ਮਾਸਕੋ (21 ਜੁਲਾਈ 2014): ਕਈ ਮਹੀਨਿਆਂ ਤੋਂ ਲਾਪਤਾ ਮਲੇਸ਼ੀਆਈ ਜਹਾਜ ਦੇ ਮਲਬੇ ਅਤੇ ਸਵਾਰ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਚੱਲ ਰਹੀ ਬਿਆਨਬਾਜ਼ੀ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮਲੇਸ਼ੀਆਈ ਜਹਾਜ਼ ਹਾਦਸੇ ਦੀ ਜਾਂਚ ਪੜਤਾਲ ਪੂਰੀ ਹੋਣ ਤੱਕ ਸਾਰੇ ਪੱਖਾਂ ਨੂੰ ਜਲਦਬਾਜ਼ੀ ‘ਚ ਨਤੀਜੇ ‘ਤੇ ਨਾ ਪਹੁੰਚਣ ਤੇ ਰਾਜਨੀਤਿਕ ਬਿਆਨਬਾਜ਼ੀ ਤੋਂ ਬਚਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਪਹਿਲਾਂ ਕਿਸੇ ਨਤੀਜ਼ੇ ‘ਤੇ ਪਹੁੰਚਣਾ ਕਾਹਲੀ ਵਾਲਾ ਕਦਮ ਹੋਵੇਗਾ ਅਤੇ ਸਾਨੂੰ ਸਾਰਿਆਂ ਨੂੰ ਜ਼ਿਮੇਵਾਰੀ ਅਤੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਕ੍ਰੇਮਲਿਨ ਪ੍ਰੈੱਸ ਸੇਵਾ ਵੱਲੋਂ ਜਾਰੀ ਬਿਆਨ ‘ਚ ਐਤਵਾਰ ਨੂੰ ਇਹ ਜਾਣਕਾਰੀ ਸਾਹਮਣੇ ਆਈ।
ਉਨ੍ਹਾਂ ਕਿਹਾ ਕਿ ਅਸੀ ਇਸ ਹਾਦਸੇ ਨਾਲ ਚੱਲ ਰਹੀ ਜਾਂਚ ਵਿੱਚ ਸਹਿਯੋਗ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਦੇ ਹਾਂ।ਖ਼ਬਰ ਏਜੰਸੀ ਸਿਨਹੂਆ ਅਨੁਸਾਰ ਬਿਆਨ ‘ਚ ਕਿਹਾ ਗਿਆ ਹੈ ਕਿ ਰੂਸ ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਈਜੇਸ਼ਨ ਦੀ ਜਾਂਚ ‘ਚ ਮਦਦ ਜਾਰੀ ਰੱਖੇਗਾ।
ਜਾਂਚ ਪੂਰੀ ਹੋਣ ਤੱਕ ਜਲਦਬਾਜ਼ੀ ‘ਚ ਨਤੀਜੇ ‘ਤੇ ਪਹੁੰਚਣ ਤੇ ਰਾਜਨੀਤਿਕ ਬਿਆਨਬਾਜ਼ੀ ਤੋਂ ਬੱਚਣਾ ਮਹੱਤਵਪੂਰਨ ਹੈ। ਪੁਤਿਨ ਨੇ ਯੂਕਰੇਨ ‘ਚ ਜਾਰੀ ਸੰਕਟ ਦੇ ਮੁੱਦੇ ‘ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨਾਲ ਐਤਵਾਰ ਦੀ ਰਾਤ ਚਰਚਾ ਕੀਤੀ। ਦੋਵਾਂ ਨੇਤਾਵਾਂ ਨੇ ਸਮੱਸਿਆ ਦੇ ਸ਼ਾਂਤੀਪੂਰਨ ਹੱਲ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਰੂਸ ਦੇ ਰਾਸ਼ਟਰਪਤੀ ਨੇ ਜਰਮਨੀ ਦੀ ਚਾਂਸਲਰ ਐਂਜਲਾਂ ਮਰਕਲ ਨਾਲ ਵੀ ਫੋਨ ‘ਤੇ ਗੱਲਬਾਤ ਕੀਤੀ ਜਿਸ ਦੌਰਾਨ ਦੋਵੇਂ ਨੇਤਾ ਇਸ ਗੱਲ ‘ਤੇ ਸਹਿਮਤ ਹੋਏ ਕਿ ਯੂਕਰੇਨ ਸੰਕਟ ‘ਚ ਸ਼ਾਮਿਲ ਸਾਰੇ ਪੱਖ ਜਹਾਜ਼ ਹਾਦਸੇ ਦੀ ਜਾਂਚ ਦਾ ਮਾਹੌਲ ਤਿਆਰ ਕਰਨ ਤੇ ਘਟਨਾ ਸਥਾਨ ‘ਤੇ ਮੌਜੂਦ ਮਾਹਿਰਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ‘ਚ ਮਦਦ ਕਰਨ।