ਜਲੰਧਰ: ਖਾਲਸਾ ਰਾਜ ਦੀ ਪ੍ਰਾਪਤੀ ਲਈ ਸਿੱਖ ਕੌਮ ਵੱਲੋਂ ਬੀਤੇ ਦਹਾਕਿਆਂ ਦੌਰਾਨ ਲੜੇ ਗਏ ਸੰਘਰਸ਼ ਵਿੱਚ ਸ਼ਹਾਦਤ ਪ੍ਰਾਪਤ ਕਰਨ ਵਾਲੀ ਗੁਰਸਿੱਖ ਜੋੜੀ ਸ਼ਹੀਦ ਭਾਈ ਰਮਿੰਦਰਜੀਤ ਸਿੰਘ ਟੈਣੀ ਬੱਬਰ ਅਤੇ ਸ਼ਹੀਦ ਬੀਬੀ ਮਨਜੀਤ ਕੌਰ ਬੱਬਰ ਦਾ ਸ਼ਹੀਦੀ ਦਿਹਾੜਾ ਬੀਤੇ ਸ਼ਨੀਵਾਰ ਜਲੰਧਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਮਨਾਇਆ ਗਿਆ। ਗੁਰਦੁਆਰਾ ਸਿੰਘ ਸਭਾ ਵਿਖੇ ਹੋਏ ਸ਼ਹੀਦੀ ਸਮਾਗਮ ਦੌਰਾਨ ਪਹੁੰਚੇ ਸਿੱਖ ਆਗੂਆਂ ਜਿਨ੍ਹਾਂ ਵਿੱਚ ਖਾਸ ਤੌਰ ਤੇ ਨੌਜਵਾਨ ਆਗੂ ਸ਼ਾਮਿਲ ਸਨ, ਉਨ੍ਹਾਂ ਨੇ ਆਜ਼ਾਦ ਖਾਲਸਾ ਰਾਜ ਖਾਲਿਸਤਾਨ ਦੀ ਪ੍ਰਾਪਤੀ ਨੂੰ ਸ਼ਹੀਦਾਂ ਦਾ ਮਕਸਦ ਦੱਸਦਿਆਂ ਇਸ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਦਰਸਾਈ।

ਇਸ ਦੌਰਾਨ ਸਿੱਖ ਯੂਥ ਆਫ ਪੰਜਾਬ ਦੇ ਮੁੱਖ ਸਲਾਹਕਾਰ ਭਾਈ ਪ੍ਰਭਜੋਤ ਸਿੰਘ ਨੇ ਕਿਹਾ ਕਿ ਭਾਈ ਟੈਣੀ ਤੇ ਬੀਬੀ ਦੀ ਸ਼ਹਾਦਤ ਇੱਕ ਵੱਡੀ ਸ਼ਹਾਦਤ ਹੈ ਜਿਸ ਦੀ ਅਹਿਮੀਅਤ ਨੂੰ ਅਸੀਂ ਤਾਂ ਹੀ ਸਮਝ ਸਕਦੇ ਹਾਂ ਜੇਕਰ ਅਸੀਂ ਇਸ ਸ਼ਹਾਦਤ ਨੂੰ ਲਹਿਰ ਦੀਆਂ ਪ੍ਰਾਪਤੀਆਂ ਦੇ ਪਰਿਪੇਖ ਵਿੱਚ ਰੱਖ ਕੇ ਵੇਖਣ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਇਸ ਲਹਿਰ ਨੇ 1849 ਵਿੱਚ ਸਿੱਖ ਰਾਜ ਦੇ ਖੁੱਸਣ ਤੋਂ ਬਾਅਦ ਜਿਹੜੀ ਸਿੱਖ ਪ੍ਰਭੂਸੱਤਾ ਦੀ ਗੱਲ ਸਿੱਖ ਮਨਾਂ ਵਿੱਚ ਫਿੱਕੀ ਪੈ ਗਈ ਸੀ, ਉਸ ਗੱਲ ਨੂੰ ਸਿੱਖ ਮਨਾਂ ਵਿੱਚ ਗੂੜਾ ਕੀਤਾ ਹੈ ਤੇ ਸਿੱਖ ਅਜਾਦ ਰਾਜ ਵਾਲੀ ਗੱਲ ਨੂੰ ਮੁੜ ਕੇਂਦਰ ਵਿੱਚ ਲੈ ਆਂਦਾ ਹੈ। ਜੋ ਕਿ ਇਤਿਹਾਸ ਵਿੱਚ ਇੱਕ ਵੱਡੀ ਤਬਦੀਲੀ ਹੈ ਤੇ ਇਹ ਤਬਦੀਲੀ ਲਿਆਉਣ ਵਿੱਚ ਇਨ੍ਹਾਂ ਦੀ ਸ਼ਹਾਦਤ ਨੇ ਆਪਣਾ ਅਹਿਮ ਯੋਗਦਾਨ ਪਾਇਆ ਹੈ।
ਇਸ ਮੌਕੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਜੁਝਾਰੂ ਲਹਿਰ ਦੀਆਂ ਵੱਡੀਆਂ ਪ੍ਰਾਪਤੀਆਂ ਹਨ ਤੇ ਉਨ੍ਹਾਂ ਪ੍ਰਾਪਤੀਆਂ ਨੂੰ ਨੋਜਵਾਨਾਂ ਵਿੱਚ ਲੈ ਕੇ ਜਾਣ ਦੀ ਲੋੜ ਹੈ ਤਾਂ ਕਿ ਇੱਕ ਮਜ਼ਬੂਤ ਲੋਕ ਲਹਿਰ ਖੜੀ ਕੀਤੀ ਜਾ ਸਕੇ।ਉਨ੍ਹਾਂ ਕਿਹਾ ਕਿ ਸਿੱਖ ਯੂਥ ਆਫ ਪੰਜਾਬ ਇਨ੍ਹਾਂ ਪ੍ਰਾਪਤੀਆਂ ਨੂੰ ਲੋਕਾਂ ਵਿੱਚ ਲੈ ਕੇ ਜਾਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ।ਇਸ ਮੌਕੇ ਸਿੱਖ ਯੂਥ ਆਫ ਪੰਜਾਬ ਵੱਲੋਂ ਸ਼ਹੀਦ ਭਾਈ ਰਮਿੰਦਰਜੀਤ ਸਿੰਘ ਟੈਣੀ ਦੇ ਭਰਾ ਅਤੇ ਭੈਣਜੀ ਦਾ ਸਨਮਾਨ ਕੀਤਾ ਗਿਆ।
ਇਸ ਸਮਾਗਮ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸਤਿੰਦਰਬੀਰ ਸਿੰਘ, ਭਾਈ ਦਿਲਬਾਗ ਸਿੰਘ ਅਤੇ ਭਾਈ ਜਰਨੈਲ ਸਿੰਘ ਦੇ ਜੱਥੇ ਨੇ ਧੁਰ ਕੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਪੰਥਕ ਸਫ਼ਾਂ ਚ ਲੰਮੇਂ ਸਮੇਂ ਤੋਂ ਵਿਚਰਨ ਵਾਲੇ ਕਵੀਸ਼ਰ ਭਾਈ ਜਸਵਿੰਦਰ ਸਿੰਘ ਸ਼ਾਂਤ ਦੇ ਜੱਥੇ ਨੇ ਜੋਸ਼ੀਲੀਆਂ ਵਾਰਾਂ ਰਾਹੀਂ ਸ਼ਹੀਦ ਭਾਈ ਰਾਮਿੰਦਰਜੀਤ ਸਿੰਘ ਟੈਣੀ ਦੇ ਇਤਿਹਾਸ ਤੇ ਚਾਨਣਾ ਪਾਇਆ।
ਇਸ ਮੌਕੇ ਭਾਈ ਤੇਜਿੰਦਰਪਾਲ ਸਿੰਘ ਹਾਈਜੈਕਰ ਦਲ ਖਾਲਸਾ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਸੀਨੀਅਰ ਮੀਤ ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਭਾਈ ਹਰਜਿੰਦਰ ਸਿੰਘ ਮੁੱਖ ਸੇਵਾਦਾਰ ਜੱਥਾ ਨੀਲੀਆਂ ਫੌਜਾਂ, ਭਾਈ ਪਰਮਿੰਦਰ ਸਿੰਘ ਅਮਲੋਹ ਸਿੱਖ ਰਿਲੀਫ ਆਦਿ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦੀ ਸਮਾਗਮ ਵਿੱਚ ਹਾਜਰੀ ਭਰੀ। ਇਸ ਮੌਕੇ ਸ਼ਹੀਦ ਭਾਈ ਰਮਿੰਦਰਜੀਤ ਸਿੰਘ ਟੈਣੀ ਦੇ ਭਰਾਤਾ ਭਾੲੀ ਕੰਵਲਚਰਨਜੀਤ ਸਿੰਘ ਹੈਪੀ ਨੇ ਵਿਸ਼ੇਸ਼ ਤੌਰ ਸ਼ਹੀਦੀ ਸਮਾਗਮ ਚ ਪਹੁੰਚੇ ਹੋਏ ਬੁਲਾਰਿਆਂ ਨੂੰ ਟੀ-ਸ਼ਰਟਾਂ, ਸਿਰੋਪੇ, ਸ਼ੀਲਡਾਂ ਨਾਲ ਸਨਮਾਨਿਤ ਵੀ ਕੀਤਾ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਵੀ ਕੀਤਾ। ਸਮਾਗਮ ਦੀ ਸਮਾਪਤੀ ਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਸੰਘਰਸ਼ ਨਾਲ ਸੰਬੰਧਿਤ ਸੀ.ਡੀਜ ਲਿਟਰੇਚਰ ਵੀ ਵੰਡਿਆ ਗਿਆ।