ਲਹਿਰਾਗਾਗਾ (3 ਜਨਵਰੀ, 2015); ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ 2017 ਸਬੰਧੀ ਚੋਣ ਮਨੋਰਥ ਪੱਤਰ ‘ਪੰਜਾਬ ਬੋਲਦਾ ਹੈ’ ਜਾਰੀ ਕਰੇਗੀ, ਜਿਸ ਵਿੱਚ ਉਹੀ ਵਾਅਦੇ ਕੀਤੇ ਜਾਣਗੇ, ਜਿਨ੍ਹਾਂ ਨੂੰ ਪਾਰਟੀ ਹਰ ਹਾਲ ਪੂਰਾ ਕਰਨ ਦੇ ਸਮਰੱਥ ਹੋਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਗਿਦੜਿਆਣੀ ਵਿੱਚ ਖੇਡ ਮੇਲੇ ’ਚ ਸ਼ਾਮਲ ਹੋਣ ਮਗਰੋਂ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਕੇ ਕੀਤਾ।

ਮਾਨ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਇਕੱਲਿਆਂ ਹੀ ਵਿਧਾਨ ਸਭਾ ਚੋਣਾਂ ਲੜੇਗੀ। ੳੁਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਬਾਦਲ ਦਲ ਤੇ ਕਾਂਗਰਸ ਤੋਂ ਵਿਸਵਾਸ਼ ਉਠ ਚੁੱਕਿਆ ਹੈ, ਜਿਸ ਕਰ ਕੇ ਲੋਕ ‘ਆਪ’ ਵੱਲ ਆਸ ਭਰੀਆਂ ਨਜ਼ਰਾਂ ਨਾਲ ਤੱਕ ਰਹੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੇ ਬਿਆਨ ਕਿ ‘ਆਪ’ ਵਾਲੇ ਅਕਾਲੀ ਦਲ ਦੀਆਂ ਕੁਰਬਾਨੀਆਂ ਦਾ ਕੀ ਮੁਕਾਬਲਾ ਕਰਨਗੇ, ਸਬੰਧੀ ਮਾਨ ਨੇ ਕਿਹਾ ਕਿ ਮੁਕਾਬਲਾ ‘ਆਪ’ ਨੇ ਨਹੀਂ ਲੋਕਾਂ ਨੇ ਕਰਨਾ ਹੈ, ਜਿਹੜੇ ਸਰਕਾਰ ਦੇ ਜ਼ੁਲਮਾਂ ਤੋਂ ਤੰਗ ਹਨ ਤੇ ਮੌਜੂਦਾ ਸਰਕਾਰ ਦਾ ਬਿਸਤਰਾ ਗੋਲ ਕਰਨ ਲਈ ਤਿਆਰ ਹਨ।
ਉਨ੍ਹਾਂ ਕਿਹਾ ਕਿ ਬਾਦਲ ਦਲ ਨੇ ਧਰਮ ਨੂੰ ਨਿੱਜੀ ਹਿੱਤਾਂ ਲਈ ਵਰਤਿਆ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਅਬੋਹਰ ਅਤੇ ਸੰਗਰੂਰ ਦੀ ਘਟਨਾਵਾਂ ਇਸ ਗੱਲ ਦਾ ਸਬੂਤ ਹਨ ਕਿ ਕਿਵੇਂ ਸਰਕਾਰ ਸ਼ਰਾਬ ਮਾਫੀਆਂ ਦੇ ਗੁਲਾਮ ਵਜੋਂ ਕੰਮ ਕਰ ਰਹੀ ਹੈ।
ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਲੋਕਾਂ ਦਾ ਵਿਸਵਾਸ਼ ਇਨ੍ਹਾਂ ਆਗੂਆਂ ਤੋਂ ਉੱਠ ਚੁੱਕਿਆ ਹੈ, ਜਿਸ ਕਰ ਕੇ ਇਹ ਹੱਥਾਂ ਵਿੱਚ ਗੁਟਕਾ ਲੈ ਕੇ ਸਹੁੰ ਖਾਣ ਲਈ ਮਜਬੂਰ ਹਨ।
ੳੁਨ੍ਹਾਂ ਨੇ ਪੰਜਾਬ ਦੀ ਲੀਹੋਂ ਲਹਿ ਚੁੱਕੀ ਖੇਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਮਾਸਟਰਾਂ ਵਾਂਗ ਖੇਤੀ ਮਾਹਰ ਨਿਯੁਕਤ ਕਰ ਕੇ ਖੇਤੀ ਨੂੰ ਲੀਹ ’ਤੇ ਲਿਆਂਦਾ ਜਾਵੇ। ਉਨ੍ਹਾਂ ਪੰਜ ਪਿਆਰਿਆਂ ਨੂੰ ਹਟਾਉਣ ਅਤੇ ਪਠਾਨਕੋਟ ਵਿੱਚ ਹੋਏ ਦਹਿਸ਼ਤੀ ਹਮਲੇ ਦੀ ਨਿਖੇਧੀ ਕੀਤੀ। ਮਾਨ ਨੇ ਕਿਹਾ ਕਿ ‘ਆਪ’ ਮਾਘੀ ਮੇਲੇ ’ਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਰੈਲੀ ਕਰ ਕੇ ਇਤਿਹਾਸ ਸਿਰਜੇਗੀ।