ਵਾਸ਼ਿੰਗਟਨ (5 ਫਰਵਰੀ,2015 ): ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨੇ ਬਹੁਚਰਚਿਤ ਅਮਰੀਕੀ ਸਮਾਗਮ ‘ਨੈਸ਼ਨਲ ਪ੍ਰੇਅਰ ਬ੍ਰੇਕਫਾਸਟ’ ਦੌਰਾਨ ਕਿਹਾ ਕਿ ਮਿਸ਼ੇਲ ਅਤੇ ਮੈਂ ਭਾਰਤ ਤੋਂ ਵਾਪਿਸ ਆਏ ਹਾਂ, ਭਾਰਤ ਬਹੁਤ ਹੀ ਸੁੰਦਰ ਅਤੇ ਬਹੁਤ ਹੀ ਭਿੰਨਤਾਵਾਂ ਭਰਿਆ ਦੇਸ਼ ਹੈ, ਪਰ ਪਿਛਲੇ ਕੁੱਝ ਸਾਲਾਂ ਦੌਰਾਨ ਇਕ ਧਰਮ ਦੇ ਲੋਕਾਂ ਵੱਲੋਂ ਦੂਸਰੇ ਧਰਮ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਨਾਲ ਭਾਰਤ ‘ਚ ਅਸਹਿਣਸ਼ੀਲਤਾ ਵਧੀ ਹੈ।

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਇਕ ਵਾਰ ਫਿਰ ਭਾਰਤ ਦੀ ਧਾਰਮਿਕ ਅਸਹਿਣਸ਼ੀਲਤਾ ‘ਤੇ ਕਰਾਰੀ ਚੋਟ ਕਰਦਿਆ ਕਿਹਾ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਭਾਰਤ ‘ਚ ਧਾਰਮਿਕ ਅਸਹਿਣਸ਼ੀਲਤਾ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਇਕ ਦਿਨ ਪਹਿਲਾਂ ਹੀ ਵਾੲ੍ਹੀਟ ਹਾਊਸ ਨੇ ਜ਼ੋਰਦਾਰ ਖੰਡਨ ਕੀਤਾ ਕਿ ਨਵੀਂ ਦਿੱਲੀ ‘ਚ ਓਬਾਮਾ ਵੱਲੋਂ ਦਿੱਤੇ ਭਾਸ਼ਣ, ਜਿਸ ‘ਚ ਉਨ੍ਹਾਂ ਧਾਰਮਿਕ ਸਹਿਣਸ਼ੀਲਤਾ ਦਾ ਜ਼ਿਕਰ ਕੀਤਾ ਸੀ, ਸੱਤਾਧਾਰੀ ਭਾਜਪਾ ‘ਤੇ ਇਕ ਤਰ੍ਹਾਂ ਨਾਲ ਨਿਸ਼ਾਨਾ ਸਾਧਿਆ ਸੀ।
ਅੱਜ ਅਮਰੀਕੀ ਰਾਸ਼ਟਰਪਤੀ ਜੋ ਹਾਲ ਹੀ ‘ਚ ਭਾਰਤ ਦੇ ਦੌਰੇ ਤੋਂ ਵਾਪਿਸ ਆਏ ਹਨ, ਨੇ ਭਾਰਤ ‘ਚ ਪਿਛਲੇ ਕੁੱਝ ਸਾਲਾਂ ਦੌਰਾਨ ਵੱਖ-ਵੱਖ ਧਰਮਾਂ ਦੇ ਲੋਕਾਂ ਵੱਲੋਂ ਇਕ ਦੂਸਰੇ ਨੂੰ ਨਿਸ਼ਾਨਾ ਬਣਾਏ ਜਾਣ ਅਤੇ ਵਾਪਰੀਆਂ ਹਿੰਸਕ ਕਾਰਵਾਈਆਂ ਦਾ ਹਵਾਲਾ ਦਿੱਤਾ। ਪਰ ਉਨ੍ਹਾਂ ਨੇ ਕਿਸੇ ਖਾਸ ਧਰਮ ਦਾ ਨਾਂਅ ਨਹੀਂ ਲਿਆ ਅਤੇ ਕਿਹਾ ਕਿ ਇਕ ਧਰਮ ਦੇ ਲੋਕਾਂ ਵੱਲੋਂ ਦੂਸਰੇ ਧਰਮ ਦੇ ਲੋਕਾਂ ਖਿਲਾਫ਼ ਹਿੰਸਕ ਕਾਰਵਾਈ ਸਹੀਂ ਨਹੀਂ ਹੈ।