
ਪਟਿਆਲਾ (26 ਦਸੰਬਰ, 2015): ਪਿਛਲੇ ਦਿਨੀ ਪਟਿਆਲਾ ਦੀ ਕੇਂਦਰੀ ਜੇਲ ਵਿੱਚ ਪੱਤਰਕਾਰ ਕੰਵਰ ਸੰਧੂ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਘਟਨਾਕ੍ਰਮ ਸਬੰਧੀ ਪੁਲਿਸ ਨੇ ਪਰਚਾ ਦਰਜ਼ ਕਰ ਲਿਆ ਹੈ।
ਪੁਲਿਸ ਨੇ ਛੇ ਜੇਲ ਮੁਲਾਜ਼ਮਾਂ ‘ਤੇ ਰਿਕਾਰਡ ਨਾਮ ਛੇੜਛਾੜ ਦਾ ਮਾਮਲਾ ਦਰਜ਼ ਕੀਤਾ ਗਿਆ ਹੈ।ਇਹ ਕੇਸ 6 ਜੇਲ੍ਹ ਕਰਮਚਾਰੀਆਂ ‘ਤੇ ਭਾਰਤੀ ਦੰਡਾਵਲੀ ਦੀ ਧਾਰਾ 166, 167, 218, 465, 466, 468, 471, 120 ਬੀ ਅਤੇ ਜੇਲ੍ਹ ਕਾਨੂੰਨ ਦੀ ਧਾਰਾ 54 ਤਹਿਤ ਦਰਜ ਕੀਤਾ ਗਿਆ ਹੈ ।
ਜਿਨ੍ਹਾਂ ‘ਤੇ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ‘ਚ ਸਹਾਇਕ ਜੇਲ੍ਹ ਨਿਗਰਾਨ ਜਗਮੇਲ ਸਿੰਘ, ਕੇਵਲ ਸਿੰਘ, ਨਿਰਭੈ ਸਿੰਘ, ਮਨੀ ਸਿੰਘ, ਦਰਸ਼ਨ ਸਿੰਘ ਤੇ ਜਰਨੈਲ ਸਿੰਘ ਸ਼ਾਮਿਲ ਹਨ ।

ਮੁੱਢਲੀ ਤਫ਼ਤੀਸ਼ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਕੰਵਰ ਸੰਧੂ ਦੀ ਜੇਲ੍ਹ ਅੰਦਰ ਮੁਲਾਕਾਤ ਲਈ ਸਹੀ ਢੰਗ ਨਹੀਂ ਅਪਣਾਇਆ ਗਿਆ ।ਜੇਲ੍ਹ ਦੇ ਸੀਨੀਅਰ ਅਧਿਕਾਰੀਆਂ ਨੇ ਆਪਣੀ ਰਿਪੋਰਟ ‘ਚ ਲਿਖਿਆ ਹੈ ਕਿ ਕੰਵਰ ਸੰਧੂ ਦੀ ਮੁਲਾਕਾਤ ਅਣਅਧਿਕਾਰਤ ਸੀ ।ਇਹ ਵੀ ਕਿਹਾ ਗਿਆ ਹੈ ਕਿ ਕੰਵਰ ਸੰਧੂ ਦੀ ਮੁਲਾਕਾਤ ਪਹਿਲਾਂ ਦਰਜ ਨਹੀਂ ਕੀਤੀ ਗਈ ਤੇ ਬਾਅਦ ‘ਚ ਸਹੀ ਦਰਸਾਉਣ ਲਈ ਰਿਕਾਰਡ ਨਾਲ ਕਥਿਤ ਛੇੜਛਾੜ ਕੀਤੀ ਗਈ ਤਾਂ ਜੋ ਮੁਲਾਕਾਤ ਸਹੀ ਦਰਸਾਈ ਜਾ ਸਕੇ ।
ਇਸ ਸਬੰਧੀ ਹਾਲੇ ਕੋਈ ਗਿ੍ਫ਼ਤਾਰੀ ਨਹੀਂ ਹੋਈ ਦੱਸੀ ਜਾਂਦੀ ਹੈ ।ਇਸ ਸਬੰਧੀ ਜਦੋਂ ਥਾਣਾ ਤਿ੍ਪੜੀ ਦੇ ਮੁਖੀ ਰਾਜੇਸ਼ ਛਿੱਬੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਮਾਮਲੇ ਦੇ ਸਾਰੇ ਰਿਕਾਰਡ ਨੂੰ ਕਬਜ਼ੇ ‘ਚ ਲੈ ਕੇ ਉਸ ਦੀ ਪੂਰੀ ਘੋਖ ਕਰੇਗੀ ।ਉਨ੍ਹਾਂ ਦੱਸਿਆ ਕਿ ਰਿਕਾਰਡ ਘੋਖਣ ਤੋਂ ਬਾਅਦ ਹੀ ਉਹ ਅਗਲੀ ਕਾਰਵਾਈ ਕਰਨਗੇ ।