਆਂ ਗੋਲੀਆਂ ਦਾਗ ਰਿਹਾ ਹੈ ਉਨ੍ਹਾਂ ਸਾਰਿਆਂ ਮੋਰਚਿਆਂ ਉੱਤੇ ਗ਼ੈਰਤਮੰਦ ਅਤੇ ਚਿਤਨ ਸਿੱਖਾਂ ਨੂੰ ਆਪਣੀ ਲੜਾਈ ਦੇਣੀ ਪਵੇਗੀ। ਇਸ ਸਮੁੱਚੀ ਲੜਾਈ ਲਈ ਪ੍ਰੇਰਨਾ ਸਾਨੂੰ ਜੂਨ 1984 ਦਾ ਘੱਲੂਘਾਰਾ ਦੇ ਗਿਆ ਹੈ ਹੁਣ ਸਿਰਫ ਗੁਰੂ ਦੇ ਸੱਚੇ ਸਿੱਖ ਹੋਣ ਦੇ ਨਾਤੇ ਉਨ੍ਹਾਂ ਸ਼ਹੀਦਾਂ ਦੇ ਸੰਦੇਸ਼ ਨੂੰ ਕੰਨ ਲਾ ਕੇ ਸੁਣਨ ਅਤੇ ਉਸਨੂੰ ਵਿਚਾਰਧਾਰਕ ਤੌਰ ਤੇ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ।

ਸ੍ਰ. ਜਸਪਾਲ ਸਿੰਘ ਹੇਰਾਂ ਪੰਜਾਬੀ ਅਖਬਾਰ ਪਹਿਰੇਦਾਰ ਦੇ ਮੁੱਖ ਸੰਪਾਦਕ ਹਨ ।ਉਪਰੋਕਤ ਲਿਖਤ ਪਹਿਰੇਦਾਰ ਦੇ 3 ਜੂਨ ਦੇ ਅੰਕ ਵਿੱਚੋਂ ਧੰਨਵਾਦ ਸਾਹਿਤ ਪ੍ਰਕਾਸ਼ਿਤ ਕਰ ਰਹੇ ਹਾਂ। 

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ 65 ਤੋਂ ਵੱਧ ਹੋਰ ਗੁਰਦੁਆਰਿਆਂ 'ਤੇ ਹੋਏ ਫੌਜੀ ਹਮਲਿਆਂ ਦੀ ਸੱਚਾਈ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਨੂੰ ਉਜਾਗਰ ਕਰਦੀ ਖੋਜ ਭਰਪੂਰ ਕਿਤਾਬ ਹੁਣ
ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ ਨੁਮਾਇੰਦਿਆਂ ਨੇ ਅਜ਼ਰਬਾਈਜਾਨ ਦੇ ਬਾਕੂ ਵਿੱਚ ਉੱਚ-ਪੱਧਰੀ ਮੁਲਾਕਾਤਾਂ ਰਾਹੀਂ ਸਿੱਖ ਕੂਟਨੀਤੀ, ਕੌਮਾਂਤਰੀ ਹਮਾਇਤ ਅਤੇ ਆਤਮ-ਨਿਰਣੈ ਦੇ ਹੱਕ ਪ੍ਰਤੀ ਵਿਸ਼ਵ-ਵਿਆਪੀ ਜਾਗਰੂਕਤਾ ਨੂੰ ਮਜ਼ਬੂਤ ਕਰਨ ਵੱਲ ਅਹਿਮ ਕਦਮ
ਸਿੱਖ ਇਤਿਹਾਸ ਵਿੱਚ ਤੀਜੇ ਘੱਲੂਘਾਰੇ ਵਜੋਂ ਯਾਦ ਕੀਤੇ ਜਾਦੇ ੧੯੮੪ ਦੇ ਘਟਨਾਕ੍ਰਮ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਨੂੰ ਸਮਰਪਿਤ ਕਿਤਾਬ ‘ਜਾਂਬਾਜ਼ ਰਾਖਾ’ ਮਿਤੀ 2 ਨਵੰਬਰ 2025 ਨੂੰ ਤਖਤ
ਕਿਤਾਬ “ਜਾਂਬਾਜ ਰਾਖਾ” ਅਨੁਸਾਰ ਸੰਨ 1984 ਦੀ ਸਿੱਖ ਨਸਲਕੁਸ਼ੀ ਕੋਈ ਅਚਾਨਕ ਵਾਪਰੀਆਂ ਘਟਨਾਵਾਂ ਨਹੀਂ ਸਨ, ਸਗੋਂ ਇਹ ਇੱਕ ਸੋਚੀ-ਸਮਝੀ, ਯੋਜਨਾਬੱਧ ਨਸਲਕੁਸ਼ੀ ਸੀ। ਸਿੱਖਾਂ ਨਸਲਕੁਸ਼ੀ ਰਾਜਨੀਤਿਕ ਮੁਫਾਦਾਂ ਲਈ ਕੇਂਦਰ ਸਰਕਾਰ, ਖਾਸ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: