ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਵਲੋਂ ਪ੍ਰੈਸ ਬਿਆਨ ਜਾਰੀ ਕਰਕੇ ਇਹ ਦੱਸਿਆ ਗਿਆ ਕਿ 10 ਨਵੰਬਰ 2016 ਨੂੰ ਤਲਵੰਡੀ ਸਾਬੋ ਵਿਖੇ ਹੋਣ ਜਾ ਰਹੇ ਖ਼ਾਲਸਾ ਪੰਥ ਦੀਆਂ ਪੰਥਕ ਜਥੇਬੰਦੀਆਂ, ਪੰਥ ਦਰਦੀਆਂ, ਸੰਤ-ਮਹਾਪੁਰਖਾਂ, ਸਿਆਸੀ, ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਸ਼ਖਸੀਅਤਾਂ ਵਲੋਂ ਸਾਂਝੇ ਤੌਰ ‘ਤੇ ਕੀਤੇ ਜਾ ਰਹੇ ਸਰਬੱਤ ਖ਼ਾਲਸਾ ਦਾ ਵਿਰੋਧ ਕਰਨ ਵਾਲੇ ਪੰਥਕ ਕਹਾਉਣ ਵਾਲੇ ਕੁਝ ਗਿਣਤੀ ਦੇ ਆਗੂਆਂ ਦੀ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਨਾਲ ਇਹ ਸਿਆਸੀ ਸੌਦੇਬਾਜ਼ੀ ਹੋ ਚੁਕੀ ਹੈ ਕਿ ਇਕ ਤਾਂ ਪੰਥਕ ਜਥੇਬੰਦੀਆਂ ਵਲੋਂ 10 ਨਵੰਬਰ 2016 ਨੂੰ ਰਖੇ ਗਏ ਸਰਬੱਤ ਖ਼ਾਲਸਾ ਦੀ ਤਰੀਕ ਨੂੰ ਚੋਣਾਂ ਤੱਕ ਅੱਗੇ ਪਵਾਇਆ ਜਾਵੇ ਤਾਂ ਕਿ ਪੰਜਾਬ ਦੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਯੂ.ਪੀ., ਦਿੱਲੀ ਅਤੇ ਬਿਹਾਰ ਦੇ ਉਹਨਾਂ ਬਾਬੂਆਂ ਜਿਨ੍ਹਾਂ ਦਾ ਪੰਜਾਬ ਸੂਬੇ ਅਤੇ ਸਿ¤ਖ ਕੌਮ ਨਾਲ ਨਾ ਕੋਈ ਸਰੋਕਾਰ ਹੈ ਅਤੇ ਨਾ ਹੀ ਉਹਨਾਂ ਨੂੰ ਇਸ ਦੀ ਸਮਝ, ਉਹਨਾਂ ਦਾ ਸਿਆਸੀ ਕਬਜ਼ਾ ਕਰਵਾਇਆ ਜਾ ਸਕੇ।

ਜੇਕਰ ਇਹ ਅਖੌਤੀ ਪੰਥਕ ਆਗੂ ਆਪਣੇ ਮੰਦਭਾਵਨਾ ਭਰੇ ਮਨਸੂਬੇ ਵਿਚ ਕਾਮਯਾਬ ਹੋ ਗਏ ਤਾਂ ਇਵਜ਼ਾਨੇ ਵਿਚ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਇਹਨਾਂ ਅਖੌਤੀ ਪੰਥਕ ਆਗੂਆਂ ਨੂੰ ਮਦਦ ਕਰਕੇ, ਸਿਖ ਕੌਮ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਕਬਜ਼ਾ ਕਰਵਾਏਗੀ। ਇਹ ਅਖੌਤੀ ਪੰਥਕ ਆਗੂ ਜਿਨ੍ਹਾਂ ਵਿਚ ਗੁਰਤੇਜ ਸਿੰਘ, ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ, ਗਿਆਨੀ ਜਗਤਾਰ ਸਿੰਘ ਜਾਚਕ, ਆਰ. ਪੀ. ਸਿੰਘ, ਹਰਪਾਲ ਸਿੰਘ ਚੀਮਾ, ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਗਿਆਨੀ ਕੇਵਲ ਸਿੰਘ, ਹਰਜਿੰਦਰ ਸਿੰਘ ਯੂ.ਐਸ.ਏ., ਕਰਨੈਲ ਸਿੰਘ ਪੀਰ ਮੁਹੰਮਦ, ਕਰਮਜੀਤ ਸਿੰਘ ਪੱਤਰਕਾਰ ਆਦਿ ਕੁਝ ਕੁ ਗਿਣਤੀ ਦੇ ਉਹ ਲੋਕ ਜੋ ਆਪਣੀਆਂ ਸਿਆਸੀ ਸੌਦੇਬਾਜ਼ੀਆਂ ਅਧੀਨ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਸਾਜ਼ਿਸਾਂ ਵਿਚ ਗਲਤਾਨ ਹੋ ਕੇ ਹੀ ਸਰਬੱਤ ਖ਼ਾਲਸਾ ਵਰਗੇ ਕੌਮੀ ਪ੍ਰੋਗਰਾਮ ਦੀ ਵਿਰੋਧਤਾ ਕਰ ਰਹੇ ਹਨ। ਜਿਸ ਤੋਂ ਪੰਜਾਬ, ਹਿੰਦ ਅਤੇ ਬਾਹਰਲੇ ਮੁਲਕਾਂ ਵਿਚ ਵਿਚਰ ਰਹੇ ਪੰਥ ਦਰਦੀਆਂ ਅਤੇ ਸਿੱਖ ਕੌਮ ਨੂੰ ਸੁਚੇਤ ਵੀ ਰਹਿਣਾ ਪਵੇਗਾ ਅਤੇ 10 ਨਵੰਬਰ 2016 ਨੂੰ ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ‘ਤੇ ਹੋਣ ਜਾ ਰਹੇ ਸਰਬੱਤ ਖ਼ਾਲਸਾ ਵਿਚ ਆਪੋ-ਆਪਣੇ ਪਰਿਵਾਰਾਂ, ਸਮਰਥਕਾਂ, ਇਲਾਕਾ ਨਿਵਾਸੀਆਂ ਨੂੰ ਲੈਕੇ ਪਹੁੰਚਣ ਦੇ ਫਰਜ਼ ਵੀ ਨਿਭਾਉਣੇ ਪੈਣਗੇ।
ਸੰਬੰਧਤ ਖ਼ਬਰਾਂ:
ਸਿਮਰਨਜੀਤ ਸਿੰਘ ਮਾਨ ਮੁਤਾਬਕ ਪੰਜਾਂ ਸਿੰਘਾਂ ਨੂੰ ਹਮਾਇਤ ਦੇਣ ਵਾਲਿਆਂ ਦਾ ‘ਆਪ’ ਨਾਲ ਹੋਇਆ ਸਮਝੌਤਾ …
ਪੰਜ ਸਿੰਘਾਂ ਨੇ 18 ਨੂੰ ਵਿਧੀ-ਵਿਧਾਨ ਘੜਨ ਲਈ ਇਕੱਤਰਤਾ ਬੁਲਾਈ; ਕਾਰਜਕਾਰੀ ਜਥੇਦਾਰਾਂ ਨੂੰ ਵੀ ਸੱਦਿਆ …