ਨਵੀਂ ਦਿੱਲੀ: ਦਿੱਲੀ ਦੇ ਇੰਟਰਨੈਸ਼ਨਲ ਇਸਲਾਮਿਕ ਕਲਚਰਲ ਸੈਂਟਰ ਵਿਖੇ ਲੰਘੀ 23 ਫਰਵਰੀ ਦਿਨ ਐਤਵਾਰ ਨੂੰ ਸਿੱਖ ਅਤੇ ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਦੀ ਇੱਕ ਸਾਂਝੀ ਵਿਚਾਰ-ਗੋਸ਼ਟੀ (ਕਨਵੈਨਸ਼ਨ) ਹੋਈ ਜਿਸ ਵਿੱਚ ਮੌਜੂਦਾ ਹਾਲਾਤ ਵਿੱਚ ਮੁਸਲਿਮ ਅਤੇ ਸਿੱਖ ਭਾਈਚਾਰਿਆਂ ਵੱਲੋਂ ਆਪਸ ਵਿੱਚ ਨੇੜਤਾ ਵਧਾਉਣ ਬਾਰੇ ਵਿਚਾਰਾਂ ਹੋਈਆਂ।

‘ਕੰਬਈਨਡ ਮੂਵਮੈਂਟ ਫਾਰ ਕੌਂਸਟੀਟਿਊਸ਼ਨਲ ਰਾਈਟਸ ਆਫ ਮਇਨੌਰਿਟੀਜ਼’ (ਘੱਟਗਿਣਤੀਆਂ ਦੇ ਸੰਵਿਧਾਨਿਕ ਹੱਕਾਂ ਲਈ ਸਾਂਝੀ ਮੁਹਿੰਮ) ਨਾਮੀ ਸੰਸਥਾ ਵੱਲੋਂ ‘ਮਲੇਰਕੋਟਲੇ ਦੀ ਭਾਈਚਾਰਕ ਸਾਂਝ ਦੀ ਵਿਰਾਸਤ’ ਵਿਸ਼ੇ ਉੱਤੇ ਕਰਵਾਈ ਗਈ ਇਸ ਵਿਚਾਰ-ਚਰਚਾ ਵਿਚ ਮੁਸਲਿਮ ਅਤੇ ਸਿੱਖ ਭਾਈਚਾਰਿਆਂ ਦੇ ਨੁਮਾਇੰਦਿਆਂ ਵੱਲੋਂ ਸ਼ਿਰਕਤ ਕੀਤੀ ਗਈ।
ਸਮਾਗਮ ਦੇ ਸ਼ੁਰੂ ਵਿਚ ਸਭਨਾ ਨੂੰ ਜੀ ਆਇਆਂ ਨੂੰ ਕਹਿੰਦਿਆਂ ਐਡਵੋਕੇਟ ਸ਼ਰਫੂਦੀਨ ਅਹਮਦ ਨੇ ਕਿਹਾ ਕਿ ਇਸ ਬੈਠਕ ਦਾ ਮਕਸਦ ਸਿੱਖ ਅਤੇ ਮੁਸਲਿਮ ਭਾਈਚਾਰਿਆਂ ਵਿਚ ਆਪਸੀ ਸਾਂਝ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਅਤੇ ਮੌਜੂਦਾ ਹਾਲਾਤ ਵਿਚ ਸਾਂਝੀਆਂ ਚੁਣੌਤੀਆਂ ਦਾ ਸਾਹਮਣਾ ਮਿਲਜੁਲ ਕੇ ਕਰਨ ਲਈ ਤਾਲਮੇਲ ਪੈਦਾ ਕਰਨਾ ਹੈ।
ਵਿਚਾਰ-ਚਰਚਾ ਦੀ ਸ਼ੁਰੂਆਤ ਕਰਦੀਆਂ ਡਾ. ਨਸੀਰ ਅਖਤਰ (ਮਲੇਰਕੋਟਲਾ) ਵੱਲੋਂ ਗੁਰਮਤਿ ਅਤੇ ਇਸਲਾਮ ਵਿਚ ਬੁਨਿਆਦੀ ਸਾਂਝਾਂ ਜਿਵੇਂ ਕਿ ਇਕ ਅਕਾਲ ਪੁਰਖ ਉੱਤੇ ਯਕੀਨ ਦਾ ਜ਼ਿਕਰ ਕੀਤਾ ਗਿਆ। ਉਹਨਾ ਕੁਰਾਨ ਸ਼ਰੀਫ ਅਤੇ ਗੁਰਬਾਣੀ ਵਿਚੋਂ ਹਵਾਲੇ ਦੇ ਕੇ ਇਹ ਦਰਸਾਇਆ ਕਿ ਗੁਰਮਤਿ ਅਤੇ ਇਸਲਾਮ ਵਿਚ ਬੁਨਿਆਦੀ ਸਾਂਝ ਹੈ ਤੇ ਅੱਜ ਦੇ ਸਮੇਂ ਸਾਨੂੰ ਇਸ ਸਾਂਝ ਨੂੰ ਅੱਗੇ ਵਧਾਉਣਾ ਚਾਹੀਦਾ ਹੈ।

ਸਮਾਗਮ ਦੇ ਮੁੱਖ ਬੁਲਾਰੇ ਅਤੇ ਪੰਥਕ ਤਾਲਮੇਲ ਸੰਗਠਨ ਦੇ ਸਰਪ੍ਰਸਤ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਗੁਰਬਾਣੀ ਵਿੱਚ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਗਿਆ ਹੈ ਅਤੇ ਇਸ ਵੇਲੇ ਸਿੱਖਾਂ ਨੂੰ ਮੁਸਲਮਾਨਾਂ ਸਮੇਤ ਹੋਰਨਾਂ ਭਾਈਚਾਰਿਆਂ ਦੇ ਨਾਲ ਮਿਲ ਕੇ ਸਾਂਝਾ ਕਾਫਿਲਾ ਬਣਾਉਣ ਦੀ ਲੋੜ ਹੈ। ਉਹਨਾਂ ਸਿੱਖ ਮੁਸਲਿਮ ਸਾਂਝ ਦੇ ਉਪਰਾਲੇ ਨੂੰ ਸਲਾਹਿਆ ਅਤੇ ਕਿਹਾ ਕਿ ਇਸ ਵਾਸਤੇ ਸਾਨੂੰ ਆਪਣਾ ਸਾਂਝਾ ਕਲਾਵਾ ਵੱਡਾ ਕਰਕੇ ਤੁਰਨਾ ਚਾਹੀਦਾ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਇਸ ਵੇਲੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਆਪਸੀ ਸਾਂਝ ਅਤੇ ਏਕਤਾ ਵਧਾਉਣ ਦੀ ਲੋੜ ਹੈ ਕਿਉਂਕਿ ਮੌਜੂਦਾ ਹਕੂਮਤ ਦੋਵਾਂ ਉੱਪਰ ਹੀ ਹਮਲਾਵਰ ਹੋ ਰਹੀ ਹੈ।

ਬੀਬੀ ਭੁਪਿੰਦਰ ਕੌਰ ਨੇ ਸਮਾਗਮ ਵਿੱਚ ਹਾਜ਼ਰ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਏਕਤਾ ਹੀ ਤਾਕਤ ਹੈ ਅਤੇ ਇਸ ਤਾਕਤ ਨੂੰ ਹੋਰ ਵਧੇਰੇ ਮਜਬੂਤ ਕਰਨ ਦੀ ਲੋੜ ਹੈ।
ਇੰਡੀਅਨ ਹਾਕੀ ਟੀਮ ਦੇ ਸਾਬਕਾ ਖਿਡਾਰੀ ਅਸਲਮ ਸ਼ੇਰ ਖਾਨ ਨੇ ਕਿਹਾ ਕਿ ਉਹਨਾਂ ਨੇ ਆਪਣੇ ਜੀਵਨ ਵਿੱਚ “ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ” ਦੇ ਜੈਕਾਰੇ ਦੀ ਤਾਕਤ ਵੇਖੀ ਹੈ। ਉਹਨਾਂ ਕਿਹਾ ਕਿ ਜਦੋਂ ਟੀਮ ਵੱਲੋਂ ਮੈਦਾਨ ਵਿੱਚ ਬੋਲੇ ਸੋ ਨਿਹਾਲ ਦਾ ਜੈਕਾਰਾ ਗਜਾਇਆ ਜਾਂਦਾ ਸੀ ਤਾਂ ਉਸ ਵੇਲੇ ਦਾ ਜਜ਼ਬਾ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ। ਆਪਣੇ ਖਿਡਾਰੀ ਜੀਵਨ ਦੀ ਯਾਦ ਸਾਂਝੀ ਕਰਦਿਆਂ ਅਸਲਮ ਸ਼ੇਰ ਖਾਨ ਨੇ ਕਿਹਾ ਕਿ ਜਦੋਂ ਟੀਮ ਬੱਸ ਵਿਚ ਇਕ ਤੋਂ ਦੂਜੀ ਥਾਂ ਮੈਚ ਖੇਡਣ ਲਈ ਜਾਂਦੀ ਸੀ ਤਾਂ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਲਾਉਣ ਦੀ ਜਿੰਮੇਵਾਰ ਉਸ ਦੀ ਹੁੰਦੀ ਸੀ ਤੇ ‘ਨਾਰਾ-ਏ-ਤਦਬੀਰ’ ਦਾ ਨਾਅਰਾ ਸੁਰਜੀਤ ਸਿੰਘ (ਹਾਕੀ ਖਿਡਾਰੀ) ਵੱਲੋਂ ਲਗਾਇਆ ਜਾਂਦਾ ਸੀ। ਉਹਨਾ ਕਿਹਾ ਕਿ ਜਦੋਂ ਇਹ ਦੋ ਨਾਅਰੇ ਮਿਲ ਜਾਣ ਤਾਂ ਇਹਨਾ ਦੀ ਤਾਕਤ ਨੂੰ ਕੋਈ ਨਹੀਂ ਹਰਾ ਸਕਦਾ।

ਉਹਨਾਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਮੁਸਲਮਾਨ ਆਪਣੀ ਸੇਧ ਅਤੇ ਦਿਸ਼ਾ ਨਹੀਂ ਨਿਰਧਾਰਿਤ ਕਰ ਪਾ ਰਹੇ। ਇਸ ਵੇਲੇ ਟੀਮ ਸਪਿਰਿਟ ਅਪਣਾਉਣ ਦੀ ਜਰੂਰਤ ਹੈ ਤੇ ਪੂਰੇ ਯਕੀਨ ਨਾਲ ਆਪਣੇ ਅਕੀਦੇ ਵੱਲ ਵਧਣਾ ਚਾਹੀਦਾ ਹੈ ਤੇ ਇਰਾਦੇ ਮਜਬੂਤ ਰੱਖਣੇ ਚਾਹੀਦੇ।
ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਕਿਹਾ ਕਿ ਸਾਨੂੰ ਇਸ ਵਕਤ ਦਿੱਲੀ ਤਖਤ ਦੀ ਤਾਸੀਰ ਨੂੰ ਪਛਾਣ ਕੇ ਹੀ ਪੇਸ਼ਬੰਦੀ ਕਰਨ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਬਰਤਾਨਵੀ ਬਸਤੀਵਾਦ ਤੋਂ ਵਿਰਾਸਤ ਵਿਚ ਮਿਲਿਆ ਸਾਮਰਾਜਵਾਦੀ ਢਾਂਚਾ, ਨੈਸ਼ਨਲਿਜ਼ਮ ਅਤੇ ਨੇਸ਼ਨ ਸਟੇਟ ਬਿਲਡਿੰਗ, ਬਿਪਰਵਾਦ ਅਤੇ ਪੂੰਜੀਵਾਦੀ ਲੁੱਟੂ ਨਿਜ਼ਾਮ (ਕੋਰਨੀ ਕੈਪੀਟਲਇਜ਼ਮ)- ਉਹ ਚਾਰ ਤੱਤ ਹਨ ਜਿਹੜੇ ਇੰਡੀਅਨ ਨਿਜ਼ਾਮ ਦੀ ਤਸੀਰ ਨੂੰ ਬਿਆਨ ਕਰਦੇ ਹਨ। ਅਜਿਹੇ ਢਾਂਚੇ ਦੇ ਟਾਕਰੇ ਲਈ ਸਹਿਯੋਗੀਆਂ ਦੀ ਪਹਿਚਾਣ ਕਰਨ ਦੀ ਜਰੂਰੀ ਹੈ।

ਸ. ਪਰਮਜੀਤ ਸਿੰਘ ਗਾਜ਼ੀ ਨੇ ਕਿਹਾ ਕਿ ਜਿਹੜੇ ਲੋਕ ‘ਇੰਡੀਅਨ ਨੈਸ਼ਨਲਿਜ਼ਮ ਅਤੇ ਨੇਸ਼ਨ ਸਟੇਟ ਬਿਲਡਿੰਗ’ ਦੇ ਅਮਲ ਤਹਿਤ ਆਪਣੀਆਂ ਮੌਲਿਕ ਤੇ ਵਿਲੱਖਣ ਪਛਾਣਾਂ ਨੂੰ ਮੇਟੇ ਜਾਣ ਵਿਰੁੱਧ ਸੰਘਰਸ਼ ਕਰ ਰਹੇ ਹਨ, ਜਿਹੜੇ ਲੋਕ ਇਸ ਖਿੱਤੇ ਵਿੱਚ ਸੱਤਾ ਦੇ ਕੇਂਦਰੀਕਰਨ ਵਿਰੁੱਧ ਸੰਘਰਸ਼ ਕਰ ਰਹੇ ਹਨ, ਜਿਹੜੇ ਲੋਕ ਬਿਪਰਵਾਦ ਦੇ ਊਚ ਨੀਚ ਵਾਲੇ ਢਾਂਚੇ ਤੋਂ ਪੀੜਤ ਹਨ ਅਤੇ ਇਸ ਵਿਰੁੱਧ ਸੰਘਰਸ਼ ਕਰ ਰਹੇ ਹਨ, ਅਤੇ ਜਿਹੜੇ ਲੋਕ ਆਰਥਿਕ ਲੁੱਟ ਵਾਲੇ ਨਿਜ਼ਾਮ ਤੋਂ ਪੀੜਤ ਹਨ ਜਾਂ ਇਸ ਵਿਰੁੱਧ ਸੰਘਰਸ਼ ਕਰ ਰਹੇ ਹਨ, ਉਹ ਸਾਰੇ ਸਾਡੇ ਸੰਭਾਵੀ ਸਹਿਯੋਗੀ ਹਨ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਦਿੱਲੀ ਵਿੱਚ ਰਹਿੰਦਿਆਂ ਉਹਨਾਂ ਇਹ ਮਹਿਸੂਸ ਕੀਤਾ ਹੈ ਕਿ ਸਰਕਾਰੀ ਸਿੱਖਿਆ ਵਿੱਚ ਆਪਣੀ ਭਾਸ਼ਾ ਨੂੰ ਬਚਾਉਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਅਸੀਂ ਦਿੱਲੀ ਦੇ ਸਕੂਲਾਂ ਵਿੱਚ ਪੰਜਾਬੀ ਅਤੇ ਉਰਦੂ ਦੀ ਲੜਾਈ ਦਿੱਲੀ ਕਮੇਟੀ ਵੱਲੋਂ ਲੜੀ ਹੈ। ਬੀਬੀ ਰਣਜੀਤ ਕੌਰ ਨੇ ਮੁਸਲਮਾਨ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਆਓ ਦਿੱਲੀ ਸਰਕਾਰ ਦੇ ਸਕੂਲਾਂ ਵਿੱਚ ਪੰਜਾਬੀ ਅਤੇ ਉਰਦੂ ਦੀ ਲੜਾਈ ਇਕੱਠੀ ਹੋ ਕੇ ਲੜੀਏ।

ਉੱਤਰੀ ਕਸ਼ਮੀਰ ਤੋਂ ਖਾਸ ਤੌਰ ਤੇ ਇਸ ਕਨਵੈਂਸ਼ਨ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਮੀਰ ਵਾਈਜ ਪੈਰੀ ਹਸਨ ਫਿਰਦੌਸੀ ਨੇ ਸਿੱਖ ਅਤੇ ਮੁਸਲਿਮ ਭਾਈਚਾਰਿਆਂ ਨੂੰ ਆਪਣੇ ਹਿੱਤਾਂ ਵਾਸਤੇ ਇਕੱਠੇ ਹੋਣ ਦਾ ਸੱਦਾ ਦਿੱਤਾ।

ਇਸ ਸਮਾਗਮ ਵਿਚ ਸ. ਪਰਮਪਾਲ ਸਿੰਘ ਸਭਰਾ ਨੇ ਸਿੱਖਾਂ ਅਤੇ ਮੁਸਲਮਾਨਾਂ ਦੀ ਸਾਂਝ ਬਾਰੇ ਇਤਿਹਾਸ ਵਿਚੋਂ ਮਿਸਾਲਾਂ ਸਾਂਝੀਆਂ ਕੀਤੀਆਂ ਅਤੇ ਮੁਸਲਮਾਨ ਭਾਈਚਾਰੇ ਨਾਲ ਤਾਲਮੇਲ ਬਾਰੇ ਆਪਣਾ ਦਸ ਸਾਲ ਦਾ ਤਜਰਬਾ ਬਿਆਨ ਕੀਤਾ। ਉਹਨਾਂ ਦੋਵਾਂ ਭਾਈਚਾਰਿਆਂ ਨੂੰ ਆਪਣੀ ਸਾਂਝ ਮਜਬੂਤ ਕਰਨ ਦਾ ਸੱਦਾ ਦਿੱਤਾ।

ਸਾਬਕਾ ਪੁਲਿਸ ਅਧਿਕਾਰੀ ਐਮ. ਡਬਲਯੂ. ਅਨਸਾਰੀ ਨੇ ਨਵੇਂ ਬਣ ਰਹੇ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਇਹ ਕਾਰਵਾਈਆਂ ਦੱਸਦੀਆਂ ਹਨ ਕਿ ਇਸ ਵੇਲੇ ਘੱਟ ਗਿਣਤੀਆਂ ਹਕੂਮਤ ਦੇ ਸਿੱਧੇ ਨਿਸ਼ਾਨੇ ਉੱਤੇ ਹਨ। ਉਹਨਾ ਕਿਹਾ ਕਿ ਆਰ.ਐਸ.ਐਸ. ਅਤੇ ਇੰਡੀਆ ਸਰਕਾਰ ਦੀਆਂ ਏਜੰਸੀਆਂ ਵੱਲੋਂ ਵੱਖ ਵੱਖ ਭਾਈਚਾਰਿਆਂ ਵਿੱਚ ਵਖਰੇਵਿਆਂ ਵਾਲੀਆਂ ਗੱਲਾਂ ਵਧਾਉਣ ਉੱਪਰ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਸਿੱਖਾਂ ਅਤੇ ਮੁਸਲਮਾਨਾਂ ਨੂੰ ਸੱਭਿਆਚਾਰਕ ਅਤੇ ਅਕਾਦਮਿਕ ਪੱਧਰ ਉੱਪਰ ਸਾਂਝੇ ਉੱਦਮ ਸ਼ੁਰੂ ਕਰਨੇ ਚਾਹੀਦੇ ਹਨ।
ਮਲੇਰਕੋਟਲਾ ਘਰਾਣੇ ਤੋਂ ਆਏ ਨਵਾਬ ਨਦੀਮ ਅਨਵਰ ਨੇ ਵੀ ਸਿੱਖ-ਮੁਸਲਿਮ ਸਾਂਝ ਨੂੰ ਅੱਗੇ ਵਧਾਉਣ ਉੱਤੇ ਜੋਰ ਦਿੱਤਾ।

ਇਸ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਕਰਨਲ (ਰਿਟਾਇਰਡ) ਗੁਰਜੀਤ ਸਿੰਘ ਘੁੰਮਣ, ਡਾ. ਗੁਰਿੰਦਰ ਪਾਲ ਸਿੰਘ ਬਰਾੜ ਅਤੇ ਐਡਵੋਕੇਟ ਨਈਮ ਖਾਨ (ਜਲੰਧਰ) ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ।

ਵਿਚਾਰ-ਚਰਚਾ ਦੇ ਅਖੀਰ ਵਿਚ ਮੌਲਾਨਾ ਓਬੈਦ ਉੱਲ੍ਹਾ ਖਾਨ ਆਜ਼ਮੀ ਵੱਲੋਂ ਪ੍ਰਧਾਨਗੀ ਸੰਬੋਧਨ ਇਸ ਉਪਰਾਲੇ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਉਹਨਾ ਨੂੰ ਇਹ ਯਤਨ ਅਗਾਂਹ ਜਾਰੀ ਰੱਖਣ ਵਾਸਤੇ ਕਿਹਾ।
ਇਸ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜਿੰਮੇਵਾਰੀ ਐਡਵੋਕੇਟ ਸ਼ਰਫੂਦੀਨ ਅਹਮਦ ਅਤੇ ਇਸ ਸਮਾਗਮ ਦੇ ਸਹਤਾਲ ਮੇਲ ਕਰਤਾ ਮਨੋਜ ਸਿੰਘ ਦੋਹਨ ਵੱਲੋਂ ਸਾਂਝੇ ਤੌਰ ਉੱਪਰ ਨਿਭਾਈ ਗਈ।