ਚੰਡੀਗੜ੍ਹ (25 ਜਨਵਰੀ, 2015): ਭਾਰਤ ਵਿੱਚ ਬਣ ਰਹੀਆਂ ਫਿਲਮਾਂ ਵਿੱਚ ਸਿੱਖ ਕਦਰਾਂ ਕੀਮਤਾਂ, ਸਿੱਖੀ ਰਹੁਰੀਤ ਅਤੇ ਸੱਭਿਆਚਾਰ, ਸਿੱਖ ਕਿਰਦਾਰ ਅਤੇ ਸਿੱਖ ਇਤਿਹਾਸ ਨਾਲ ਜੁੜੇ ਤੱਥਾਂ ਨੂੰ ਕਿਸੇ ਨਾ ਕਿਸੇ ਤਰਾਂ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਿਸ ਨਾਲ ਸਿੱਖ ਭਾਵਨਾਵਾਂ ਨੂੰ ਸੱਟ ਤਾਂ ਵੱਜਦੀ ਹੀ ਹੈ, ਨਾਲ ਹੀ ਵਿਵਾਦ ਵੀ ਖੜਾ ਹੋ ਜਾਂਦਾਹੈ।

ਇਸ ਵਿਵਾਦ ਤੋਂ ਬਚਣ ਲਈ ਅਤੇ ਸਿੱਖ ਅਕਸ਼ ਨੂੰ ਭਾਰਤੀ ਫਿਲਮਾਂ ਵਿੱਚ ਠੀਕ ਤਰੀਕੇ ਨਾਲ ਫਿਲਮਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕੇਂਦਰੀ ਮੰਤਰੀ ਅਰੁਣ ਜੇਤਲੀ ਤੋਂ ਭਾਰਤੀ ਫਿਲਮ ਸੈਸਰ ਬੋਰਡ ਵਿੱਚ ਸਿੱਖ ਮੈਂਬਰਾਂ ਨੂੰ ਨਿਯੁਕਤ ਕਰਨ ਦੀ ਮੰਗ ਕੀਤੀ ਹੈ। ਜਿਸ ‘ਤੇ ਨੇ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਸਿੱਖ ਭਾਈਚਾਰੇ ਦੇ ਘੱਟੋ-ਘੱਟ ਦੋ ਮੈਂਬਰ ਸੈਂਸਰ ਬੋਰਡ ਵਿੱਚ ਲਏ ਜਾਣਗੇ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ‘ਸੈਂਸਰ ਬੋਰਡ’ ਵੀ ਬਣਾਏਗੀ ਤਾਂ ਜੋ ਸਿੱਖ ਧਰਮ ਨਾਲ ਸਬੰਧਤ ਫਿਲਮਾਂ ਦੇ ਨਿਰਮਾਣ ਅਤੇ ਪੁਸਤਕਾਂ ਦੇ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਪੜਚੋਲ ਕੀਤੀ ਜਾ ਸਕੇ ਤਾਂ ਜੋ ਬੇਲੋੜੇ ਵਿਵਾਦਾਂ ਤੋਂ ਬਚਿਆ ਜਾ ਸਕੇ।

ਸ਼੍ਰੋਮਣੀ ਕਮੇਟੀ ਵੱਲੋਂ ਸੈਂਸਰ ਬੋਰਡ ਬਣਾਉਣ ਸਬੰਧੀ ਪਹਿਲਕਦਮੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਹੁਕਮਾ ਤੋਂ ਬਾਅਦ ਸ਼ੁਰੂ ਕੀਤੀ ਗਈ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇਥੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ, ‘‘ਅਸੀਂ ਸਿੱਖ ਇਤਿਹਾਸਕਾਰਾਂ ਅਤੇ ਬੁੱਧੀਜੀਵੀਆਂ ਉੱਤੇ ਆਧਾਰਤ ‘ਸਿੱਖ ਸੈਂਸਰ ਬੋਰਡ’ ਜਲਦੀ ਹੀ ਬਣਾਵਾਂਗੇ ਤਾਂ ਜੋ ਜੇ ਕੋਈ ਵਿਅਕਤੀ ਸਿੱਖ ਧਰਮ ਸਬੰਧੀ ਫਿਲਮ ਬਣਾਉਣੀ ਚਾਹੁੰਦਾ ਹੋਵੇ ਜਾਂ ਪੁਸਤਕ ਪ੍ਰਕਾਸ਼ਿਤ ਕਰਨੀ ਚਾਹੁੰਦੇ ਹੋਵੇ ਤਾਂ ਉਹ ਆਪਣੀ ਸਕਰਿਪਟ/ਖਰੜਾ ਪਹਿਲਾਂ ਸਿੱਖ ਸੈਂਸਰ ਬੋਰਡ ਤੋਂ ਪਾਸ ਕਰਵਾਏ ਤਾਂ ਜੋ ਬੇਲੋੜੇ ਵਿਵਾਦਾਂ ਤੋਂ ਬਚਿਆ ਜਾ ਸਕੇ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਪਹਿਲਕਦਮੀ ਡੇਰਾ ਸੱਚਾ ਸੌਦਾ ਮੁਖੀ ਦੀ ਫਿਲਮ ‘ਐਮਐਸਜੀ’ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਸ਼ੁਰੂ ਕੀਤੀ ਹੈ।

ਇਹ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜੈ ਦੇਵਗਨ ਦੀ ਸਨ ਆਫ ਸਰਦਾਰ ਤੇ ਅਕਸ਼ੈ ਕੁਮਾਰ ਦੀ ‘ਸਿੰਘ ਇੰਜ਼ ਕਿੰਗ’ ਵਰਗੀਆਂ ਫਿਲਮਾਂ ਜਿਨ੍ਹਾਂ ਵਿੱਚ ਅਭਿਨੇਤਾ ਨੇ ਪੱਗ ਬੰਨ੍ਹੀ ਹੈ ਅਤੇ ਹੋਰ ਅਜਿਹੀਆਂ ਫਿਲਮਾਂ ਨੂੰ ਲੈ ਕੇ ਕਿਸੇ ਨਾ ਕਿਸੇ ਪ੍ਰਕਾਰ ਦਾ ਵਿਵਾਦ ੳਪਜਦਾ ਰਿਹਾ ਹੈ ਤੇ ਪਿਛਲੇ ਦਿਨੀਂ ਆਈ ਐਨੀਮੇਸ਼ਨ ਫਿਲਮ ‘ਚਾਰ ਸਾਹਿਬਜ਼ਾਦੇ’ ਦੀ ਸਫਲਤਾ ਤੋਂ ਬਾਅਦ ਬਹੁਤ ਸਾਰੀਆਂ ਫਿਲਮਾਂ ਜੋ ਸਿੱਖ ਧਰਮ ਨਾਲ ਸਬੰਧਤ ਹਨ, ਉੱਤੇ ਕੰਮ ਸ਼ੁਰੂ ਹੋ ਚੁੱਕਾ ਹੈ।

ਇਸ ਸਬੰਧੀ ਆਪਣਾ ਪੱਖ ਰੱਖਦਿਆਂ ਕੁਝ ਪੰਜਾਬੀ ਫਿਲਮਕਾਰਾਂ, ਜਿਨ੍ਹਾਂ ਵਿੱਚ ਜੇ.ਐਸ. ਚੀਮਾ ਵੀ ਸ਼ਾਮਲ ਹੈ, ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਪੈਨਲ ਤਿਆਰ ਕਰੇ ਤੇ ਇਹ ਸੈਂਸਰ ਬੋਰਡ ਨਾਲ ਰਾਬਤਾ ਰੱਖੇ ਤੇ ਜਦੋਂ ਵੀ ਸਿੱਖ ਧਰਮ ਸਬੰਧੀ ਕੋਈ ਫਿਲਮ ਬਣੇ ਤਾਂ ਇਹ ਮਾਹਿਰ ਉਸ ਬਾਰੇ ਆਪਣੀ ਰਾਏ ਦੇਣ।

Comments

comments

Leave a Reply

Your email address will not be published. Required fields are marked *