ਨਵੀਂ ਦਿੱਲੀ (27 ਨਵੰਬਰ, 2015): ਲੰਮੇ ਸਮੇਂ ਤੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਚੱਲ ਰਹੀ ਜ਼ੋਰ ਅਜਮਾਈ ਅਤੇ ਰੇੜਕਾ ਖਤਮ ਕਰਦਿਆਂ ਕਾਂਗਰਸ ਦੀ ਕੇਂਦਰੀ ਹਾਈਕਮਾਨ ਨੇ ਪੰਜਾਬ ਕਾਂਗਰਸ ਦੀ ਕਮਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ।

ਪੰਜਾਬ ਵਿਧਾਨ ਸਭਾ ਦੀਆਂ ਆ ਰਹੀਆਂ 2017 ਦੀਆਂ ਚੋਣਾਂ ਵਿੱਚ ਬਾਦਲ ਦਲ ਨੂੰ ਮਾਤ ਦੇਣ ਅਤੇ ਪੰਜਾਬ ਵਿੱਚ ਉੱਭਰੀ ਨਵੀਂ ਪਾਰਟੀ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨ ਲਈ ਲੰਮੀ ਸੋਚ ਵਿਚਾਰ ਤੋਂ ਬਾਅਦ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆਂ ਗਾਂਧੀ ਨੇ ਇੱਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿੱਚ ਪਾਰਟੀ ਦੀ ਵਾਗਡੋਰ ਸੌਂਪ ਦਿੱਤੀ ਹੈ।
ਆਮ ਇਹ ਮੰਨਿਆਂ ਜਾਂਦਾ ਹੈ ਕਿ ਬਾਦਲਾਂ ਦਾ ਮੁਕਾਬਲਾ ਕਰਨ ਲਈ ਕਾਂਗਰਸ ਵਿੱਚ ਜੇ ਕੋਈ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਹੀ ਹਨ। ਪਾਰਟੀ ਦੇ ਹੋਰ ਆਗੂਆਂ ਨਾਲੋਂ ਉਨ੍ਹਾਂ ਦਾ ਜਨਤਕ ਅਧਾਰ ਕਾਫੀ ਮਜ਼ਬੂਤ ਹੈ।ਉਹ ਇੱਕ ਧੜੱਲੇਦਾਰ ਆਗੂ ਵਜੋਂ ਜਾਣੇ ਜਾਂਦੇ ਹਨ।
ਕੈਪਟਨ ਅਮਰਿੰਦਰ ਸਿੰਘ ਪੂਰੇ ਭਾਰਤ ਵਿੱਚ ਹਾਸ਼ੀਏ ਤੇ ਜਾ ਚੁੱਕੀ ਕਾਂਗਰਸ ਨੂੰ ਪੰਜਾਬ ਵਿੱਚ ਕਿੰਨਾ ਕੂ ਹੁਲਾਰਾ ਦਿੰਦੇ ਹਨ ਇਹ ਤਾਂ ਸਾਲ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਦੱਸਣਗੀਆਂ।