ਜਲੰਧਰ (9 ਮਾਰਚ, 2016): ਰਾਜ ਸਭਾ ਦੀਆਂ ਪੰਜਾਬ ਤੋਂ ਖਾਲੀ ਹੋਣ ਵਾਲੀਆਂ ਸੀਟਾਂ ਲਈ ਐਲਾਨੇ ਗਏ ਪ੍ਰੋਗਰਾਮ ਅਨੁਸਾਰ 21 ਮਾਰਚ ਨੂੰ ਚੋਣ ਹੋਣੀ ਤੈਅ ਹੈ ।
ਕਾਂਗਰਸ ਹਾਈਕਮਾਨ ਨੇ ਪੰਜਾਬ ‘ਚੋਂ ਰਾਜ ਸਭਾ ਵਿਚ ਦੋ ਮੈਂਬਰ ਭੇਜੇ ਜਾਣ ਬਾਰੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਉੱਘੇ ਗਾਇਕ ਸ੍ਰੀ ਹੰਸ ਰਾਜ ਹੰਸ ਨੂੰ ਉਮੀਦਵਾਰ ਬਣਾਏ ਜਾਣ ਦਾ ਐਲਾਨ ਕੀਤਾ ਹੈ ।
ਪਾਰਟੀ ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਨ ਨੇ ਅੱਜ ਬਾਅਦ ਦੁਪਹਿਰ ਪ੍ਰਦੇਸ਼ ਕਾਂਗਰਸ ਵੱਲੋਂ ਭੇਜੇ ਨਾਵਾਂ ਦੀ ਸਿਫਾਰਸ਼ ਤੋਂ ਬਾਅਦ ਇਨ੍ਹਾਂ ਨਾਵਾਂ ਦਾ ਐਲਾਨ ਕੀਤਾ ਹੈ । ਵਰਨਣਯੋਗ ਹੈ ਕਿ ਸ੍ਰੀ ਹੰਸ ਹਾਲੇ ਕੁਝ ਦਿਨ ਪਹਿਲਾਂ ਹੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ ਵਿਚ ਸ਼ਾਮਿਲ ਹੋਏ ਸਨ ।
ਸ. ਸੁਖਦੇਵ ਸਿੰਘ ਢੀਂਡਸਾ ਤੇ ਸ੍ਰੀ ਨਰੇਸ਼ ਗੁਜਰਾਲ ਪਹਿਲਾਂ ਵੀ ਰਾਜ ਸਭਾ ‘ਚ ਬਾਦਲ ਦਲ ਦੇ ਨੁਮਾਇੰਦਿਆਂ ਵਜੋਂ ਮੈਂਬਰ ਹਨ ਅਤੇ ਬਾਦਲ ਦਲ ਵੱਲੋਂ ਉਨ੍ਹਾਂ ਨੂੰ ਹੀ ਦੁਬਾਰਾ ਰਾਜ ਸਭਾ ‘ਚ ਭੇਜਣ ਦਾ ਫੈਸਲਾ ਲਿਆ ਗਿਆ ਹੈ । ਜਦਕਿ ਭਾਜਪਾ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਜਾਣਾ ਬਾਕੀ ਹੈ ।