
ਅੰਮ੍ਰਿਤਸਰ (3 ਜਨਵਰੀ, 2016): ਸਿੱਖ ਕੌਮ ਦੇ ਮੌਜੂਦਾ ਅੰਦਰੂਨੀ ਸੰਕਟ ਦੇ ਹੱਲ ਲਈ ਇਕੱਤਰ ਹੋ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਲਈ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸਮੂਹ ਪੰਥਕ ਜਥੇਬੰਦੀਆਂ ਨੂੰ 10 ਜਨਵਰੀ ਨੂੰ ਦੁਪਹਿਰ 12 ਵਜੇ ਸ੍ਰੀ ਅਕਾਲ ਤਖ਼ਤ ਤੇ ਗੁਰੂ ਚਰਨਾਂ ਵਿਚ ਅਰਦਾਸ ਕਰਨ ਦੀ ਅਪੀਲ ਕੀਤੀ ਹੈ।
ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਵੀ ਪੰਥ ਦਰਦੀਆਂ ਦੇ ਨਾਂ ਖੁੱਲਾ ਪੱਤਰ ਲਿਖ ਕੇ ਪੰਥਕ ਸਰੋਕਾਰਾਂ ਲਈ ਸੇਵਾ ਨਿਭਾਉਣ ਵਾਸਤੇ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਇਸ ਵੇਲੇ ਸਿੱਖ ਸੰਸਥਾਵਾਂ ਵਿਚਾਲੇ ਬਣੀ ਆਪਸੀ ਖਿਚੋਤਾਣ ਵਾਲੀ ਸਥਿੱਤੀ ਕਾਰਨ ਪੰਥਕ ਸੰਕਟ ਕਾਫੀ ਗੰਭੀਰ ਰੁਪ ਅਖਤਿਆਰ ਕਰ ਗਿਆ ਹੈ। ਪੰਜ ਪਿਆਰੇ ਸੰਸਥਾ ਵੱਲੋਂ ਮੌਜੂਦਾ ਪੰਥਕ ਸੰਕਟ ਲਈ ਤਖ਼ਤਾਂ ਦੇ ਜਥੇਦਾਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਨੂੰ ਜਥੇਦਾਰਾਂ ਨੂੰ ਹਟਾਉਣ ਦਾ ਆਦੇਸ਼ ਦਿੱਤਾ। ਸ਼੍ਰੋਮਣੀ ਕਮੇਟੀ ਨੇ ਹੁਕਮ ਅਣਡਿੱਠਾ ਕਰ ਦਿੱਤਾ ਅਤੇ ਪੰਜ ਪਿਆਰਿਆਂ ਦੇ ਫੈਸਲੇ ਨੂੰ ਇਕ ਨਵਾਂ ਰੁਝਾਨ ਕਰਾਰ ਦਿੱਤਾ। ਸ਼੍ਰੋਮਣੀ ਕਮੇਟੀ ਵੱਲੋਂ ਪਿਆਰਿਆਂ ਨੂੰ ਬਰਤਰਫ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪਿਆਰਿਆਂ ਨੇ ਤਖ਼ਤਾਂ ਦੇ ਜਥੇਦਾਰਾਂ ਦੇ ਸਮਾਜਿਕ ਬਾਈਕਾਟ ਦਾ ਸੱਦਾ ਦਿੱਤਾ ਹੈ ਅਤੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੂੰ ਵੀ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ।
ਇਸ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਵੱਲੋਂ ਸਰਬੱਤ ਖਾਲਸਾ ਸੱਦ ਕੇ ਜਥੇਦਾਰਾਂ ਨੂੰ ਹਟਾਉਣ ਅਤੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਜਾ ਚੁੱਕਾ ਹੈ। ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਸਖਤ ਕਾਰਵਾਈ ਕਰਦਿਆਂ ਸਰਬੱਤ ਖਾਲਸਾ ਸੱਦਣ ਵਾਲਿਆਂ ਨੂੰ ਦੇਸ਼ ਧਰੋਹ ਮਾਮਲੇ ਵਿਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।
ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਆਖਿਆ ਕਿ ਇਹ ਮੌਕਾ ਸਿਰ ਜੋੜ ਕੇ ਵਿਚਾਰ ਕਰਨ ਦਾ ਹੈ ਤਾਂ ਜੋ ਮੌਜੂਦਾ ਪੰਥਕ ਸੰਕਟ ਦੇ ਹੱਲ ਲਈ ਸਮੂਹਿਕ ਯਤਨ ਕੀਤੇ ਜਾ ਸਕਣ। ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ, ਬੰਦੀ ਸਿੱਖਾਂ ਦੀ ਰਿਹਾਈ ਅਤੇ ਪੰਥਕ ਸੰਸਥਾਵਾ ਵਿਚ ਪੈਦਾ ਹੋਏ ਟਕਰਾਅ ਦੇ ਕਾਰਨ ਹਰ ਸਿੱਖ ਚਿੰਤਤ ਹੈ।